ਇੱਥੇ ਬੀ ਬੀ ਐੱਮ ਬੀ ਪ੍ਰਸ਼ਾਸਨ ਵੱਲੋਂ ਲੰਮੇ ਸਮੇਂ ਤੋਂ ਡੇਲੀ ਵੇਜ਼ 'ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਹਟਾਉਣ ਤੋਂ ਭੜਕੇ ਕਰਮਚਾਰੀਆਂ ਨੇ ਰੋਸ ਮੁਜ਼ਾਹਰਾ ਕੀਤਾ। ਡੇਲੀ ਵੇਜ ਮੁਲਾਜ਼ਮਾਂ ਨੇ ਡੈਮ 'ਤੇ ਜਾਣ ਵਾਲੀਆਂ ਬੱਸਾਂ ਦਾ ਘਿਰਾਓ ਕੀਤਾ। ਇਸ ਮੌਕੇ ਡੇਲੀ ਵੇਜ ਤੇ ਪਾਰਟ ਟਾਈਮ ਯੂਨੀਅਨ ਦੇ ਪ੍ਰਧਾਨ ਪਰਵੇਸ਼ ਕੁਮਾਰ ਅਤੇ ਸਕੱਤਰ ਰਣਜੀਤ ਸਿੰਘ ਨੇ ਦੱਸਿਆ ਕਿ ਬੀ ਬੀ ਐੱਮ ਬੀ ਪ੍ਰਸ਼ਾਸਨ ਵੱਲੋਂ ਡੇਲੀ ਵੇਜ ਕਰਮਚਾਰੀਆਂ ਦੇ 7144 ਕੰਮ ਦੇ ਦਿਨ ਤੈਅ ਕੀਤੇ ਗਏ ਹਨ, ਪਰ ਸਥਾਨਕ ਅਧਿਕਾਰੀਆਂ ਨੇ ਸਿਰਫ਼ 744 ਦਿਨ ਕੰਮ ਕਰਵਾ ਕੇ ਡੇਲੀ ਵੇਜ ਕਾਮਿਆਂ ਨੂੰ ਘਰ ਭੇਜ ਦਿੱਤਾ ਹੈ।
ਉਹ ਪਿਛਲੇ ਕਰੀਬ 25 ਸਾਲਾਂ ਤੋਂ ਵਿਭਾਗ 'ਚ ਡੇਲੀ ਵੇਜ 'ਤੇ ਕੰਮ ਕਰ ਰਹੇ ਹਨ, ਪ੍ਰਸ਼ਾਸਨ ਨੇ ਉਨ੍ਹਾਂ ਦੀਆਂ ਸੇਵਾਵਾਂ ਨਿਯਮਿਤ ਕਰਨ ਦੀ ਬਜਾਇ ਸਗੋਂ ਅਸਥਾਈ ਮਿਲਦੇ ਰੁਜ਼ਗਾਰ 'ਤੇ ਕੱਟ ਲਾ ਦਿੱਤਾ ਹੈ ਜਿਸ ਤੋਂ ਖ਼ਫ਼ਾ ਕਾਮਿਆਂ ਨੇ ਡੈਮ 'ਤੇ ਜਾਣ ਵਾਲੀਆਂ ਮੁਲਾਜ਼ਮ ਬੱਸਾਂ ਰੋਕ ਕੇ ਰੋਸ ਪ੍ਰਗਟਾਇਆ ਹੈ। ਡੇਲੀ ਵੇਜ ਕਾਮਿਆਂ ਦੀਆਂ ਮੰਗਾਂ ਦਾ ਬੀ ਬੀ ਐੱਮ ਬੀ ਦੀ ਏਟਕ ਤੇ ਐਫੀ ਯੂਨੀਅਨ ਦੇ ਪ੍ਰਧਾਨ ਅਸ਼ੋਕ ਕੁਮਾਰ ਅਤੇ ਸਕੱਤਰ ਸ਼ਿਵ ਕੁਮਾਰ ਨੇ ਵੀ ਸਮਰਥਨ ਕੀਤਾ ਹੈ। ਮੌਕੇ 'ਤੇ ਪਹੁੰਚੇ ਚੀਫ਼ ਇੰਜਨੀਅਰ ਬਿਆਸ ਡੈਮ ਰਾਕੇਸ਼ ਗੁਪਤਾ ਨੇ ਭੜਕੇ ਕਾਮਿਆਂ ਨੂੰ ਸ਼ਾਂਤ ਕੀਤਾ। ਉਨ੍ਹਾਂ ਅੱਜ ਹੀ ਕੇਸ ਚੰਡੀਗੜ੍ਹ ਸਥਿਤ ਬੋਰਡ ਦਫ਼ਤਰ ਨੂੰ ਬਣਾ ਕੇ ਭੇਜਣ ਦਾ ਭਰੋਸਾ ਦਿੱਤਾ। ਚੀਫ਼ ਇੰਜਨੀਅਰ ਦੇ ਭਰੋਸੇ ਮਗਰੋਂ ਡੇਲੀ ਵੇਜ਼ ਕਾਮਿਆਂ ਨੇ ਧਰਨਾ ਚੁੱਕ ਲਿਆ।
