ਡਾ. ਨਰਿੰਦਰ ਦਾਭੋਲਕਰ ਦੀ ਯਾਦ ਵਿੱਚ ਸਥਾਨਕ ਤਰਕਸ਼ੀਲ ਭਵਨ ਵਿੱਚ ਚੱਲ ਰਿਹਾ ਤਿੰਨ ਰੋਜ਼ਾ ਪੁਸਤਕ ਮੇਲਾ ਅੱਜ ਆਖ਼ਰੀ ਦਿਨ ਬੌਧਿਕ ਚਰਚਾ, ਇਨਕਲਾਬੀ ਗਾਇਨ ਤੇ ਨਾਟਕਾਂ ਦਾ ਚਾਨਣ ਬਿਖੇਰਦਾ ਸਮਾਪਤ ਹੋ ਗਿਆ। ਅੱਜ ਦੇ ਪਹਿਲੇ ਸੈਸ਼ਨ ਵਿੱਚ ਵਿਗਿਆਨੀ ਅਤੇ ਸ਼ਾਇਰ ਡਾ. ਗੌਹਰ ਰਜ਼ਾ ਨੇ 'ਮੌਜੂਦਾ ਦੌਰ ਵਿੱਚ ਵਿਗਿਆਨਕ ਸੋਚ ਅੱਗੇ ਚੁਣੌਤੀਆਂ ਅਤੇ ਸਾਡੇ ਕਾਰਜ' ਵਿਸ਼ੇ 'ਤੇ ਸੰਵਾਦ ਰਚਾਇਆ।
ਉਨ੍ਹਾਂ ਆਖਿਆ ਕਿ ਦੇਸ਼ ਵਿੱਚ ਇਸ ਸਮੇਂ ਵਿਗਿਆਨਕ ਵਿਚਾਰਧਾਰਾ ਨੂੰ ਮੁੱਖ ਖ਼ਤਰਾ ਉਨ੍ਹਾਂ ਫ਼ਿਰਕੂ ਫਾਸ਼ੀ ਤਾਕਤਾਂ ਤੋਂ ਹੈ, ਜਿਹੜੀਆਂ ਵਿਦਿਅਕ ਸੰਸਥਾਵਾਂ ਦਾ ਭਗਵਾਂਕਰਨ, ਵਪਾਰੀਕਰਨ, ਨਿੱਜੀਕਰਨ ਕਰ ਕੇ ਅੰਧ ਵਿਸ਼ਵਾਸ ਫੈਲਾਉਣ ਲੱਗੀਆਂ ਹੋਈਆਂ ਹਨ। ਸਿੱਟੇ ਵਜੋਂ ਦੇਸ਼ ਵਿੱਚ ਡੇਰਾਵਾਦ, ਬਾਬਾਵਾਦ ਤੇ ਅਧਿਆਤਮਕ/ਧਾਰਮਿਕ ਕਾਰੋਬਾਰ ਪ੍ਰਫੁੱਲਿਤ ਹੋ ਰਿਹਾ ਹੈ। ਗਾਇਕ ਧਰਮਿੰਦਰ ਮਸਾਣੀ, ਇਕਬਾਲ ਕੌਰ ਉਦਾਸੀ ਅਤੇ ਕਸਤੂਰੀ ਲਾਲ ਨੇ ਮਾਹੌਲ ਨੂੰ ਇਨਕਲਾਬੀ ਰੰਗ 'ਚ ਰੰਗਿਆ। ਇਸ ਦੌਰਾਨ ਤਰਕਸ਼ੀਲ ਲਹਿਰ 'ਤੇ ਕੰਵਲ ਢਿੱਲੋਂ ਅਤੇ ਬੂਟਾ ਸਿੰਘ ਮਹਿਮੂਦਪੁਰ ਦੀ ਮਨੁੱਖੀ ਅਧਿਕਾਰਾਂ ਬਾਰੇ ਅਨੁਵਾਦਤ ਪੁਸਤਕਾਂ ਰਿਲੀਜ਼ ਕੀਤੀਆਂ ਗਈਆਂ।
ਕੀਰਤੀ ਕ੍ਰਿਪਾਲ ਦੀ ਨਿਰਦੇਸ਼ਨਾ ਵਿੱਚ ਨਾਟਿਅਮ ਪੰਜਾਬ ਵੱਲੋਂ ਨਾਟਕ 'ਸੁਕਰਾਤ' ਤੇ ਚੰਡੀਗੜ੍ਹ ਸਕੂਲ ਆਫ ਡਰਾਮਾ ਦੀ ਟੀਮ ਵੱਲੋਂ ਇਕੱਤਰ ਸਿੰਘ ਦੀ ਨਿਰਦੇਸ਼ਨਾ ਹੇਠ 'ਠੱਗੀ' ਖੇਡੇ ਗਏ। ਸੂਬਾਈ ਜਥੇਬੰਦਕ ਮੁਖੀ ਮਾਸਟਰ ਰਾਜਿੰਦਰ ਭਦੌੜ ਨੇ ਮਹਿਮਾਨਾਂ ਅਤੇ ਪਾਠਕਾਂ ਦਾ ਧੰਨਵਾਦ ਕਰਦਿਆਂ ਹਰ ਸਾਲ ਪੁਸਤਕ ਮੇਲਾ ਲਾਉਣ ਦਾ ਭਰੋਸਾ ਦਿੱਤਾ। ਸਮਾਰੋਹ ਵਿੱਚ ਪਾਸ ਕੀਤੇ ਮਤੇ ਰਾਹੀਂ ਡਾ. ਨਰਿੰਦਰ ਦਾਭੋਲਕਰ ਦੇ ਕਾਤਲ ਸਚਿਨ ਅੰਧੂਰੇ ਦੀ ਸਜ਼ਾ ਮੁਅੱਤਲ ਕਰਨ ਅਤੇ ਜ਼ਮਾਨਤ ਦੇਣ ਦਾ ਫ਼ੈਸਲਾ ਰੱਦ ਕਰਨ ਅਤੇ ਕਤਲ ਕਾਂਡ ਦੇ ਸਾਜ਼ਿਸ਼ਘਾੜੇ ਵਰਿੰਦਰ ਤਾਵੜੇ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਗਈ।
