Dailyhunt

ਦੇਵੀਗੜ੍ਹ: ਮੀਂਹ ਨੇ ਕਣਕ ਦੀ ਪੱਕੀ ਫ਼ਸਲ 'ਤੇ ਪਾਣੀ ਫੇਰਿਆ

ਬੇਮੌਸਮੀ ਬਰਸਾਤ ਨੇ ਕਿਸਾਨਾਂ ਦੇ ਚਿਹਰਿਆਂ ਦਾ ਰੰਗ ਫਿੱਕਾ ਪਾ ਦਿੱਤਾ ਹੈ। ਖੇਤਾਂ ਵਿੱਚ ਕਣਕ ਦੀ ਫਸਲ ਪੱਕ ਕੇ ਤਿਆਰ ਹੋ ਚੁੱਕੀ ਹੈ। ਕੁਝ ਕਿਸਾਨਾਂ ਵੱਲੋਂ ਕਣਕ ਦੀ ਕਟਾਈ ਵੀ ਸ਼ੁਰੂ ਕਰ ਦਿੱਤੀ ਹੈ। ਅਚਾਨਕ ਖ਼ਰਾਬ ਹੋ ਰਹੇ ਮੌਸਮ ਨੇ ਅੰਨਦਾਤੇ ਨੂੰ ਫਿਕਰਾਂ ਵਿੱਚ ਪਾ ਦਿੱਤਾ ਹੈ। ਅੱਜ ਬਾਅਦ ਦੁਪਹਿਰ ਸ਼ੁਰੂ ਹੋਏ ਮੀਂਹ ਨੇ ਕਣਕ ਦੀ ਕੀਤੀ ਜਾ ਰਹੀ ਕਟਾਈ ਨੂੰ ਪ੍ਰਭਾਵਿਤ ਕਰ ਦਿੱਤਾ ਹੈ।

ਬਾਰਸ਼ ਅਤੇ ਤੇਜ਼ ਹਵਾਵਾਂ ਨਾਲ ਫਸਲਾਂ ਜ਼ਮੀਨ ਉੱਤੇ ਵਿਛ ਗਈਆਂ ਹਨ ਜਿਸ ਨਾਲ ਕਣਕ ਦਾ ਝਾੜ ਘਟਣ ਦਾ ਖਦਸ਼ਾ ਵਧ ਗਿਆ ਹੈ। ਮੌਸਮ ਵਿਭਾਗ ਨੇ ਅਗਲੇ ਕੁਝ ਦਿਨ ਹੋਰ ਮੌਸਮ ਖ਼ਰਾਬ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ ਜਿਸ ਨੇ ਕਿਸਾਨਾਂ ਨੂੰ ਚਿੰਤਾ ਵਿੱਚ ਡੋਬ ਦਿੱਤਾ ਹੈ। ਮੌਸਮ ਦੇ ਵਿਗੜ ਰਹੇ ਮਿਜ਼ਾਜ ਦੇ ਡਰ ਕਾਰਨ ਕਣਕ ਦੀ ਕਟਾਈ ਵਿੱਚ ਪਿਛਲੇ ਦਿਨਾਂ ਤੋਂ ਤੇਜ਼ੀ ਆਈ ਸੀ। ਮੰਡੀਆਂ ਵਿੱਚ ਲੇਬਰ ਦੀ ਕਮੀ ਹੋਣ ਕਾਰਨ ਕੁਝ ਕਿਸਾਨਾਂ ਨੇ ਕਟਾਈ ਕਰ ਕੇ ਕਣਕ ਘਰਾਂ ਵਿੱਚ ਹੀ ਸਟੋਰ ਕਰ ਲਈ ਹੈ।
ਮਾਹਰਾਂ ਦਾ ਕਹਿਣਾ ਹੈ ਕਿ ਜਦੋਂ ਹਾੜੀ ਦੀ ਪੱਕੀ ਫਸਲ ਉੱਤੇ ਮੀਂਹ ਪੈ ਜਾਵੇ ਤਾਂ ਦਾਣੇ ਨੂੰ ਪਾਣੀ ਲੱਗਣ ਕਾਰਨ ਝਾੜ ਘਟਣ ਦੇ ਨਾਲ ਨਾਲ ਦਾਣਿਆਂ ਦਾ ਰੰਗ ਕਾਲਾ ਵੀ ਹੋ ਸਕਦਾ ਹੈ। ਪਹਿਲਾਂ ਹੀ ਵਧ ਰਹੀਆਂ ਖੇਤੀਬਾੜੀ ਲਾਗਤਾਂ, ਡੀਜ਼ਲ ਦੇ ਭਾਅ ਅਤੇ ਖਾਦਾਂ ਦੇ ਖਰਚਿਆਂ ਨਾਲ ਜੂਝ ਰਹੇ ਕਿਸਾਨਾਂ ਲਈ ਇਹ ਬੇਮੌਸਮੀ ਬਾਰਿਸ਼ ਇੱਕ ਹੋਰ ਵੱਡਾ ਝਟਕਾ ਸਾਬਤ ਹੋ ਸਕਦੀ ਹੈ। ਕੁਦਰਤੀ ਮਾਰ ਕਾਰਨ ਕਿਸਾਨ ਸਹਿਮੇ ਹੋਏ ਹਨ।

Dailyhunt
Disclaimer: This content has not been generated, created or edited by Dailyhunt. Publisher: Punjabi Tribune