Dailyhunt Logo
  • Light mode
    Follow system
    Dark mode
    • Play Story
    • App Story

Digital Payment: ਵਿਦਿਆਰਥਣਾਂ ਨੂੰ ਡਿਜੀਟਲ ਅਦਾਇਗੀ ਬਾਰੇ ਜਾਗਰੂਕ ਕੀਤਾ

ਸ਼ਹੀਦ ਦਵਿੰਦਰ ਸਿੰਘ ਸਰਕਾਰੀ ਪੋਸਟ-ਗ੍ਰੈਜੂਏਟ ਮਹਿਲਾ ਕਾਲਜ, ਰਤੀਆ ਵਿੱਚ ਵਣਜ ਵਿਭਾਗ ਵੱਲੋਂ ਡਿਜੀਟਲ ਪੇਮੈਂਟ ਸਿਸਟਮ ਵਿਸ਼ੇ 'ਤੇ ਪਾਵਰ ਪੁਆਇੰਟ ਪ੍ਰੈਜ਼ੈਂਟੇਸ਼ਨ (ਪੀ ਪੀ ਟੀ) ਮੁਕਾਬਲਾ ਕਰਵਾਇਆ ਗਿਆ। ਵਣਜ ਵਿਭਾਗ ਦੇ ਮੁਖੀ ਡਾ. ਸੁਸ਼ੀਲ ਕੁਮਾਰ ਦੀ ਅਗਵਾਈ ਹੇਠ ਕਰਵਾਏ ਪ੍ਰੋਗਰਾਮ ਦੀ ਪ੍ਰਧਾਨਗੀ ਪ੍ਰੋ. ਸੁਰਿੰਦਰ ਸਭਰਵਾਲ ਨੇ ਕੀਤੀ। ਪ੍ਰੋਗਰਾਮ ਦਾ ਸੰਚਾਲਨ ਡਾ. ਸਵਾਤੀ ਅਤੇ ਪ੍ਰੋ. ਬਿੰਦੂ ਨੇ ਕੀਤਾ।

ਮੁਕਾਬਲੇ ਦਾ ਮੁੱਖ ਉਦੇਸ਼ ਵਿਦਿਆਰਥਣਾਂ ਨੂੰ ਡਿਜੀਟਲ ਭੁਗਤਾਨ ਪ੍ਰਣਾਲੀ ਪ੍ਰਤੀ ਜਾਗਰੂਕ ਕਰਨਾ ਅਤੇ ਉਨ੍ਹਾਂ ਵਿੱਚ ਤਕਨੀਕੀ ਗਿਆਨ, ਪੇਸ਼ਕਾਰੀ ਦੇ ਹੁਨਰ, ਤਰਕਸ਼ੀਲ ਸਮਰੱਥਾ ਅਤੇ ਰਚਨਾਤਮਕ ਪ੍ਰਗਟਾਵੇ ਨੂੰ ਉਤਸ਼ਾਹਿਤ ਕਰਨਾ ਸੀ। ਮੁਕਾਬਲੇ ਵਿੱਚ ਵਿਦਿਆਰਥਣਾਂ ਨੇ ਡਿਜੀਟਲ ਪੇਮੈਂਟ ਸਿਸਟਮ ਦੇ ਵੱਖ-ਵੱਖ ਪਹਿਲੂਆਂ ਬਾਰੇ ਪ੍ਰਭਾਵਸ਼ਾਲੀ ਪੇਸ਼ਕਾਰੀਆਂ ਦਿੱਤੀਆਂ। ਵਿਦਿਆਰਥਣਾਂ ਨੇ ਯੂ ਪੀ ਆਈ, ਆਨਲਾਈਨ ਬੈਂਕਿੰਗ, ਮੋਬਾਈਲ ਬੈਂਕਿੰਗ, ਕਿਊਆਰ ਕੋਡ, ਡੈਬਿਟ ਅਤੇ ਕ੍ਰੈਡਿਟ ਕਾਰਡ ਅਤੇ ਨਗਦੀ ਰਹਿਤ ਲੈਣ-ਦੇਣ ਵਰਗੀਆਂ ਆਧੁਨਿਕ ਭੁਗਤਾਨ ਪ੍ਰਣਾਲੀਆਂ ਬਾਰੇ ਜਾਣਕਾਰੀ ਦਿੱਤੀ।
ਇਸ ਦੇ ਨਾਲ ਹੀ ਡਿਜੀਟਲ ਭੁਗਤਾਨ ਦੇ ਲਾਭ, ਉਪਯੋਗਤਾ, ਪਾਰਦਰਸ਼ਤਾ, ਸਮੇਂ ਦੀ ਬੱਚਤ ਅਤੇ ਸੁਰੱਖਿਅਤ ਲੈਣ-ਦੇਣ ਦੀ ਮਹੱਤਤਾ ਨੂੰ ਵੀ ਉਜਾਗਰ ਕੀਤਾ। ਕਾਲਜ ਦੇ ਜਨ ਸੰਪਰਕ ਅਧਿਕਾਰੀ ਡਾ. ਸੁਰਿੰਦਰ ਸ਼ਰਮਾ ਨੇ ਦੱਸਿਆ ਕਿ ਵਣਜ ਵਿਭਾਗ ਦੇ ਮੁਖੀ ਡਾ. ਸੁਸ਼ੀਲ ਕੁਮਾਰ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੌਜੂਦਾ ਸਮਾਂ ਡਿਜੀਟਲ ਤਕਨਾਲੋਜੀ ਦਾ ਯੁੱਗ ਹੈ ਅਤੇ ਡਿਜੀਟਲ ਭੁਗਤਾਨ ਪ੍ਰਣਾਲੀ ਨੇ ਆਰਥਿਕ ਲੈਣ-ਦੇਣ ਨੂੰ ਸਰਲ, ਆਸਾਨ ਅਤੇ ਸੁਵਿਧਾਜਨਕ ਬਣਾ ਦਿੱਤਾ ਹੈ। ਉਨ੍ਹਾਂ ਵਿਦਿਆਰਥਣਾਂ ਨੂੰ ਡਿਜੀਟਲ ਪੇਮੈਂਟ ਦੇ ਵੱਖ-ਵੱਖ ਸਾਧਨਾਂ, ਉਨ੍ਹਾਂ ਦੀ ਸਹੀ ਵਰਤੋਂ ਅਤੇ ਸਾਈਬਰ ਸੁਰੱਖਿਆ ਸਬੰਧੀ ਸਾਵਧਾਨੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਬਦਲਦੀ ਤਕਨਾਲੋਜੀ ਦੇ ਨਾਲ ਆਪਣੇ ਆਪ ਨੂੰ ਅਪਡੇਟ ਰੱਖਣਾ ਚਾਹੀਦਾ ਹੈ। ਮੁਕਾਬਲੇ ਵਿੱਚ ਜੱਜਾਂ ਦੀ ਭੂਮਿਕਾ ਪ੍ਰੋ. ਕ੍ਰਿਸ਼ਨ, ਡਾ. ਬੀਰਬਲ ਸਿੰਘ, ਪ੍ਰੋ. ਪ੍ਰਵੀਨ ਧਨਖੜ ਅਤੇ ਪ੍ਰੋ. ਸੰਦੀਪ ਕਾਂਸਵਾ ਨੇ ਨਿਭਾਈ। ਵਿਦਿਆਰਥਣਾਂ ਦੀਆਂ ਪੇਸ਼ਕਾਰੀਆਂ, ਵਿਸ਼ੇ ਦੀ ਸਮਝ, ਪੇਸ਼ਕਾਰੀ ਦੇ ਢੰਗ ਅਤੇ ਸਮੱਗਰੀ ਦੇ ਆਧਾਰ 'ਤੇ ਨਤੀਜੇ ਐਲਾਨੇ ਗਏ। ਮੁਕਾਬਲੇ ਵਿੱਚ ਬੀ ਕਾਮ ਦੂਜੇ ਸਾਲ ਦੀ ਵਿਦਿਆਰਥਣ ਰਕਸ਼ਾ ਨੇ ਪਹਿਲਾ, ਸਾਨੀਆ ਨੇ ਦੂਜਾ ਅਤੇ ਬੀ ਕਾਮ ਪਹਿਲੇ ਸਾਲ ਦੀ ਵਿਦਿਆਰਥਣ ਮੋਹਿਨੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੇਤੂ ਵਿਦਿਆਰਥਣਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋ. ਸੁਰਿੰਦਰ ਸਭਰਵਾਲ ਨੇ ਵਿਦਿਆਰਥਣਾਂ ਦੀ ਭਾਗੀਦਾਰੀ ਅਤੇ ਪੇਸ਼ਕਾਰੀਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸਟਾਫ ਮੈਂਬਰ ਅਤੇ ਵਿਦਿਆਰਥਣਾਂ ਮੌਜੂਦ ਸਨ।

Dailyhunt
Disclaimer: This content has not been generated, created or edited by Dailyhunt. Publisher: Punjabi Tribune