Dailyhunt Logo
  • Light mode
    Follow system
    Dark mode
    • Play Story
    • App Story

ਦਿੱਲੀ ਦੇ ਤਿੰਨ ਸੰਸਦ ਮੈਂਬਰਾਂ ਦਾ ਸੱਜਣ ਕੁਮਾਰ ਦੇ ਘਰ ਜਾਣਾ ਮੰਦਭਾਗਾ; ਪੰਜਾਬ ਭਾਜਪਾ ਪ੍ਰਧਾਨ ਨੇ ਕੀਤੀ ਸਖ਼ਤ ਨਿਖੇਧੀ

ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ 1984 ਸਿੱਖ ਵਿਰੋਧੀ ਦੰਗਿਆ ਦੇ ਮਾਮਲਿਆਂ ਵਿੱਚ ਦੋਸ਼ੀ ਸੱਜਣ ਕੁਮਾਰ ਦੀ ਮੌਤ ਤੋਂ ਬਾਅਦ ਉਸ ਦੇ ਘਰ ਜਾ ਕੇ ਨਿੱਜੀ ਤੌਰ 'ਤੇ ਅਫਸੋਸ ਪ੍ਰਗਟ ਕਰਨ ਵਾਲੇ ਤਿੰਨ ਭਾਜਪਾ ਸੰਸਦ ਮੈਂਬਰਾਂ ਦੀ ਇਸ ਫੇਰੀ ਨੂੰ ਦੁਖਦਾਈ ਅਤੇ ਮੰਦਭਾਗਾ ਕਰਾਰ ਦਿੱਤਾ ਹੈ।

ਕੇਵਲ ਸਿੰਘ ਢਿੱਲੋਂ ਨੇ ਸਪਸ਼ਟ ਕੀਤਾ ਕਿ ਭਾਜਪਾ ਦਾ ਇਸ ਦੌਰੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਪੰਜਾਬ ਭਾਜਪਾ ਇਸ ਘਟਨਾ ਦੀ ਸਖ਼ਤ ਤੋਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ।

ਉਨ੍ਹਾਂ ਕਿਹਾ ਕਿ ਸੱਜਣ ਕੁਮਾਰ ਉਹੀ ਵਿਅਕਤੀ ਹੈ ਜਿਸ ਨੂੰ 1984 ਵਿੱਚ ਬੇਕਸੂਰ ਸਿੱਖਾਂ ਦੇ ਕਤਲ ਨਾਲ ਜੁੜੇ ਗੰਭੀਰ ਦੋਸ਼ਾਂ ਤਹਿਤ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਉਨ੍ਹਾਂ ਕਿਹਾ ਕਿ ਅਜਿਹੇ ਵਿਅਕਤੀ ਪ੍ਰਤੀ ਕਿਸੇ ਵੀ ਕਿਸਮ ਦੀ ਹਮਦਰਦੀ ਪ੍ਰਗਟ ਕਰਨਾ ਹਜ਼ਾਰਾਂ ਪੀੜਤ ਪਰਿਵਾਰਾਂ, ਜਿਨ੍ਹਾਂ ਨੇ ਕਤਲੇਆਮ ਵਿੱਚ ਆਪਣੇ ਜੀਆਂ ਨੂੰ ਗੁਆ ਦਿੱਤਾ ਸੀ, ਦੇ ਜ਼ਖ਼ਮਾਂ ਉੱਤੇ ਲੂਣ ਛਿੜਕਣ ਦੇ ਬਰਾਬਰ ਹੈ।

ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਇਸ ਘਟਨਾ ਦਾ ਸਖ਼ਤ ਨੋਟਿਸ ਲਿਆ। ਉਨ੍ਹਾਂ ਕਿਹਾ ਕਿ ਕੌਮੀ ਪ੍ਰਧਾਨ ਨੇ ਇਸ ਫੇਰੀ ਉੱਤੇ ਨਾਰਾਜ਼ਗੀ ਪ੍ਰਗਟ ਕੀਤੀ ਅਤੇ ਤਿੰਨਾਂ ਸੰਸਦ ਮੈਂਬਰਾਂ ਨੂੰ ਸਖ਼ਤ ਫਟਕਾਰ ਲਗਾਈ।

ਕੇਵਲ ਢਿੱਲੋਂ ਨੇ ਅਜਿਹਾ ਫੌਰੀ ਅਤੇ ਸਖ਼ਤ ਰੁਖ ਅਪਣਾਉਣ ਲਈ ਕੌਮੀ ਪ੍ਰਧਾਨ ਨਿਤਿਨ ਨਬੀਨ ਦਾ ਧੰਨਵਾਦ ਕੀਤਾ।

ਉਨ੍ਹਾਂ ਕਿਹਾ ਕਿ ਜਦੋਂ ਕਾਂਗਰਸ ਪਾਰਟੀ ਨੇ 35 ਸਾਲਾਂ ਤੱਕ 1984 ਦੇ ਦੰਗਿਆਂ ਦੇ ਦੋਸ਼ੀਆਂ ਨੂੰ ਬਚਾਉਣ ਅਤੇ ਸਰਪ੍ਰਸਤੀ ਦੇਣ ਦੀ ਨੀਤੀ ਅਪਣਾਈ, ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਵਿਸ਼ੇਸ਼ ਜਾਂਚ ਟੀਮਾਂ (SIT) ਦਾ ਗਠਨ ਕੀਤਾ, ਜਿਸ ਨਾਲ ਦੋਸ਼ੀਆਂ ਨੂੰ ਦਹਾਕਿਆਂ ਬਾਅਦ ਜੇਲ੍ਹ ਭੇਜਿਆ ਗਿਆ ਅਤੇ ਇਨਸਾਫ਼ ਦਾ ਰਾਹ ਖੁੱਲ੍ਹਿਆ।

ਸੂਬਾ ਪ੍ਰਧਾਨ ਨੇ ਦੁਹਰਾਇਆ ਕਿ ਪੰਜਾਬ ਭਾਜਪਾ ਹਮੇਸ਼ਾ 1984 ਦੇ ਪੀੜਤਾਂ ਦੇ ਪਰਿਵਾਰਾਂ ਦੇ ਨਾਲ ਚੱਟਾਨ ਵਾਂਗ ਖੜ੍ਹੀ ਹੈ ਅਤੇ ਭਵਿੱਖ ਵਿੱਚ ਵੀ ਖੜ੍ਹੀ ਰਹੇਗੀ। ਢਿੱਲੋਂ ਨੇ ਕਿਹਾ, ”ਸਾਡੀ ਹਮਦਰਦੀ ਅਤੇ ਦਇਆ ਸਿਰਫ਼ ਉਨ੍ਹਾਂ ਪਰਿਵਾਰਾਂ ਲਈ ਹੈ ਜੋ ਉਸ ਦੁਖਾਂਤ ਦੇ ਸਦਮੇ ਤੋਂ ਪੀੜਤ ਹਨ। ਸਾਡੀ ਨੀਤੀ ਵਿੱਚ ਦੋਸ਼ੀਆਂ ਲਈ ਕੋਈ ਜਗ੍ਹਾ ਨਹੀਂ ਹੈ।”

Dailyhunt
Disclaimer: This content has not been generated, created or edited by Dailyhunt. Publisher: Punjabi Tribune