Dailyhunt Logo
  • Light mode
    Follow system
    Dark mode
    • Play Story
    • App Story

ਦੋ ਧਾਰੀ ਤਲਵਾਰ ਬਣਿਆ ਸੋਸ਼ਲ ਮੀਡੀਆ

ਸੋਸ਼ਲ ਮੀਡੀਆ ਉੱਤੇ ਅੱਜ ਜੋ ਪਰੋਸਿਆ ਜਾ ਰਿਹਾ ਹੈ, ਉਸ ਦੀ ਪ੍ਰਮਾਣਿਕਤਾ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੁੰਦੇ ਹਨ। ਸਵਾਲ ਇਹ ਹੈ ਕਿ ਸੋਸ਼ਲ ਮੀਡੀਆ ਉੱਤੇ ਜੋ ਵੀ ਪੋਸਟ ਪਾਈ ਜਾਂਦੀ ਹੈ, ਉਸ ਦੀ ਪ੍ਰਮਾਣਿਕਤਾ ਬਾਰੇ ਕੋਈ ਕਸੌਟੀ ਕਿਉਂ ਨਹੀਂ ਹੈ? ਜਦੋਂਕਿ ਕਿਸੇ ਵੀ ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਉਸ ਦਾ ਸੈਂਸਰ ਬੋਰਡ ਤੋਂ ਪਾਸ ਹੋਣਾ ਜ਼ਰੂਰੀ ਹੁੰਦਾ ਹੈ, ਪਰ ਕਿੰਨੇ ਸਿਤਮ ਦੀ ਗੱਲ ਹੈ ਕਿ ਇਸ ਦੇ ਉਲਟ ਸੋਸ਼ਲ ਮੀਡੀਆ ਉੱਤੇ ਤੁਸੀਂ ਕੋਈ ਵੀ ਪੋਸਟ ਪਾ ਦੇਵੋ, ਉਸ ਦੀ ਪ੍ਰਮਾਣਿਕਤਾ ਹਾਸਲ ਕਰਨ ਦੀ ਤੁਹਾਨੂੰ ਕੋਈ ਜ਼ਰੂਰਤ ਨਹੀਂ ਹੈ।

ਉਹ ਸੱਚੀ ਵੀ ਹੋ ਸਕਦੀ ਹੈ ਅਤੇ ਝੂਠੀ ਵੀ।
ਅਸੀਂ ਕਦੇ ਸੋਚਿਆ ਹੈ ਕਿ ਜੇ ਪੋਸਟ ਗ਼ਲਤ ਜਾਂ ਝੂਠੀ ਹੈ ਤਾਂ ਉਸ ਦਾ ਸਮਾਜ ਉੱਤੇ ਕਿੰਨਾ ਬੁਰਾ ਅਸਰ ਪੈਂਦਾ ਹੈ? ਕਈ ਵਾਰ ਤਾਂ ਉਸ ਝੂਠੀ ਪੋਸਟ ਦਾ ਇੰਨਾ ਜ਼ਿਆਦਾ ਮਾਰੂ ਪ੍ਰਭਾਵ ਪੈਂਦਾ ਹੈ ਕਿ ਕਿਸੇ ਵਿਅਕਤੀ ਦੀ ਜਾਨ ਤੱਕ ਚਲੀ ਜਾਂਦੀ ਹੈ ਤੇ ਕਈ ਵਾਰ ਕਿਸੇ ਦਾ ਕਰੀਅਰ ਤੱਕ ਤਬਾਹ ਹੋ ਜਾਂਦਾ ਹੈ। ਦਰਅਸਲ, ਸੋਸ਼ਲ ਮੀਡੀਆ ਨੇ ਸਾਡੀ ਉਸਾਰੂ ਸੋਚ ਨੂੰ ਵੀ ਪੁੱਠੇ ਪਾਸੇ ਲਾ ਦਿੱਤਾ ਹੈ। ਅਸੀਂ ਠੀਕ ਤੇ ਗ਼ਲਤ ਦਾ ਨਿਤਾਰਾ ਕਰਨ ਦੀ ਬਜਾਏ ਆਲੋਚਨਾ ਵੱਲ ਵਧਦੇ ਜਾ ਰਹੇ ਹਾਂ। ਪੈਸੇ ਦੇ ਲਾਲਚ 'ਚ ਅੱਜਕੱਲ੍ਹ ਨੌਜਵਾਨ ਸੋਸ਼ਲ ਮੀਡੀਆ ਪਿੱਛੇ ਪਾਗਲ ਹੋਈ ਫਿਰਦੇ ਹਨ। ਹਰ ਕੋਈ ਰੀਲ ਬਣਾ ਕੇ ਯੂਟਿਊਬ 'ਤੇ ਅਪਲੋਡ ਕਰ ਰਿਹਾ ਹੈ। ਬਹੁਤ ਵਾਰੀ ਸੋਸ਼ਲ ਮੀਡੀਆ ਉੱਤੇ ਹਲਕੀ ਕਿਸਮ ਦੀ ਜਾਣਕਾਰੀ ਵੀ ਵੇਖਣ ਨੂੰ ਮਿਲਦੀ ਹੈ ਜੋ ਸਮਾਜ ਲਈ ਲਾਹੇਵੰਦ ਹੋਣ ਦੀ ਥਾਂ ਨੁਕਸਾਨਦਾਇਕ ਹੁੰਦੀ ਹੈ। ਕੀ ਅਸੀਂ ਕਦੇ ਇਹ ਵੀ ਸੋਚਿਆ ਹੈ ਕਿ ਸੋਸ਼ਲ ਮੀਡੀਆ 'ਤੇ ਪਰੋਸਿਆ ਜਾ ਰਿਹਾ ਮੈਟਰ ਸਾਡੇ ਸਮਾਜ ਵਾਸਤੇ ਘਾਤਕ ਸਾਬਤ ਹੋ ਸਕਦਾ ਹੈ। ਜਿਸ ਤਰ੍ਹਾਂ ਅੱਜਕੱਲ੍ਹ ਲੋਕ ਆਪਣੀ ਨਿੱਜੀ ਜਾਣਕਾਰੀ ਨੂੰ ਸੋਸ਼ਲ ਮੀਡੀਆ 'ਤੇ ਅਪਲੋਡ ਕਰਕੇ ਸਭ ਅੱਗੇ ਪਰੋਸ ਰਹੇ ਹਨ। ਉਹ ਕੋਈ ਸਮਝਦਾਰੀ ਵਾਲੀ ਗੱਲ ਨਹੀਂ ਹੈ ਕਿਉਂਕਿ ਇਸ ਦਾ ਤੁਹਾਨੂੰ ਨੁਕਸਾਨ ਹੋ ਸਕਦਾ ਹੈ। ਅਜਿਹੀ ਜਾਣਕਾਰੀ ਸਾਂਝੀ ਕਰਨ ਦੇ ਸਿੱਟੇ ਵੱਜੋਂ ਤੁਹਾਨੂੰ ਕਾਫ਼ੀ ਨੁਕਸਾਨ ਹੋ ਸਕਦਾ ਹੈ ਕਿਉਂਕਿ ਸੋਸ਼ਲ ਮੀਡੀਆ ਜ਼ਰੀਏ ਤੁਹਾਡੇ ਵੱਲੋਂ ਦਰਸਾਈ ਤੁਹਾਡੀ ਲੋਕੇਸ਼ਨ ਤੁਹਾਡੇ ਲਈ ਮਾਰੂ ਸਿੱਧ ਹੋ ਸਕਦੀ ਹੈ। ਇਸ ਲਈ ਆਪਣੀ ਨਿੱਜੀ ਜ਼ਿੰਦਗੀ ਜਾਂ ਪਰਿਵਾਰਕ ਜੀਵਨ ਬਾਰੇ ਕਦੇ ਕੋਈ ਅਜਿਹੀ ਜਾਣਕਾਰੀ ਸਾਂਝੀ ਨਾ ਕਰੋ ਜੋ ਤੁਹਾਡੇ ਲਈ ਨੁਕਸਾਨਦਾਇਕ ਸਾਬਤ ਹੋਵੇ। ਅਕਸਰ ਇਹ ਵੇਖਿਆ ਗਿਆ ਹੈ ਕਿ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਗਾਲ੍ਹੀ ਗਲੋਚ ਵੀ ਕਰਦੇ ਹਨ ਜਾਂ ਕਿਸੇ ਨੂੰ ਡਰਾਉਂਦੇ ਧਮਕਾਉਂਦੇ ਹਨ ਜਾਂ ਫਿਰ ਇਮੋਸ਼ਨਲ ਬਲੈਕ ਮੇਲਿੰਗ ਕਰਨ 'ਤੇ ਉਤਰ ਆਉਂਦੇ ਹਨ ਜੋ ਸਰਾਸਰ ਗ਼ਲਤ ਹੁੰਦਾ ਹੈ। ਕਿਸੇ ਦੇ ਭੇਤ ਨੂੰ ਸੋਸ਼ਲ ਮੀਡੀਆ 'ਤੇ ਫੈਲਾਉਣ ਦੀ ਧਮਕੀ ਦੇ ਕੇ ਬਲੈਕਮੇਲਿੰਗ ਦਾ ਰੁਝਾਨ ਵੀ ਅੱਜਕੱਲ੍ਹ ਚੋਖਾ ਚੱਲ ਰਿਹਾ ਹੈ। ਡਿਜੀਟਲ ਅਰੈਸਟ ਤੇ ਸਾਈਬਰ ਕ੍ਰਾਈਮ ਵਰਗੀਆਂ ਵਾਰਦਾਤਾਂ ਵੀ ਸੋਸ਼ਲ ਮੀਡੀਆ ਦਾ ਸਭ ਤੋ ਵੱਡਾ ਨੁਕਸਾਨ ਕਰਨ ਵਾਲਾ ਪੱਖ ਹਨ ਜਿਸ ਨਾਲ ਅਨੇਕਾਂ ਲੋਕਾਂ ਦੀ ਜਾਨ ਤੱਕ ਚਲੀ ਗਈ ਹੈ ਤੇ ਇਸ ਨਾਲ ਬਹੁਤ ਸਾਰੇ ਲੋਕ ਕਰੋੜਾਂ ਅਰਬਾਂ ਰੁਪਿਆਂ ਦੀ ਠੱਗੀ ਦਾ ਵੀ ਸ਼ਿਕਾਰ ਹੋਏ ਹਨ।
ਬਹੁਤੇ ਲੋਕ ਸਵੇਰੇ ਉੱਠਦੇ ਸਾਰ ਗੁੱਡ ਮੌਰਨਿੰਗ ਮੈਸੇਜ ਹੀ ਭੇਜੀ ਜਾਣਗੇ। ਜੋ ਵਿਅਰਥ ਤੇ ਬੇਤੁਕਾ ਕਹਿ ਸਕਦੇ ਹਾਂ। ਪੁੱਛਣ ਵਾਲਾ ਹੋਵੇ ਕਿ ਇਨ੍ਹਾਂ ਦਾ ਕੀ ਫਾਇਦਾ ? ਫਿਰ ਕੁਝ ਲੋਕਾਂ ਵੱਲੋਂ ਇੱਕ ਦੂਜੇ ਨਾਲ ਕਿਸੇ ਵਿਸ਼ੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕੀਤੀ ਜਾਂਦੀ ਬੇਲੋੜੀ ਬਹਿਸਬਾਜ਼ੀ ਕਈ ਤਰ੍ਹਾਂ ਦੇ ਵਿਵਾਦ ਖੜ੍ਹੇ ਕਰਦੀ ਹੈ ਜੋ ਸਾਡੇ ਰਿਸ਼ਤਿਆਂ 'ਚ ਫਿੱਕ ਪਾਉਂਦੀ ਹੈ। ਕਈ ਵਾਰ ਸੋਸ਼ਲ ਮੀਡੀਆ ਉੱਤੇ ਕੀਤੀ ਅਜਿਹੀ ਬਹਿਸ ਦੌਰਾਨ ਨੌਬਤ ਇੱਥੋਂ ਤੱਕ ਆ ਜਾਂਦੀ ਹੈ ਜੋ ਸਾਡੇ ਕਿਰਦਾਰ ਤੱਕ ਨੂੰ ਪੁੱਠਾ ਗੇੜ ਦੇ ਦਿੰਦੀ ਹੈ। ਕਈ ਵਾਰ ਇਹ ਕਿਸੇ ਚੰਗੀ ਸ਼ਖ਼ਸੀਅਤ ਤੱਕ ਦੀ ਦਿੱਖ ਵਿਗਾੜ ਦਿੰਦਾ ਹੈ। ਸੋਸ਼ਲ ਮੀਡੀਆ ਨਾਲ ਸਮੇਂ ਦੀ ਬਰਬਾਦੀ ਤਾਂ ਹੁੰਦੀ ਹੀ ਹੈ।
ਸੋਸ਼ਲ ਮੀਡੀਆ ਦੇ ਕੁਝ ਪੱਖ ਚੰਗੇ ਵੀ ਹਨ ਜਿਨ੍ਹਾਂ ਨੂੰ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ। ਜਿਵੇਂ ਤੁਸੀਂ ਕੋਈ ਜਾਣਕਾਰੀ ਸਾਂਝੀ ਕਰਨੀ ਚਾਹੁੰਦੇ ਹੋ ਤਾਂ ਸੋਸ਼ਲ ਮੀਡੀਆ ਦੁਆਰਾ ਤੁਸੀਂ ਜਲਦੀ ਤੇ ਸਸਤੇ 'ਚ ਸਾਂਝੀ ਕਰ ਸਕਦੇ ਹੋ। ਸਾਂਝੀ ਕੀਤੀ ਜਾਣਕਾਰੀ ਕਾਰੋਬਾਰ ਜਾਂ ਹੋਰ ਸਬੰਧ 'ਚ ਹੋ ਸਕਦੀ ਹੈ। ਸੋਸ਼ਲ ਮੀਡੀਆ ਉੱਤੇ ਤੁਸੀਂ ਆਪਣੇ ਚੰਗੇ ਉਸਾਰੂ ਵਿਚਾਰ ਜਾਂ ਕੋਈ ਰਾਏ ਵੀ ਸਾਂਝੀ ਕਰ ਸਕਦੇ ਹੋ। ਇਸ ਜ਼ਰੀਏ ਤੁਸੀਂ ਘਰ ਦੇ ਪਰਿਵਾਰਕ ਮੈਂਬਰਾਂ ਤੇ ਦੁਨੀਆ ਨਾਲ ਪਲ ਪਲ ਜੁੜੇ ਰਹਿ ਸਕਦੇ ਹੋ।
ਭਾਰਤ 'ਚ ਸੋਸ਼ਲ ਮੀਡੀਆ ਬਾਰੇ ਕਾਨੂੰਨ ਵੀ ਹਨ ਜਿਵੇਂ ਪਹਿਲਾ ਕਿਸੇ ਵਿਰੁੱਧ ਅਪਮਾਨਜਨਕ ਟਿੱਪਣੀ ਜਾਂ ਸਮੱਗਰੀ ਪੋਸਟ ਕਰਨਾ ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 66-ਏ ਅਧੀਨ ਜੁਰਮ ਹੈ ਜਿਸ ਦੀ ਸਜ਼ਾ ਤਿੰਨ ਸਾਲ ਹੈ। ਦੂਜਾ ਅਜਿਹੀ ਕਿਸੇ ਪੋਸਟ ਨੂੰ ਪਸੰਦ ਕਰਨਾ ਜਾਂ ਅਜਿਹੀ ਟਿੱਪਣੀ ਨੂੰ ਸਾਂਝਾ ਕਰਨਾ ਕਾਨੂੰਨੀ ਅਪਰਾਧ ਹੈ। ਤੀਜਾ ਮਾਣਹਾਨੀ ਵਾਲੀ ਸਮੱਗਰੀ ਜਾਂ ਟਿੱਪਣੀਆਂ ਪੋਸਟ ਕਰਨ ਨਾਲ ਭਾਰਤੀ ਦੰਡ ਸਹਿਤਾ ਦੀ ਧਾਰਾ 499 ਅਧੀਨ ਅਪਰਾਧਿਕ ਮਾਣਹਾਨੀ ਦਾ ਕੇਸ ਬਣਦਾ ਹੈ। ਚੌਥਾ, ਭਾਰਤੀ ਦੰਡ ਸਹਿਤਾ ਦੀਆਂ ਧਾਰਾਵਾਂ 292, 293, 294 ਅਧੀਨ ਅਸ਼ਲੀਲ ਸਮੱਗਰੀ ਭੇਜਣੀ ਜਾਂ ਵੇਚਣੀ ਕਾਨੂੰਨੀ ਅਪਰਾਧ ਹੈ। ਪੰਜਵਾਂ, ਗੁਪਤ ਸੂਚਨਾਵਾਂ, ਸਰਕਾਰੀ ਦਸਤਾਵੇਜ਼, ਵਰਜਿਤ ਸਥਾਨ ਦੀਆਂ ਤਸਵੀਰਾਂ ਪੋਸਟ ਕਰਨਾ ਅਧਿਕਾਰਤ ਸੀਕ੍ਰੇਟਸ ਐਕਟ ਤਹਿਤ ਉਲੰਘਣਾ ਹੈ ਅਤੇ ਸਜ਼ਾਯੋਗ ਹੈ। ਛੇਵਾਂ, ਕਾਪੀ ਕੀਤੀ ਸਮੱਗਰੀ ਨੂੰ ਵੈੱਬਸਾਈਟ 'ਤੇ ਪੋਸਟ ਕਰਨਾ ਕਾਪੀ ਰਾਈਟ ਤਹਿਤ ਅਪਰਾਧ ਹੈ। ਆਈਟੀ ਐਕਟ ਦੀ ਧਾਰਾ 66ਏ ਭਾਰਤ ਵਿੱਚ ਸੋਸ਼ਲ ਮੀਡੀਆ ਕਾਨੂੰਨ ਨੂੰ ਕੰਟਰੋਲ ਕਰਨ 'ਤੇ ਲਾਗੂ ਕੀਤੀ ਗਈ ਹੈ ਅਤੇ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਭਾਰਤ ਵਿੱਚ ਸੋਸ਼ਲ ਮੀਡੀਆ ਕਾਨੂੰਨ ਨਾਲ ਸਬੰਧਿਤ ਸਾਰੇ ਕਾਨੂੰਨੀ ਮੁੱਦਿਆਂ ਨੂੰ ਕੰਟਰੋਲ ਕਰਦੀ ਹੈ। ਭਾਰਤ 'ਚ ਆਈਟੀ ਐਕਟ ਸੋਸ਼ਲ ਮੀਡੀਆ ਦੀ ਦੁਰਵਰਤੋਂ ਨੂੰ ਰੋਕਣ ਨੂੰ ਲੈ ਕੇ ਇੱਕੋ ਇੱਕ ਕਾਨੂੰਨ ਹੈ, ਪਰ ਇਸ ਕਾਨੂੰਨ 'ਚ ਬਹੁਤ ਸਾਰੀਆਂ ਘਾਟਾਂ ਹਨ।
ਇਸ ਤਰ੍ਹਾਂ ਸੋਸ਼ਲ ਮੀਡੀਆ ਦੋ ਧਾਰੀ ਤਲਵਾਰ ਹੈ ਜਿਸ ਦਾ ਇੱਕ ਪੱਖ ਚੰਗਾ ਹੈ ਤੇ ਦੂਜਾ ਮਾੜਾ। ਇਸ ਲਈ ਇਸ ਦੀ ਪ੍ਰਮਾਣਿਕਤਾ ਲਈ ਨਿਯਮਾਂ ਦਾ ਲਾਗੂ ਹੋਣਾ ਜ਼ਰੂਰੀ ਹੈ ਤਾਂ ਜੋ ਗ਼ਲਤ ਤੇ ਝੂਠੀ ਜਾਣਕਾਰੀ ਨੂੰ ਪੋਸਟ ਹੋਣ ਤੋਂ ਰੋਕਿਆ ਜਾ ਸਕੇ ਅਤੇ ਸੋਸ਼ਲ ਮੀਡੀਆ ਦੇ ਮਾੜੇ ਪ੍ਰਭਾਵਾਂ ਤੋਂ ਬਚਿਆ ਜਾ ਸਕੇ। ਇਸ ਤਰ੍ਹਾਂ ਅਸੀਂ ਸੋਸ਼ਲ ਮੀਡੀਆ ਦਾ ਸਹੀ ਫਾਇਦਾ ਲੈ ਸਕਦੇ ਹਾਂ।
ਸੰਪਰਕ: 98775 57151

Dailyhunt
Disclaimer: This content has not been generated, created or edited by Dailyhunt. Publisher: Punjabi Tribune