ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੱਜ ਖੰਨਾ ਪੁਲੀਸ ਨੇ ਡੋਪ ਟੈਸਟ ਦੇ ਜਾਅਲੀ ਸਰਟੀਫਿਕੇਟ ਬਣਾਉਣ ਵਾਲੇ ਗਰੋਹ ਦੇ 2 ਮੈਂਬਰਾਂ ਨੂੰ ਜਾਅਲੀ ਸਾਮਾਨ ਸਣੇ ਗ੍ਰਿਫ਼ਤਾਰ ਕੀਤਾ। ਪੁਲੀਸ ਜ਼ਿਲ੍ਹਾ ਖੰਨਾ ਦੇ ਐੱਸ ਐੱਸ ਪੀ ਡਾ. ਦਰਪਣ ਆਹਲੂਵਾਲੀਆ ਨੇ ਦੱਸਿਆ ਕਿ 27 ਮਾਰਚ ਨੂੰ ਸੀਨੀਅਰ ਮੈਡੀਕਲ ਅਫ਼ਸਰ ਇੰਚਾਰਜ ਸਿਵਲ ਹਸਪਤਾਲ ਵੱਲੋਂ ਇਤਲਾਹ ਦਿੱਤੀ ਗਈ ਸੀ ਕਿ ਹਿਮਾਂਸ਼ੂ ਅਰੋੜਾ ਵਾਸੀ ਲੁਧਿਆਣਾ ਆਪਣੇ ਸਾਥੀਆਂ ਨਾਲ ਮਿਲ ਕੇ ਜਾਅਲੀ ਡੋਪ ਟੈਸਟ ਅਤੇ ਜਾਅਲੀ ਸਰਟੀਫਿਕੇਟ ਬਣਾਉਣ ਦਾ ਕੰਮ ਕਰਦਾ ਹੈ।
ਇਸ 'ਤੇ ਐੱਸ ਪੀ (ਆਈ) ਪਵਨਜੀਤ ਚੌਧਰੀ, ਡੀ ਐੱਸ ਪੀ (ਆਈ) ਮੋਹਿਤ ਸਿੰਗਲਾ, ਡੀ ਐੱਸ ਪੀ ਕਰਮਜੀਤ ਸਿੰਘ ਗਰੇਵਾਲ, ਡੀ ਐੱਸ ਪੀ ਪ੍ਰਿਤਪਾਲ ਸਿੰਘ ਅਤੇ ਇੰਸਪੈਕਟਰ ਹਰਦੀਪ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਕੇਸ ਦਰਜ ਕਰ ਕੇ ਮੁਲਜ਼ਮ ਰਮੇਸ਼ ਕੁਮਾਰ ਉਰਫ਼ ਟੋਨੀ ਵਾਸੀ ਲੁਧਿਆਣਾ ਨੂੰ ਗ੍ਰਿਫ਼ਤਾਰ ਕੀਤਾ। ਪੁੱਛ-ਪੜਤਾਲ ਉਪਰੰਤ ਮੰਚਿਤ ਕੁਮਾਵਸੀ ਵਾਸੀ ਪੀਰਖਾਨਾ ਰੋਡ ਖੰਨਾ ਨੂੰ ਜਾਅਲੀ ਮੋਹਰਾ, ਸਰਟੀਫਿਕੇਟਾਂ, ਅਧਾਰ ਕਾਰਡ ਆਦਿ ਸਣੇ ਗ੍ਰਿਫ਼ਤਾਰ ਕੀਤਾ ਗਿਆ। ਐੱਸ ਐੱਸ ਪੀ ਅਨੁਸਾਰ ਮੁਲਜ਼ਮਾਂ ਪਾਸੋਂ 3 ਨੀਲੀਆਂ ਸਟੈਪ ਪੈਡ, 2 ਮੋਹਰਾਂ ਡੋਪ ਟੈਸਟ ਸਿਵਲ ਹਸਪਤਾਲ ਖੰਨਾ, 1 ਮੋਹਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਖੰਨਾ, 1 ਮੋਹਰ ਐੱਸ ਐੱਮ ਓ ਖੰਨਾ, 1 ਸਟੈਪ ਮੋਹਰ ਡਾਕਟਰ ਸਤਪਾਲ ਸੀਨੀਅਰ ਮੈਡੀਕਲ ਅਫ਼ਸਰ ਖੰਨਾ ਰਜਿਸਟਰਡ ਨੰਬਰ-24864), 1 ਸਟੈਪ ਮੋਹਰ ਸੀਨੀਅਰ ਮੈਡੀਕਲ ਅਫ਼ਸਰ ਖੰਨਾ, 1 ਸਟੈਪ ਮੋਹਰ ਡਾ. ਨਵਨੀਤ ਕੌਰ ਖੰਨਾ, 8 ਪੰਜਾਬ ਹੈਲਥ ਸਿਸਟ ਕਾਰਪੋਰੇਸ਼ਨ ਸਿਵਲ ਹਸਪਤਾਲ ਖੰਨਾ (ਓ ਪੀ ਡੀ ਸਲਿੱਪ), 2 ਫੈਵੀ ਸਟਿੱਕ, 2 ਨੀਲੇ ਪੈਨ, 27 ਅਧਾਰ ਕਾਰਡ, 1 ਪੈਨ ਕਾਰਡ, 1 ਡਰਾਈਵਿੰਗ ਲਾਇਸੈਂਸ ਬਰਾਮਦ ਕੀਤੇ।
