Dailyhunt Logo
  • Light mode
    Follow system
    Dark mode
    • Play Story
    • App Story

Drunk Driving: 2 ਨੌਜਵਾਨਾਂ ਨੂੰ ਮਿਲੀ ਸਮਾਜ ਸੇਵਾ ਦੀ ਸਜ਼ਾ; ਡਰਾਈਵਿੰਗ ਲਾਇਸੈਂਸ ਵੀ ਹੋਇਆ ਰੱਦ

ਚੰਡੀਗੜ੍ਹ ਵਿੱਚ ਸ਼ਰਾਬ ਪੀ ਕੇ ਗੱਡੀ ਚਲਾਉਣ ਅਤੇ ਡਿਊਟੀ 'ਤੇ ਤਾਇਨਾਤ ਟਰੈਫਿਕ ਪੁਲੀਸ ਮੁਲਾਜ਼ਮਾਂ ਦੇ ਕੰਮ ਵਿੱਚ ਰੁਕਾਵਟ ਪਾਉਣ ਦੇ ਮਾਮਲੇ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਦੋ ਨੌਜਵਾਨਾਂ ਨੂੰ ਚਾਰ ਦਿਨਾਂ ਦੀ ਸਮਾਜ ਸੇਵਾ (ਕਮਿਊਨਿਟੀ ਸਰਵਿਸ) ਕਰਨ ਦਾ ਹੁਕਮ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ 10,000 ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਡਰਾਈਵਿੰਗ ਲਾਇਸੈਂਸ ਨੂੰ ਤਿੰਨ ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ।

ਮੁਲਜ਼ਮਾਂ ਦੀ ਪਛਾਣ ਲਵਜੋਤ ਸਿੰਘ (26), ਵਾਸੀ ਪਿੰਡ ਗੋਸਲਾਨ (ਤਹਿਸੀਲ ਸਮਰਾਲਾ) ਅਤੇ ਗਗਨਪ੍ਰੀਤ ਸਿੰਘ (27), ਵਾਸੀ ਪਿੰਡ ਓਟਾਲਾਂ (ਤਹਿਸੀਲ ਸਮਰਾਲਾ), ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ।

ਪੁਲੀਸ ਅਨੁਸਾਰ 4 ਅਤੇ 5 ਜੁਲਾਈ ਦੀ ਦਰਮਿਆਨੀ ਰਾਤ ਨੂੰ ਸੈਕਟਰ 34/35 ਦੀ ਵੰਡਣ ਵਾਲੀ ਸੜਕ ‘ਤੇ ਏ.ਐੱਸ.ਆਈ. ਮਹਿੰਦਰ ਸਿੰਘ ਅਤੇ ਹੋਰ ਟਰੈਫਿਕ ਪੁਲੀਸ ਮੁਲਾਜ਼ਮਾਂ ਦੀ ਨਿਗਰਾਨੀ ਹੇਠ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਨੂੰ ਫੜਨ ਲਈ ਨਾਕਾ ਲਗਾਇਆ ਗਿਆ ਸੀ। ਇਸ ਦੌਰਾਨ ਇੱਕ ਗੱਡੀ ਨੂੰ ਚੈਕਿੰਗ ਲਈ ਰੋਕਿਆ ਗਿਆ। ਜਦੋਂ ਡਰਾਈਵਰ ਦਾ ਬ੍ਰੈਥ ਐਨਾਲਾਈਜ਼ਰ ਟੈਸਟ ਕੀਤਾ ਗਿਆ, ਤਾਂ ਉਸ ਦੇ ਖੂਨ ਵਿੱਚ ਅਲਕੋਹਲ (ਸ਼ਰਾਬ) ਦੀ ਮਾਤਰਾ 238 ਮਿਲੀਗ੍ਰਾਮ/100 ਮਿਲੀਲੀਟਰ ਪਾਈ ਗਈ, ਜਦੋਂ ਕਿ ਕਾਨੂੰਨੀ ਤੌਰ ‘ਤੇ ਇਸ ਦੀ ਮਨਜ਼ੂਰ ਸੀਮਾ ਸਿਰਫ਼ 30 ਮਿਲੀਗ੍ਰਾਮ/100 ਮਿਲੀਲੀਟਰ ਹੈ।

ਜਦੋਂ ਗੱਡੀ ਵਿੱਚ ਸਵਾਰ ਨੌਜਵਾਨਾਂ ਨੂੰ ਗੱਡੀ ਦੇ ਕਾਗਜ਼ਾਤ ਦਿਖਾਉਣ ਲਈ ਕਿਹਾ ਗਿਆ, ਤਾਂ ਉਨ੍ਹਾਂ ਨੇ ਸਹਿਯੋਗ ਕਰਨ ਤੋਂ ਮਨ੍ਹਾ ਕਰ ਦਿੱਤਾ, ਆਪਣੀ ਪਛਾਣ ਦੱਸਣ ਤੋਂ ਇਨਕਾਰ ਕੀਤਾ ਅਤੇ ਉੱਥੇ ਮੌਜੂਦ ਲੇਡੀ ਟਰੈਫਿਕ ਮਾਰਸ਼ਲ ਸੁਖਜੀਤ ਕੌਰ ਅਤੇ ਹੋਰ ਪੁਲੀਸ ਮੁਲਾਜ਼ਮਾਂ ਨਾਲ ਬਦਤਮੀਜ਼ੀ ਕੀਤੀ। ਇਸ ਤੋਂ ਬਾਅਦ 112 ਨੰਬਰ ‘ਤੇ ਕਾਲ ਕੀਤੀ ਗਈ, ਜਿਸ ਮਗਰੋਂ ਪੀ.ਸੀ.ਆਰ. ਦੀ ਗੱਡੀ ਅਤੇ ਸਥਾਨਕ ਪੁਲੀਸ ਮੌਕੇ ‘ਤੇ ਪਹੁੰਚੀ। ਮੁਲਜ਼ਮਾਂ ਨੇ ਪੀ.ਸੀ.ਆਰ. ਸਟਾਫ਼ ਅਤੇ ਸਥਾਨਕ ਪੁਲੀਸ ਨਾਲ ਵੀ ਬਦਸਲੂਕੀ ਕੀਤੀ।

ਜਾਂਚ ਤੋਂ ਬਾਅਦ ਕਾਨੂੰਨੀ ਕਾਰਵਾਈ ਸ਼ੁਰੂ ਕਰਦੇ ਹੋਏ ਗੱਡੀ ਨੂੰ ਜ਼ਬਤ ਕਰ ਲਿਆ ਗਿਆ ਅਤੇ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਦੋਵਾਂ ਦੀ ਸਰਕਾਰੀ ਮਲਟੀ-ਸਪੈਸ਼ਲਿਟੀ ਹਸਪਤਾਲ, ਸੈਕਟਰ 16 ਵਿੱਚ ਮੈਡੀਕਲ ਜਾਂਚ ਕਰਵਾਈ ਗਈ। ਬਾਅਦ ਵਿੱਚ ਉਨ੍ਹਾਂ ਨੂੰ ਸਬ-ਡਿਵੀਜ਼ਨਲ ਮੈਜਿਸਟਰੇਟ (ਸਾਊਥ ਡਿਵੀਜ਼ਨ), ਚੰਡੀਗੜ੍ਹ ਦੇ ਸਾਹਮਣੇ ਪੇਸ਼ ਕੀਤਾ ਗਿਆ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 16 ਸਤੰਬਰ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ।

ਦੂਜੇ ਪਾਸੇ, ਟਰੈਫਿਕ ਚਲਾਨ ਨੂੰ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਸਚਿਨ ਯਾਦਵ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਮੁਲਜ਼ਮਾਂ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਅਦਾਲਤ ਨੇ ਦੋਵਾਂ ਨੂੰ 10,000-10,000 ਰੁਪਏ ਦਾ ਜੁਰਮਾਨਾ ਕੀਤਾ ਅਤੇ ਜੁਰਮਾਨਾ ਨਾ ਭਰਨ ਦੀ ਸੂਰਤ ਵਿੱਚ 15 ਦਿਨਾਂ ਦੀ ਸਾਧਾਰਨ ਕੈਦ ਦੀ ਸਜ਼ਾ ਸੁਣਾਈ।

ਅਦਾਲਤ ਨੇ ਨਿਯਮ ਤੋੜਨ ਵਾਲਿਆਂ ਨੂੰ ਚਾਰ ਦਿਨਾਂ ਦੀ ਸਮਾਜ ਸੇਵਾ ਕਰਨ ਦਾ ਹੁਕਮ ਵੀ ਦਿੱਤਾ, ਜਿਸ ਦੇ ਤਹਿਤ ਉਨ੍ਹਾਂ ਨੂੰ 8 ਜੁਲਾਈ ਨੂੰ ਸਵੇਰੇ 10 ਵਜੇ ਇੰਸਪੈਕਟਰ/ਟਰੈਫਿਕ (ਪ੍ਰਸ਼ਾਸਨ), ਚੰਡੀਗੜ੍ਹ ਕੋਲ ਰਿਪੋਰਟ ਕਰਨੀ ਹੋਵੇਗੀ। ਇਸ ਸਮੇਂ ਦੌਰਾਨ, ਉਹ ਟਰੈਫਿਕ ਪੁਲੀਸ ਦੇ ਨਾਲ ਵਲੰਟੀਅਰ (ਸਵੈ-ਸੇਵਕ) ਵਜੋਂ ਨਿਰਧਾਰਤ ਟਰੈਫਿਕ ਸਿਗਨਲਾਂ ਅਤੇ ਚੌਕਾਂ ‘ਤੇ ਖੜ੍ਹੇ ਹੋ ਕੇ ਲੋਕਾਂ ਨੂੰ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਵਿੱਚ ਮਦਦ ਕਰਨਗੇ। ਇਸ ਤੋਂ ਇਲਾਵਾ, ਉਨ੍ਹਾਂ ਦੇ ਡਰਾਈਵਿੰਗ ਲਾਇਸੈਂਸ ਤਿੰਨ ਮਹੀਨਿਆਂ ਲਈ ਮੁਅੱਤਲ ਕਰ ਦਿੱਤੇ ਗਏ ਹਨ, ਜਿਸ ਦੌਰਾਨ ਉਹ ਕਿਸੇ ਵੀ ਤਰ੍ਹਾਂ ਦਾ ਵਾਹਨ ਚਲਾਉਣ ਦੇ ਯੋਗ ਨਹੀਂ ਹੋਣਗੇ।

‘ਦਿ ਟ੍ਰਿਬਿਊਨ’ ਨਾਲ ਗੱਲਬਾਤ ਕਰਦਿਆਂ ਡੀ.ਜੀ.ਪੀ. ਡਾ. ਸਾਗਰ ਪ੍ਰੀਤ ਹੁੱਡਾ ਨੇ ਕਿਹਾ ਕਿ ਚੰਡੀਗੜ੍ਹ ਪੁਲੀਸ ਸ਼ਰਾਬ ਪੀ ਕੇ ਗੱਡੀ ਚਲਾਉਣ ਅਤੇ ਡਿਊਟੀ ਕਰ ਰਹੇ ਪੁਲੀਸ ਮੁਲਾਜ਼ਮਾਂ ਦੇ ਕੰਮ ਵਿੱਚ ਰੁਕਾਵਟ ਪਾਉਣ ਵਾਲਿਆਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਨਿਯਮ ਤੋੜਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ, ਚਾਹੇ ਉਹ ਕੋਈ ਵੀ ਹੋਣ, ਅਤੇ ਟਰੈਫਿਕ ਅਧਿਕਾਰੀਆਂ, ਖ਼ਾਸ ਕਰਕੇ ਮਹਿਲਾ ਮੁਲਾਜ਼ਮਾਂ ਨਾਲ ਬਦਤਮੀਜ਼ੀ ਕਰਨ ਵਾਲਿਆਂ ਵਿਰੁੱਧ ਕਾਨੂੰਨ ਤਹਿਤ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

Dailyhunt
Disclaimer: This content has not been generated, created or edited by Dailyhunt. Publisher: Punjabi Tribune