Dailyhunt Logo
  • Light mode
    Follow system
    Dark mode
    • Play Story
    • App Story

ED ਨੇ Royale Estate Group ਦੇ ਪ੍ਰਮੋਟਰਾਂ ਪ੍ਰਵੀਨ ਅਤੇ ਨੀਰਜ ਕਾਂਸਲ ਨੂੰ ਕੀਤਾ ਗ੍ਰਿਫ਼ਤਾਰ

ਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਸ਼ੁੱਕਰਵਾਰ ਨੂੰ ਰੌਇਲ ਐਸਟੇਟ ਗਰੁੱਪ (Royal estate group) ਦੇ ਪ੍ਰਮੋਟਰਾਂ ਪ੍ਰਵੀਨ ਕਾਂਸਲ ਅਤੇ ਨੀਰਜ ਕਾਂਸਲ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਹੈ।

ਇਹ ਗ੍ਰਿਫ਼ਤਾਰੀ ਈ ਡੀ ਵੱਲੋਂ ਚੰਡੀਗੜ੍ਹ, ਜ਼ੀਰਕਪੁਰ ਅਤੇ ਪੰਜਾਬ ਦੇ ਹੋਰ ਹਿੱਸਿਆਂ ਵਿੱਚ ਮੈਸਰਜ਼ ਚੰਡੀਗੜ੍ਹ ਰੌਇਲ ਸਿਟੀ ਪ੍ਰਮੋਟਰਜ਼ ਪ੍ਰਾਈਵੇਟ ਲਿਮਟਿਡ (CRCPL) ਅਤੇ ਰੌਇਲ ਐਸਟੇਟ ਗਰੁੱਪ ਨਾਲ ਜੁੜੇ ਕਈ ਟਿਕਾਣਿਆਂ 'ਤੇ ਮਨੀ ਲਾਂਡਰਿੰਗ ਰੋਕੂ ਕਾਨੂੰਨ (PMLA) ਤਹਿਤ ਕੀਤੀ ਗਈ ਛਾਪੇਮਾਰੀ ਤੋਂ ਕੁਝ ਦਿਨਾਂ ਬਾਅਦ ਹੋਈ ਹੈ।

ਇਹ ਛਾਪੇਮਾਰੀ ਗਰੁੱਪ ਦੇ ਜ਼ੀਰਕਪੁਰ ਸਥਿਤ ਮੁੱਖ ਦਫ਼ਤਰ ਅਤੇ ਇਸ ਦੇ ਡਾਇਰੈਕਟਰਾਂ ਤੇ ਸਾਥੀਆਂ ਨਾਲ ਜੁੜੇ ਰਿਹਾਇਸ਼ੀ ਟਿਕਾਣਿਆਂ ‘ਤੇ ਕੀਤੀ ਗਈ ਸੀ।

ਈ ਡੀ ਦਾ ਇਹ ਮਾਮਲਾ 19 ਜੁਲਾਈ 2025 ਨੂੰ ਪੰਜਾਬ ਪੁਲੀਸ ਵੱਲੋਂ ਐੱਸ ਏ ਐੱਸ ਨਗਰ (ਮੁਹਾਲੀ) ਵਿੱਚ ਆਈ ਪੀ ਸੀ ਦੀਆਂ ਧਾਰਾਵਾਂ 406, 420 ਅਤੇ 120-B ਤਹਿਤ ਦਰਜ ਕੀਤੀ ਗਈ ਇੱਕ ਐੱਫ ਆਈ ਆਰ (FIR) ਤੋਂ ਬਾਅਦ ਸਾਹਮਣੇ ਆਇਆ ਹੈ। ਪੁਲੀਸ ਦਾ ਇਹ ਕੇਸ ਕਥਿਤ ਧੋਖਾਧੜੀ ਅਤੇ ਅਪਰਾਧਿਕ ਸਾਜ਼ਿਸ਼ ਨਾਲ ਜੁੜਿਆ ਹੋਇਆ ਹੈ, ਜਿਸ ਵਿੱਚ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (GMADA) ਨੂੰ ਕਾਨੂੰਨੀ ਦੇਣਦਾਰੀਆਂ ਦੇ ਭੁਗਤਾਨ ਵਿੱਚ ਜਾਣਬੁੱਝ ਕੇ ਕੀਤੀ ਗਈ ਦੇਰੀ ਅਤੇ 32.67 ਕਰੋੜ ਰੁਪਏ ਦੇ ਬਾਊਂਸ ਚੈੱਕ ਜਮ੍ਹਾਂ ਕਰਵਾਉਣਾ ਸ਼ਾਮਲ ਹੈ। ਇਹ ਰਿਹਾਇਸ਼ੀ ਕਲੋਨੀ ਪ੍ਰੋਜੈਕਟ CRCPL ਵੱਲੋਂ ਮੁਹਾਲੀ ਦੇ ਪਿੰਡ ਕਰਾਲਾ ਵਿਖੇ ਵਿਕਸਿਤ ਕੀਤਾ ਜਾ ਰਿਹਾ ਸੀ।

ਜਾਂਚ ਦੌਰਾਨ ਈ ਡੀ ਨੇ ਪਾਇਆ ਕਿ ਕੰਪਨੀ ਦੀ ਗਮਾਡਾ (GMADA) ਪ੍ਰਤੀ ਕਾਫ਼ੀ ਦੇਣਦਾਰੀ ਬਾਕੀ ਸੀ, ਜਦੋਂ ਕਿ ਪ੍ਰੋਜੈਕਟ ਦੇ ਫੰਡਾਂ ਨੂੰ ਕਥਿਤ ਤੌਰ ‘ਤੇ ਡਾਇਵਰਟ (ਹੋਰ ਪਾਸੇ ਤਬਦੀਲ) ਕੀਤਾ ਗਿਆ ਅਤੇ ਸਬੰਧਤ ਸੰਸਥਾਵਾਂ ਤੇ ਧਿਰਾਂ ਰਾਹੀਂ ਇੱਧਰ-ਉੱਧਰ ਭੇਜਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਕੰਪਨੀਆਂ ਵਿਚਕਾਰ ਸ਼ੱਕੀ ਲੈਣ-ਦੇਣ ਅਤੇ ਰੌਇਲ ਐਸਟੇਟ ਗਰੁੱਪ ਨਾਲ ਜੁੜੀਆਂ ਸੰਸਥਾਵਾਂ ਰਾਹੀਂ ਫੰਡਾਂ ਦੀ ਹੇਰਾਫੇਰੀ (ਲੇਅਰਿੰਗ) ਦਾ ਵੀ ਪਤਾ ਲੱਗਿਆ ਹੈ।

ਇਸ ਮਾਮਲੇ ਵਿੱਚ ਪ੍ਰਵੀਨ ਕਾਂਸਲ, ਨੀਰਜ ਕਾਂਸਲ, ਦਲਜੀਤ ਸਿੰਘ, ਅਨੁਰਾਗ ਮਿੱਢਾ, ਲਿਆਕਤ ਅਲੀ, ਸੁਮਿਤ ਬਾਂਸਲ ਅਤੇ ਉਨ੍ਹਾਂ ਨਾਲ ਜੁੜੇ ਹੋਰ ਲੋਕਾਂ ਤੇ ਕੰਪਨੀਆਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ ਸੀ। ਇਸ ਕਾਰਵਾਈ ਦੌਰਾਨ ਈਡੀ (ED) ਵੱਲੋਂ ਕਈ ਇਤਰਾਜ਼ਯੋਗ ਦਸਤਾਵੇਜ਼, ਡਿਜੀਟਲ ਉਪਕਰਣ, ਵਿੱਤੀ ਰਿਕਾਰਡ ਅਤੇ ਜਾਇਦਾਦ ਨਾਲ ਸਬੰਧਤ ਕਾਗਜ਼ਾਤ ਜ਼ਬਤ ਕੀਤੇ ਗਏ।

Dailyhunt
Disclaimer: This content has not been generated, created or edited by Dailyhunt. Publisher: Punjabi Tribune