ਫ਼ਰੀਦਕੋਟ ਨਗਰ ਕੌਂਸਲ ਦੇ ਸੈਂਕੜੇ ਮੁਲਾਜ਼ਮ ਦੋ ਮਹੀਨਿਆਂ ਦੀ ਤਨਖ਼ਾਹ ਨਾ ਮਿਲਣ ਕਾਰਨ ਹੜਤਾਲ 'ਤੇ ਚੱਲ ਰਹੇ ਹਨ। ਇਸ ਕਰ ਕੇ ਸ਼ਹਿਰ ਵਿੱਚ ਕੂੜੇ ਦੇ ਢੇਰ ਲੱਗ ਰਹੇ ਹਨ। ਕੌਂਸਲ ਦੇ ਕਾਰਜਸਾਧਕ ਅਫਸਰ ਵੱਲੋਂ ਪੱਤਰ ਨੰਬਰ 2364 ਮਿਤੀ 26-06-2026 ਰਾਹੀਂ ਨਗਰ ਸੁਧਾਰ ਟਰੱਸਟ ਨੂੰ ਲਿਖਿਆ ਸੀ ਕਿ ਨਗਰ ਕੌਂਸਲ ਦੇ 5 ਕਰੋੜ 57 ਲੱਖ 97 ਹਜ਼ਾਰ ਰੁਪਏ ਤੁਰੰਤ ਅਦਾ ਕੀਤੇ ਜਾਣ।
ਕਾਰਜਸਾਧਕ ਅਫਸਰ ਨੇ ਕਿਹਾ ਕਿ ਵਾਰ-ਵਾਰ ਪੱਤਰ ਲਿਖਣ ਦੇ ਬਾਵਜੂਦ ਨਗਰ ਸੁਧਾਰ ਟਰੱਸਟ ਉਨ੍ਹਾਂ ਦੇ ਪੈਸੇ ਨਹੀਂ ਦੇ ਰਿਹਾ। ਇਸ ਕਰ ਕੇ ਮੁਲਾਜ਼ਮਾਂ ਨੂੰ ਤਨਖ਼ਾਹਾਂ ਦੇਣ 'ਚ ਦਿੱਕਤ ਆ ਰਹੀ ਹੈ।
ਹਾਲਾਂਕਿ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗਗਨਦੀਪ ਸਿੰਘ ਧਾਲੀਵਾਲ ਨੇ ਕੱਲ੍ਹ ਸ਼ਾਮ ਨਗਰ ਕੌਂਸਲ ਨੂੰ ਡੇਢ ਕਰੋੜ ਰੁਪਏ ਦਾ ਚੈੱਕ ਜਾਰੀ ਕਰ ਦਿੱਤਾ ਸੀ ਪਰ ਇਸ ਦੇ ਬਾਵਜੂਦ ਕਾਮਿਆਂ ਨੇ ਆਪਣੀ ਹੜਤਾਲ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਨਗਰ ਸੁਧਾਰ ਟਰੱਸਟ ਸ਼ਹਿਰ ਦੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ।
ਮੁਲਾਜ਼ਮ ਆਗੂ ਕੁਲਦੀਪ ਸ਼ਰਮਾ ਨੇ ਕਿਹਾ ਕਿ ਨਗਰ ਸੁਧਾਰ ਟਰੱਸਟ ਡੇਢ ਕਰੋੜ ਰੁਪਏ ਦੇ ਕੇ ਸ਼ਹਿਰ ਵਿੱਚ ਇਹ ਪ੍ਰਚਾਰ ਕਰ ਰਿਹਾ ਹੈ ਕਿ ਉਸ ਨੇ ਸ਼ਹਿਰ ਦੇ ਹਿੱਤਾਂ ਦੀ ਰਾਖੀ ਲਈ ਇਹ ਗਰਾਂਟ ਜਾਰੀ ਕੀਤੀ ਹੈ ਜਦੋਂਕਿ ਨਗਰ ਸੁਧਾਰ ਟਰੱਸਟ ਲੰਬੇ ਸਮੇਂ ਨਗਰ ਕੌਂਸਲ ਦੇ ਕਰੀਬ 6 ਕਰੋੜ ਰੁਪਏ ਨੱਪੀ ਬੈਠਾ ਹੈ। ਗਗਨਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਨਗਰ ਕੌਂਸਲ ਦਾ ਕੋਈ ਪੈਸਾ ਨਹੀਂ ਦੇਣਾ।
ਕਾਂਗਰਸੀ ਆਗੂ ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਨੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ। ਜੇ ਨਗਰ ਸੁਧਾਰ ਟਰੱਸਟ ਸਮੇਂ ਨਗਰ ਕੌਂਸਲ ਦੇ ਪੈਸੇ ਵਾਪਸ ਕਰ ਦਿੰਦਾ ਤਾਂ ਸ਼ਹਿਰ ਵਿੱਚ ਗੰਦਗੀ ਦੇ ਢੇਰ ਨਹੀਂ ਲੱਗਣੇ ਸਨ।
