Dailyhunt Logo
  • Light mode
    Follow system
    Dark mode
    • Play Story
    • App Story

FBI charges Punjab Police SHO: ਅਮਰੀਕਾ ਵਿੱਚ ਧਮਕਾ ਕੇ 4 ਲੱਖ ਡਾਲਰ ਫ਼ਿਰੌਤੀ ਦੇ ਮਾਮਲੇ 'ਚ FBI ਵੱਲੋਂ ਪੰਜਾਬ ਪੁਲੀਸ ਦਾ SHO ਨਾਮਜ਼ਦ

FBI charges Punjab Police SHO: ਅਮਰੀਕਾ ਦੀ ਪ੍ਰਮੁੱਖ ਜਾਂਚ ਏਜੰਸੀ ਫ਼ੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (FBI) ਵੱਲੋਂ ਪੰਜਾਬ ਪੁਲੀਸ ਦੇ ਇੱਕ ਐੱਸ.ਐੱਚ.ਓ. (SHO) ਖ਼ਿਲਾਫ਼ 4,00,000 ਅਮਰੀਕੀ ਡਾਲਰ (ਲਗਭਗ 3.30 ਕਰੋੜ ਰੁਪਏ) ਦੀ ਫ਼ਿਰੌਤੀ/ਉਗਰਾਹੀ ਦੇ ਮਾਮਲੇ ਵਿੱਚ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਨਾਮਜ਼ਦ ਕੀਤਾ ਗਿਆ ਪੁਲੀਸ ਅਧਿਕਾਰੀ ਗੁਰਿੰਦਰਜੀਤ ਸਿੰਘ ਨਾਗਰਾ ਇਸ ਵੇਲੇ ਹੁਸ਼ਿਆਰਪੁਰ ਦੇ ਥਾਣਾ ਟਾਂਡਾ ਵਿਖੇ ਬਤੌਰ ਮੁਖੀ ਤਾਇਨਾਤ ਸੀ, ਜਿਸ ਨੂੰ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਤੁਰੰਤ ਪੁਲੀਸ ਲਾਈਨ ਭੇਜ ਦਿੱਤਾ ਗਿਆ ਹੈ।

FBI ਵੱਲੋਂ ਲਾਏ ਗਏ ਦੋਸ਼

FBI ਵੱਲੋਂ ਲਾਏ ਗਏ ਦੋਸ਼ਾਂ ਅਨੁਸਾਰ, ਉਕਤ ਪੁਲੀਸ ਅਧਿਕਾਰੀ ਅਮਰੀਕਾ ਵਿੱਚ ਰਹਿ ਰਹੇ ਇੱਕ ਭਾਰਤੀ ਪਰਿਵਾਰ ਨੂੰ ਭਾਰਤ ਵਿੱਚ ਕਤਲ ਦੇ ਇੱਕ ਝੂਠੇ ਮੁਕੱਦਮੇ ਵਿੱਚ ਫਸਾਉਣ ਦੀਆਂ ਧਮਕੀਆਂ ਦੇ ਰਿਹਾ ਸੀ ਅਤੇ ਕੇਸ ਰਫ਼ਾ-ਦਫ਼ਾ ਕਰਨ ਬਦਲੇ ਮੋਟੀ ਰਕਮ ਦੀ ਮੰਗ ਕਰ ਰਿਹਾ ਸੀ। ਐਫ਼.ਬੀ.ਆਈ. ਨੇ ਇਸ ਪੂਰੇ ਮਾਮਲੇ ਸਬੰਧੀ ਇੱਕ ਵੀਡੀਓ ਬਿਆਨ ਜਾਰੀ ਕਰਨ ਦੇ ਨਾਲ-ਨਾਲ ਕੇਸ ਦੇ ਸਾਰੇ ਵੇਰਵੇ ਆਪਣੀ ਅਧਿਕਾਰਤ ਵੈੱਬਸਾਈਟ 'ਤੇ ਵੀ ਸਾਂਝੇ ਕੀਤੇ ਹਨ।

ਇਸ ਸਬੰਧੀ ਗੱਲਬਾਤ ਕਰਦਿਆਂ ਡੀ.ਆਈ.ਜੀ. ਜਲੰਧਰ ਰੇਂਜ ਨਵੀਨ ਸਿੰਗਲਾ ਨੇ ਦੱਸਿਆ, " ਸਾਨੂੰ ਵੀ ਇਸ ਮਾਮਲੇ ਦੀ ਜਾਣਕਾਰੀ FBI ਦੇ ਲਾਸ ਏਂਜਲਸ ਵੈੱਬਪੇਜ ਤੋਂ ਮਿਲੀ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ SHO ਨੂੰ ਤੁਰੰਤ ਪ੍ਰਭਾਵ ਤੋਂ ਪੁਲੀਸ ਲਾਈਨ ਤਬਦੀਲ ਕਰ ਦਿੱਤਾ ਗਿਆ ਹੈ।" ਉਨ੍ਹਾਂ ਅੱਗੇ ਦੱਸਿਆ ਕਿ ਨਿਰਪੱਖ ਜਾਂਚ ਯਕੀਨੀ ਬਣਾਉਣ ਲਈ ਇਸ ਮਾਮਲੇ ਦੀ ਇਨਕੁਆਰੀ ਹੁਸ਼ਿਆਰਪੁਰ ਤੋਂ ਬਾਹਰ ਤਬਦੀਲ ਕਰ ਦਿੱਤੀ ਗਈ ਹੈ ਅਤੇ ਐੱਸ.ਪੀ. (ਡੀ) ਜਲੰਧਰ ਵਿਨੀਤ ਅਹਿਲਾਵਤ ਨੂੰ ਇਸ ਮਾਮਲੇ ਦੀ ਪੜਤਾਲ ਕਰਕੇ ਜਲਦ ਤੋਂ ਜਲਦ ਵਿਭਾਗ ਨੂੰ ਰਿਪੋਰਟ ਸੌਂਪਣ ਦੇ ਹੁਕਮ ਦਿੱਤੇ ਗਏ ਹਨ।

ਇਸ ਵੱਡੇ ਖ਼ੁਲਾਸੇ ਤੋਂ ਬਾਅਦ ਪੰਜਾਬ ਦੀ ਸਿਆਸਤ ਵੀ ਗਰਮਾ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ 'X' 'ਤੇ ਲਿਖਿਆ, “ਜਿਸ ਤਰ੍ਹਾਂ ਐਫ਼.ਬੀ.ਆਈ. ਨੇ ਗੋਲਡੀ ਬਰਾੜ, ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਦੀ ਹਵਾਲਗੀ ਦੀ ਮੰਗ ਕੀਤੀ ਸੀ, ਉਸੇ ਤਰ੍ਹਾਂ ਹੁਣ ਪੰਜਾਬ ਪੁਲੀਸ ਦਾ ਇੱਕ ਅਧਿਕਾਰੀ ਵੀ FBI ਦੇ ਰਡਾਰ 'ਤੇ ਆ ਗਿਆ ਹੈ। ਪੰਜਾਬ ਪੁਲੀਸ, ਜੋ ਕਦੇ ਆਪਣੀ ਬਿਹਤਰੀਨ ਸਾਖ ਲਈ ਜਾਣੀ ਜਾਂਦੀ ਸੀ, ਅੱਜ ਕੌਮਾਂਤਰੀ ਪੱਧਰ 'ਤੇ ਨਾਮੋਸ਼ੀ ਦਾ ਪ੍ਰਤੀਕ ਬਣਦੀ ਜਾ ਰਹੀ ਹੈ।"

Dailyhunt
Disclaimer: This content has not been generated, created or edited by Dailyhunt. Publisher: Punjabi Tribune