Dailyhunt Logo
  • Light mode
    Follow system
    Dark mode
    • Play Story
    • App Story

FIFA World Cup 2026: ਮੈਕਸਿਕੋ ਵੱਲੋਂ ਧਮਾਕੇਦਾਰ ਸ਼ੁਰੂਆਤ

ਹਿ ਮੇਜ਼ਬਾਨ ਮੈਕਸਿਕੋ ਨੇ ਹੁਣ ਤੱਕ ਦੇ ਸਭ ਤੋਂ ਵੱਡੇ ਫੁੱਟਬਾਲ ਆਲਮੀ ਕੱਪ ਦੇ ਉਦਘਾਟਨੀ ਮੈਚ ਵਿੱਚ ਦੱਖਣੀ ਅਫਰੀਕਾ ਨੂੰ 2-0 ਨਾਲ ਹਰਾ ਕੇ ਆਪਣੀ ਮੁਹਿੰਮ ਦੀ ਧਮਾਕੇਦਾਰ ਸ਼ੁਰੂਆਤ ਕੀਤੀ। ਐਤਕੀਂ ਇਸ ਮਹਾਕੁੰਭ ਵਿੱਚ 48 ਟੀਮਾਂ ਹਿੱਸਾ ਲੈ ਰਹੀਆਂ ਹਨ ਤੇ ਦਰਸ਼ਕਾਂ ਨਾਲ ਖਚਾਖਚ ਭਰੇ ਐਜ਼ਟੈਕਾ ਸਟੇਡੀਅਮ ਵਿੱਚ ਮੈਕਸਿਕੋ ਦੀ ਟੀਮ ਉੱਤੇ ਦਬਾਅ ਹੋਣਾ ਕੁਦਰਤੀ ਸੀ; ਹਾਲਾਂਕਿ ਮੈਕਸੀਕਨ ਖਿਡਾਰੀਆਂ ਨੇ ਆਪਣੀ ਭੂਮਿਕਾ ਬਾਖੂਬੀ ਨਿਭਾਈ ਤੇ ਦੱਖਣੀ ਅਫਰੀਕਾ ਨੂੰ ਸੌਖਿਆਂ ਹੀ ਹਰਾ ਕੇ ਆਪਣੇ ਪ੍ਰਸ਼ੰਸਕਾਂ ਨੂੰ ਰੱਜ ਦੇ ਜਸ਼ਨ ਮਨਾਉਣ ਦਾ ਮੌਕਾ ਦਿੱਤਾ।
ਇਸ ਮੈਚ ਵਿੱਚ ਤਿੰਨ ਖਿਡਾਰੀਆਂ ਨੂੰ ਲਾਲ ਕਾਰਡ ਵੀ ਦਿਖਾਏ ਗਏ।

ਜੂਲੀਅਨ ਕਿਨੋਨੇਸ (9ਵੇਂ ਮਿੰਟ) ਤੇ ਰਾਊਲ ਜਿਮੀਨੇਜ਼ (66ਵੇਂ ਮਿੰਟ) ਨੇ ਮੈਕਸਿਕੋ ਲਈ ਦੋ ਗੋਲ ਕੀਤੇ। ਮੈਕਸਿਕੋ ਦੇ ਕੋਚ ਜ਼ੇਵੀਅਰ ਅਗੁਇਰੇ ਨੇ ਮੈਚ ਮਗਰੋਂ ਕਿਹਾ, ''ਮੈਂ ਆਪਣੀ ਟੀਮ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਆਲਮੀ ਕੱਪ ਤੇ ਘਰੇਲੂ ਮੈਦਾਨ ਉੱਤੇ ਪਹਿਲਾ ਮੈਚ ਖੇਡਣ ਦਾ ਕੀ ਮਤਲਬ ਹੁੰਦਾ ਹੈ। ਉਹ ਨੌਜਵਾਨ ਹਨ ਤੇ ਉਨ੍ਹਾਂ ਖੁਦ ਇਸ ਨੂੰ ਮਹਿਸੂਸ ਕਰਨਾ ਸੀ।'' ਮੈਕਸਿਕੋ ਚਾਰ ਸਾਲ ਪਹਿਲਾਂ ਕਤਰ ਵਿੱਚ ਖੇਡੇ ਗਏ ਆਲਮੀ ਕੱਪ ਦੇ ਗਰੁੱਪ ਗੇੜ 'ਚੋਂ ਹੀ ਬਾਹਰ ਹੋ ਗਿਆ ਸੀ। ਮੈਕਸਿਕੋ ਹੁਣ ਤੱਕ ਦੋ ਵਾਰ 1970 ਤੇ 1986 ਵਿੱਚ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿੱਚ ਪਹੁੰਚਿਆ ਹੈ। -ਪੀਟੀਆਈ

ਦੱਖਣੀ ਕੋਰੀਆ ਨੇ ਚੈੱਕ ਗਣਰਾਜ ਨੂੰ ਹਰਾਇਆ

ਗੁਆਡਾਲਾਜਾਰਾ (ਮੈਕਸਿਕੋ): ਹਵਾਂਗ ਇਨ-ਬੀਓਮ ਦੇ ਸ਼ਾਨਦਾਰ ਗੋਲ ਤੇ ਓਹ ਹਿਓਨ-ਗਿਊ ਵੱਲੋਂ 80ਵੇਂ ਮਿੰਟ ਵਿੱਚ ਕੀਤੇ ਫੈਸਲਾਕੁਨ ਗੋਲ ਦੀ ਬਦੌਲਤ ਦੱਖਣੀ ਕੋਰੀਆ ਨੇ 1-0 ਨਾਲ ਪੱਛੜਨ ਮਗਰੋਂ ਜ਼ੋਰਦਾਰ ਵਾਪਸੀ ਕਰਦਿਆਂ ਵੀਰਵਾਰ ਰਾਤੀਂ ਫੀਫਾ ਫੁਟਬਾਲ ਆਲਮੀ ਕੱਪ ਦੇ ਦੂਜੇ ਮੈਚ ਵਿੱਚ ਚੈੱਕ ਗਣਰਾਜ ਨੂੰ 2-1 ਨਾਲ ਹਰਾ ਦਿੱਤਾ। ਪਹਿਲੇ ਅੱਧ ਵਿੱਚ ਦੋਵਾਂ ਟੀਮਾਂ ਦਾ ਪ੍ਰਦਰਸ਼ਨ ਕੁਝ ਖਾਸ ਨਹੀਂ ਸੀ ਤੇ ਮੈਦਾਨ ਤੋਂ ਬਾਹਰ ਜਾਂਦਿਆਂ ਦਰਸ਼ਕਾਂ ਨੇ ਹੂਟਿੰਗ ਕੀਤੀ। ਚੈੱਕ ਗਣਰਾਜ ਲਈ 59ਵੇਂ ਮਿੰਟ ਵਿੱਚ ਕਪਤਾਨ ਲਾਦਿਸਲਾਵ ਕਰੇਜ਼ੀ ਨੇ ਹੈੱਡਰ ਨਾਲ ਸ਼ਾਨਦਾਰ ਗੋਲ ਕਰ ਕੇ ਟੀਮ ਨੂੰ 1-0 ਦੀ ਲੀਡ ਦਿਵਾਈ; ਹਾਲਾਂਕਿ ਕੋਰਿਆਈ ਟੀਮ ਨੇ 67ਵੇਂ ਮਿੰਟ ਵਿੱਚ ਹਵਾਂਗ ਦੇ ਗੋਲ ਨਾਲ ਬਰਾਬਰੀ ਕਰ ਲਈ। ਓਹ ਹਿਓਨ-ਗਿਊ ਨੇ 80ਵੇਂ ਮਿੰਟ ਵਿੱਚ ਫੈਸਲਾਕੁਨ ਗੋਲ ਦਾਗਿਆ। ਮੈਚ ਦੌਰਾਨ ਸਟੇਡੀਅਮ ਵਿੱਚ ਸੈਂਕੜੇ ਸੀਟਾਂ ਖਾਲੀ ਰਹੀਆਂ।

Dailyhunt
Disclaimer: This content has not been generated, created or edited by Dailyhunt. Publisher: Punjabi Tribune