Dailyhunt Logo
  • Light mode
    Follow system
    Dark mode
    • Play Story
    • App Story

ਗੇਰੂਏ ਰੰਗ ਦੇ ਕੱਪੜਿਆਂ ਵਾਲਾ

ਗੇਰੂਏ ਰੰਗ ਦੇ ਕੱਪੜੇ ਪਹਿਨਣ ਵਾਲਾ ਸਾਧੂ ਸੁਭਾਅ ਦਾ ਮਾਲਕ ਸੀ ਫੋਟੋਗ੍ਰਾਫਰ ਹਰਭਜਨ ਬਾਜਵਾ। ਸਿਰ 'ਤੇ ਗੇਰੂਏ ਰੰਗ ਦਾ ਪਟਕਾ, ਗੀਝਿਆਂ ਵਾਲਾ ਝੱਗਾ, ਚੂੜੀਦਾਰ ਪਜਾਮੀ ਤੇ ਗਲ ਵਿੱਚ ਕੈਮਰਾ ਉਸ ਦੀ ਪਛਾਣ ਸੀ। ਜਿਹੜੇ ਉਸ ਨੂੰ ਨਹੀਂ ਜਾਣਦੇ ਸਨ, ਉਹ ਉਸ ਨੂੰ ਮੌਡਰਨ ਸਾਧ ਸਮਝਦੇ ਸਨ। ਡੇਢ ਦਹਾਕਾ ਪਹਿਲਾਂ ਉਹ ਮੈਨੂੰ ਪੰਚਕੂਲਾ ਮਿਲਣ ਆਇਆ ਤਾਂ ਮੇਰੇ ਆਂਢੀ-ਗੁਆਂਢੀ ਮੈਨੂੰ ਪੁੱਛਣ ਲੱਗੇ ਕਿ ਇਹ ਹਰਿਦੁਆਰ ਤੋਂ ਸਾਧੂ ਕੌਣ ਆਇਆ ਹੈ?

ਬਾਜਵਾ ਜਿਹੋ ਜਿਹਾ ਅੰਦਰੋਂ ਸੀ, ਉਸੇ ਤਰ੍ਹਾਂ ਦਾ ਬਾਹਰੋਂ ਸੀ। ਉਹ ਅਕਸਰ ਛੋਟਾ ਵੱਡਾ ਜਾਂ ਅਮੀਰ ਗ਼ਰੀਬ ਨਹੀਂ ਸੀ ਵੇਖਦਾ ਤੇ ਆਪਣੀ ਸਿੱਧੀ ਜਿਹੀ ਗੱਲ ਇੱਕ ਅੱਖ ਥੋੜ੍ਹੀ ਜਿਹੀ ਦੱਬ ਕੇ ਕਹਿ ਦਿੰਦਾ ਸੀ।
ਉਨ੍ਹੀਂ ਦਿਨੀਂ ਮੈਂ ਨਵਾਂ-ਨਵਾਂ ਪੱਤਰਕਾਰੀ ਦੇ ਖੇਤਰ ਵਿੱਚ ਆਇਆ ਸੀ। ਬਾਜਵਾ ਚੰਡੀਗੜ੍ਹ ਵਿੱਚ ਪੰਜਾਬੀ ਫਿਲਮਾਂ ਦੇ ਲੇਖਕ ਅਤੇ ਨਾਮੀ ਕਲਾਕਾਰ ਭਾਗ ਸਿੰਘ ਦੇ ਘਰ ਆਪਣੇ ਇਲਾਕੇ ਦੇ ਦੋਸਤ ਮਾਸਟਰ ਹਰਭਜਨ ਸਿੰਘ ਖੋਖਰ ਫ਼ੌਜੀਆਂ ਦੇ ਨਾਲ ਆਇਆ ਤਾਂ ਮੈਨੂੰ ਕਹਿਣ ਲੱਗਾ, ''ਚੱਲ ਮੇਰੇ ਨਾਲ। ਤੈਨੂੰ ਇੱਕ ਵੱਡੇ ਪੱਤਰਕਾਰ ਨਾਲ ਮਿਲਾਵਾਂ। ਉਹ ਮੇਰਾ ਯਾਰ ਹੈ।''
ਜਦੋਂ ਅਸੀਂ ਦੋਵੇਂ ਚੰਡੀਗੜ੍ਹ ਸੈਕਟਰ-23 ਦੇ ਸਰਕਾਰੀ ਮਕਾਨ ਵਿੱਚ ਉਸ ਨੂੰ ਮਿਲਣ ਗਏ ਤਾਂ ਉਹ ਅਜਿਹਾ ਨਿਕਲਿਆ ਕਿ ਉਸ ਨੇ ਘਰ ਦੇ ਵਿਹੜੇ ਦਾ ਗੇਟ ਤੱਕ ਨਹੀਂ ਖੋਲ੍ਹਿਆ, ਅੰਦਰੋਂ ਖੜ੍ਹੇ ਨੇ ਹੀ ਦੋ ਕੁ ਗੱਲਾਂ ਕੀਤੀਆਂ ਅਤੇ ਬਾਏ ਬਾਏ ਕਰ ਦਿੱਤੀ। ਇਸ ਦੌਰਾਨ ਬਾਜਵੇ ਨੇ ਉਸ ਦੇ ਮੂੰਹ 'ਤੇ ਹੀ ਮੈਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਸ ਵੱਡੇ ਪੱਤਰਕਾਰ ਦਾ ਕੋਈ ਕਸੂਰ ਨਹੀਂ, ਬਸ ਇਸ ਦੇ ਦਿਮਾਗ਼ 'ਤੇ ਅੰਗਰੇਜ਼ੀ ਪੱਤਰਕਾਰੀ ਚੜ੍ਹੀ ਹੋਈ ਹੈ। ਮੈਨੂੰ ਇਸ ਦੌਰਾਨ ਬਹੁਤ ਬੇਇੱਜ਼ਤੀ ਮਹਿਸੂਸ ਹੋਈ ਤਾਂ ਬਾਜਵੇ ਨੇ ਮੈਨੂੰ ਹੌਸਲਾ ਦਿੰਦੇ ਹੋਏ ਕਿਹਾ, ''ਸਮੇਂ ਸਮੇਂ ਦੀ ਗੱਲ ਹੁੰਦੀ ਹੈ। ਅੱਜ ਇਸ ਦਾ ਸਮਾਂ ਹੈ ਤੇ ਕੱਲ੍ਹ ਨੂੰ ਸਾਡਾ ਸਮਾਂ ਹੋਵੇਗਾ। ਤੇਰੇ ਹਰਿਆਣਾ ਵਿੱਚ ਇਸ ਨੂੰ ਕਹਿੰਦੇ ਹਨ: 'ਆਜ ਤੁਮਾਹਰੇ ਕਹਿਣੇ ਕੇ ਦਿਨ ਹੈਂ ਔਰ ਹਮਾਰੇ ਸਹਿਣੇ ਕੇ ਦਿਨ ਹੈਂ ਕੱਲ੍ਹ ਹਮਾਰੇ ਕਹਿਣੇ ਕੇ ਦਿਨ ਹੋਗੇਂ ਔਰ ਤੇਰੇ ਸਹਿਣੇ ਕੇ ਦਿਨ ਹੋਣਗੇ'।'' ਇੱਕ ਵਾਰ ਬਾਜਵਾ ਡੇਢ ਦਹਾਕੇ ਬਾਅਦ ਮੈਨੂੰ ਪੰਚਕੂਲਾ ਮਿਲਣ ਆਇਆ। ਮੈਂ ਉਸ ਨੂੰ ਆਪਣੇ ਕਈ ਜਾਣਕਾਰ ਫੋਟੋ ਜਰਨਲਿਸਟਾਂ ਨਾਲ ਮਿਲਾਇਆ। ਜਿਹੜੇ ਪ੍ਰੈੱਸ ਫੋਟੋਗਰਾਫਰੀ ਦਾ ਲੰਮਾ ਤਜਰਬਾ ਰੱਖਦੇ ਸਨ। ਬਾਜਵੇ ਨੇ ਉਨ੍ਹਾਂ ਦੇ ਮੂੰਹ 'ਤੇ ਕਹਿ ਦਿੱਤਾ, ''ਇਹ ਕਾਹਦੇ ਫੋਟੋਗ੍ਰਾਫਰ ਹਨ ਜਿਹੜੇ ਡਿਜੀਟਲ ਕੈਮਰੇ ਚੁੱਕੀ ਫਿਰਦੇ ਹਨ। ਸਾਰਾ ਆਰਟ ਦਾ ਕੰਮ ਤਾਂ ਡਿਜੀਟਲ ਕੈਮਰੇ ਕਰਦੇ ਹਨ ਇਸ ਵਿੱਚ ਇਨ੍ਹਾਂ ਨੇ ਕੀ ਕਰਨਾ ਹੈ।
ਜਿਹੜਾ ਦੇਸੀ ਕੈਮਰਾ ਮੈਂ ਗਲ਼ ਵਿੱਚ ਪਾਇਆ ਹੈ ਇਸ ਨਾਲ ਕੰਮ ਕਰ ਕੇ ਵਿਖਾਉਣ ਤਾਂ ਇਨ੍ਹਾਂ ਫੋਟੋਗ੍ਰਾਫਰਾਂ ਨੂੰ ਮੰਨਾਂ। ਬਾਜਵਾ ਅੱਜ ਹੈ ਤੋਂ ਸੀ ਬਣ ਗਿਆ, ਪਰ ਉਸ ਦੀਆਂ ਯਾਦਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕੋਲ ਹਮੇਸ਼ਾ ਪੰਜਾਬੀ ਜਗਤ ਦੀਆਂ ਅਹਿਮ ਤਸਵੀਰਾਂ ਹੁੰਦੀਆਂ ਸਨ ਤੇ ਉਹ ਇਨ੍ਹਾਂ ਤਸਵੀਰਾਂ ਨੂੰ ਅਕਸਰ ਦਿਖਾਉਂਦਿਆਂ ਕਹਿੰਦਾ ਸੀ, ''ਕੀ ਕਿਸੇ ਹੋਰ ਕੋਲ ਹਨ ਅਜਿਹੀਆਂ ਤਸਵੀਰਾਂ ਜਿਹੜੀਆਂ ਮੈਂ ਖਿੱਚੀਆਂ ਹਨ?'' ਹਰਭਜਨ ਬਾਜਵਾ ਬੇਬਾਕ ਵਿਅਕਤੀ ਸੀ। ਉਸ ਨੇ ਸਾਰੀ ਉਮਰ ਘੁੰਮਦੇ ਘੁੰਮਾਉਂਦੇ ਹੋਏ ਫ਼ਕੀਰੀ ਵਿੱਚ ਗੁਜ਼ਾਰੀ। ਉਸ ਨੇ ਫੋਟੋਗ੍ਰਾਫੀ ਵਿੱਚ ਵਿਲੱਖਣ ਪੈੜਾਂ ਪਾਈਆ। ਸੋਭਾ ਸਿੰਘ ਆਰਟਿਸਟ ਦਾ ਉਹ ਸ਼ਾਗਿਰਦ ਸੀ। ਉਹ ਅਕਸਰ ਮਰਹੂਮ ਕਲਾਕਾਰ ਭਾਗ ਸਿੰਘ ਕੋਲ ਚੰਡੀਗੜ੍ਹ ਆਉਂਦਾ ਜਾਂਦਾ ਸੀ ਅਤੇ ਚੰਡੀਗੜ੍ਹ ਪੱਤਰਕਾਰਾਂ ਤੇ ਕਲਾਕਾਰਾਂ ਦਾ ਗੜ੍ਹ ਹੋਣ ਕਾਰਨ ਇਨ੍ਹਾਂ ਨੂੰ ਮਿਲਣ ਆਉਂਦਾ ਰਹਿੰਦਾ।
ਇੱਕ ਅੱਖ ਦੱਬ ਕੇ ਕਿਸੇ ਨੂੰ ਤਿੱਖੀ ਤੇ ਸਪੱਸ਼ਟ ਗੱਲ ਕਹਿਣੀ ਉਸ ਦਾ ਸੁਭਾਅ ਸੀ। ਜੇ ਕਿਸੇ ਨੇ ਉਸ ਨੂੰ ਅੱਖ ਦੱਬਣ ਬਾਰੇ ਕਹਿਣਾ ਤਾਂ ਬਾਜਵਾ ਨੇ ਅੱਗੋਂ ਕਹਿਣਾ ਕਿ ਫੋਟੋਗ੍ਰਾਫਰਾਂ ਦੀ ਅੱਖ ਛੋਟੀ ਵੱਡੀ ਹੁੰਦੀ ਹੈ। ਉਸ ਨੇ ਕਵਿਤਾਵਾਂ ਦੀਆਂ ਤਿੰਨ ਕਿਤਾਬਾਂ ਵੀ ਲਿਖੀਆਂ ਸਨ ਅਤੇ ਉਸ ਨੂੰ ਕਈ ਐਵਾਰਡ ਵੀ ਪ੍ਰਾਪਤ ਹੋਏ ਸਨ। ਬਾਜਵਾਂ ਦੀਆਂ ਗੱਲਾਂ-ਬਾਤਾਂ ਉਸ ਦੀਆਂ ਯਾਦਾਂ ਨਾਲ ਜੁੜੀਆਂ ਰਹਿਣਗੀਆਂ।

Dailyhunt
Disclaimer: This content has not been generated, created or edited by Dailyhunt. Publisher: Punjabi Tribune