Dailyhunt

ਘੱਟ-ਗਿਣਤੀਆਂ ਤੇ ਦਲਿਤਾਂ ਲਈ ਆਵਾਜ਼ ਬੁਲੰਦ ਕਰਨ ਦਾ ਸੱਦਾ

ਦੇਸ਼ ਦੀ ਆਜ਼ਾਦੀ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਆਗੂ ਰਹੇ ਬਾਬਾ ਭਗਤ ਸਿੰਘ ਬਿਲਗਾ ਦਾ ਅੱਜ ਇੱਥੇ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਆਰ ਐੱਮ ਪੀ ਆਈ ਦੇ ਕੌਮੀ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਦੇਸ਼ ਵਿੱਚ ਚੱਲ ਰਹੇ ਅੰਦੋਲਨਾਂ ਨੂੰ ਅਜੋਕੇ ਦੌਰ ਦੇ ਸੰਦਰਭ ਵਿੱਚ ਹੀ ਵਾਚਿਆ ਜਾਣਾ ਚਾਹੀਦਾ ਹੈ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਿਸ ਤਰ੍ਹਾਂ ਦੇ ਦੇਸ਼ ਦੇ ਹਾਲਾਤ ਬਣੇ ਹੋਏ ਹਨ, ਉਸੇ ਢੰਗ ਦਾ ਹੀ ਤਿੱਖਾ ਸੰਘਰਸ਼ ਉਲੀਕਣਾ ਚਾਹੀਦਾ ਹੈ।
ਮੰਗਤ ਰਾਮ ਪਾਸਲਾ ਨੇ ਬਾਬਾ ਬਿਲਗਾ ਦੇ ਜੀਵਨ 'ਤੇ ਚਾਨਣਾ ਪਾਉਂਦਿਆਂ ਕਿਹਾ ਕਿ ਉਹ ਸਾਰੀਆਂ ਖੱਬੀਆਂ ਧਿਰਾਂ ਵਿੱਚ ਹਮੇਸ਼ਾ ਏਕਤਾ ਬਣਾ ਕੇ ਰੱਖਦੇ ਸਨ ਅਤੇ ਅਜੋਕੇ ਦੌਰ ਵਿੱਚ ਇਸ ਏਕਤਾ ਦੀ ਬਹੁਤ ਵੱਡੀ ਲੋੜ ਹੈ। ਉਨ੍ਹਾਂ ਚਿੰਤਾ ਪ੍ਰਗਟਾਈ ਕਿ ਜਿਸ ਢੰਗ ਨਾਲ ਦੇਸ਼ ਵਿੱਚ ਘੱਟ ਗਿਣਤੀਆਂ, ਦਲਿਤਾਂ ਅਤੇ ਔਰਤਾਂ ਲਈ ਮਾੜੇ ਹਾਲਾਤ ਬਣ ਰਹੇ ਹਨ, ਉਸ ਦੇ ਹਾਣ ਦਾ ਹੀ ਸੰਘਰਸ਼ ਹੋਣਾ ਬੇਹੱਦ ਜ਼ਰੂਰੀ ਹੈ।
ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਮੌਜੂਦਾ ਪ੍ਰਧਾਨ ਕੁਲਵੰਤ ਸਿੰਘ ਸੰਧੂ ਨੇ ਦੇਸ਼ ਦੀ ਆਜ਼ਾਦੀ ਲਈ ਬਾਬਾ ਬਿਲਗਾ ਸਮੇਤ ਇਲਾਕੇ ਦੇ ਹੋਰ ਪਿੰਡਾਂ ਵੱਲੋਂ ਪਾਏ ਗਏ ਵੱਡੇ ਯੋਗਦਾਨ ਦੀ ਵਿਸਥਾਰ ਨਾਲ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਬਾਬਾ ਬਿਲਗਾ ਹਮੇਸ਼ਾ ਇੱਕ ਚੰਗੇ ਅਤੇ ਬਰਾਬਰਤਾ ਵਾਲੇ ਸਮਾਜ ਦੀ ਸਿਰਜਣਾ ਲਈ ਨੌਜਵਾਨਾਂ ਨੂੰ ਅੱਗੇ ਆਉਣ ਦਾ ਸੱਦਾ ਦਿੰਦੇ ਰਹੇ ਸਨ।
ਸਮਾਗਮ ਦੌਰਾਨ ਅਜਮੇਰ ਸਿੰਘ ਸਮਰਾ, ਸੁਰਿੰਦਰਾ ਕੁਮਾਰੀ ਕੋਛੜ, ਬਾਬਾ ਬਿਲਗਾ ਦੇ ਸਪੁੱਤਰ ਕੁਲਵੀਰ ਸਿੰਘ ਸੰਘੇੜਾ, ਸੰਤੋਖ ਸਿੰਘ ਬਿਲਗਾ, ਕ੍ਰਿਸ਼ਨਾ ਕੁਮਾਰੀ, ਸੰਤੋਖ ਸਿੰਘ ਸੰਧੂ, ਪ੍ਰਸ਼ੋਤਮ ਬਿਲਗਾ, ਡਾਕਟਰ ਸਰਬਜੀਤ ਮੁਠੱਡਾ, ਹੰਸ ਰਾਜ ਪੱਬਵਾ, ਰਣਜੀਤ ਸਿੰਘ ਅਤੇ ਡਾਕਟਰ ਜਸਵਿੰਦਰ ਸਿੰਘ ਬਿਲਗਾ ਸਮੇਤ ਹੋਰ ਵੀ ਕਈ ਪਤਵੰਤੇ ਹਾਜ਼ਰ ਸਨ।

Dailyhunt
Disclaimer: This content has not been generated, created or edited by Dailyhunt. Publisher: Punjabi Tribune