Dailyhunt Logo
  • Light mode
    Follow system
    Dark mode
    • Play Story
    • App Story

ਗੀਤਕਾਰ ਰਾਜ ਕਾਕੜਾ ਦੀ ਪੁਸਤਕ 'ਪੈਂਡਾ' ਰਿਲੀਜ਼

ਰੀ : ਪੰਜਾਬੀ ਗੀਤਕਾਰੀ ਦੇ ਪ੍ਰਸਿੱਧ ਹਸਤਾਖਰ ਰਾਜ ਕਾਕੜਾ ਦੀ ਨਵੀਂ ਪੁਸਤਕ 'ਪੈਂਡਾ' ਸਰੀ ਦੇ ਸ਼ਾਹੀ ਕੇਟਰਿੰਗ ਹਾਲ ਵਿੱਚ ਰਿਲੀਜ਼ ਕੀਤੀ ਗਈ। ਸਾਹਿਤ, ਸੰਗੀਤ ਅਤੇ ਸਮਾਜਿਕ ਖੇਤਰ ਨਾਲ ਜੁੜੀਆਂ ਨਾਮਵਰ ਸ਼ਖ਼ਸੀਅਤਾਂ ਦੀ ਹਾਜ਼ਰੀ ਨੇ ਇਸ ਸਮਾਗਮ ਨੂੰ ਸਾਹਿਤਕ ਮੇਲੇ ਦਾ ਰੂਪ ਦੇ ਦਿੱਤਾ। ਵੱਡੀ ਗਿਣਤੀ ਵਿੱਚ ਪਹੁੰਚੇ ਸਾਹਿਤ ਪ੍ਰੇਮੀਆਂ, ਕਲਾਕਾਰਾਂ, ਬੁੱਧੀਜੀਵੀਆਂ, ਸਿਆਸੀ ਆਗੂਆਂ ਅਤੇ ਰਾਜ ਕਾਕੜਾ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਨਵੀਂ ਪੁਸਤਕ ਲਈ ਦਿਲੋਂ ਵਧਾਈਆਂ ਦਿੱਤੀਆਂ।

ਸਮਾਗਮ ਵਿੱਚ ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ ਅਤੇ ਵਿਧਾਇਕ ਮਨਦੀਪ ਸਿੰਘ ਧਾਲੀਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਪੁਸਤਕ ਰਿਲੀਜ਼ ਕਰਦਿਆਂ ਕਿਹਾ ਕਿ ਵਿਦੇਸ਼ਾਂ ਵਿੱਚ ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਜੀਵੰਤ ਰੱਖਣ ਲਈ ਅਜਿਹੇ ਸਾਹਿਤਕ ਉਪਰਾਲੇ ਬਹੁਤ ਮਹੱਤਵਪੂਰਨ ਹਨ। ਉਨ੍ਹਾਂ ਨੇ ਰਾਜ ਕਾਕੜਾ ਦੀ ਸਾਹਿਤਕ ਅਤੇ ਗੀਤਕਾਰੀ ਯਾਤਰਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਲਿਖਤ ਸਮਾਜ ਦੇ ਹਾਸ਼ੀਏ 'ਤੇ ਖੜ੍ਹੇ ਆਮ ਇਨਸਾਨ ਦੀ ਆਵਾਜ਼ ਨੂੰ ਬੜੀ ਸੰਵੇਦਨਸ਼ੀਲਤਾ ਨਾਲ ਪੇਸ਼ ਕਰਦੀ ਹੈ।
ਬੁਲਾਰਿਆਂ ਨੇ ਕਿਹਾ ਕਿ 'ਪੈਂਡਾ' ਸਿਰਫ਼ ਇੱਕ ਪੁਸਤਕ ਨਹੀਂ, ਸਗੋਂ ਮਨੁੱਖੀ ਜੀਵਨ ਦੇ ਉਤਰਾਅ-ਚੜ੍ਹਾਅ, ਸੰਘਰਸ਼ਾਂ, ਰਿਸ਼ਤਿਆਂ, ਸਮਾਜਿਕ ਸਰੋਕਾਰਾਂ ਅਤੇ ਅੰਦਰੂਨੀ ਅਹਿਸਾਸਾਂ ਦਾ ਇੱਕ ਸੱਚਾ ਦਸਤਾਵੇਜ਼ ਹੈ। ਉਨ੍ਹਾਂ ਕਿਹਾ ਕਿ ਰਾਜ ਕਾਕੜਾ ਨੇ ਆਪਣੀ ਵਿਲੱਖਣ ਲਿਖਣ-ਸ਼ੈਲੀ ਰਾਹੀਂ ਹਮੇਸ਼ਾ ਸਮਾਜ ਦੀ ਨਬਜ਼ ਨੂੰ ਪਛਾਣਿਆ ਹੈ ਅਤੇ ਉਨ੍ਹਾਂ ਦੀ ਰਚਨਾ ਵਿੱਚ ਲੋਕ ਜੀਵਨ ਦੀ ਸਾਦਗੀ, ਦਰਦ, ਆਸ ਅਤੇ ਹਕੀਕਤ ਦਾ ਸੁੰਦਰ ਮੇਲ ਨਜ਼ਰ ਆਉਂਦਾ ਹੈ। ਬੁਲਾਰਿਆਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਇਹ ਪੁਸਤਕ ਪੰਜਾਬੀ ਸਾਹਿਤ ਵਿੱਚ ਆਪਣੀ ਵਿਲੱਖਣ ਥਾਂ ਬਣਾਏਗੀ ਅਤੇ ਪਾਠਕਾਂ ਵੱਲੋਂ ਭਰਪੂਰ ਪਿਆਰ ਹਾਸਲ ਕਰੇਗੀ।
ਰਾਜ ਕਾਕੜਾ ਨੇ ਆਪਣੇ ਧੰਨਵਾਦੀ ਸੰਬੋਧਨ ਵਿੱਚ ਕਿਹਾ ਕਿ ਲੇਖਕ ਲਈ ਪਾਠਕਾਂ ਦਾ ਪਿਆਰ ਸਭ ਤੋਂ ਵੱਡਾ ਸਨਮਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਹਰ ਰਚਨਾ ਦੇ ਪਿੱਛੇ ਪਾਠਕਾਂ ਦਾ ਭਰੋਸਾ, ਦੋਸਤਾਂ ਦਾ ਸਾਥ ਅਤੇ ਕਲਾ ਪ੍ਰੇਮੀਆਂ ਦੀ ਹੌਸਲਾ-ਅਫ਼ਜ਼ਾਈ ਹੀ ਸਭ ਤੋਂ ਵੱਡੀ ਪ੍ਰੇਰਣਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ 'ਪੈਂਡਾ' ਵੀ ਪਾਠਕਾਂ ਦੇ ਦਿਲਾਂ ਤੱਕ ਆਪਣਾ ਰਾਹ ਬਣਾਏਗੀ ਅਤੇ ਉਨ੍ਹਾਂ ਨੂੰ ਸੋਚਣ ਲਈ ਨਵਾਂ ਦ੍ਰਿਸ਼ਟੀਕੋਣ ਦੇਵੇਗੀ। ਉਨ੍ਹਾਂ ਸਮਾਗਮ ਵਿੱਚ ਸ਼ਾਮਲ ਹੋਏ ਸਾਰੇ ਮਹਿਮਾਨਾਂ ਅਤੇ ਸਹਿਯੋਗੀਆਂ ਦਾ ਦਿਲੋਂ ਧੰਨਵਾਦ ਕੀਤਾ।
ਸਮਾਗਮ ਦੌਰਾਨ ਸਾਹਿਤ ਅਤੇ ਸੰਗੀਤ ਨਾਲ ਜੁੜੀਆਂ ਕਈ ਪ੍ਰਸਿੱਧ ਸ਼ਖ਼ਸੀਅਤਾਂ ਨੇ ਰਾਜ ਕਾਕੜਾ ਨਾਲ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਉਨ੍ਹਾਂ ਦੀ ਰਚਨਾਤਮਕਤਾ ਅਤੇ ਪੰਜਾਬੀ ਭਾਸ਼ਾ ਪ੍ਰਤੀ ਸਮਰਪਣ ਦੀ ਭਰਪੂਰ ਪ੍ਰਸ਼ੰਸਾ ਕੀਤੀ।
ਇਸ ਮੌਕੇ ਪ੍ਰਸਿੱਧ ਗਾਇਕ ਨਛੱਤਰ ਗਿੱਲ, ਗੀਤਕਾਰ ਅਤੇ ਗਾਇਕ ਦੇਬੀ ਮਖਸੂਸਪੁਰੀ, ਗੀਤਕਾਰ ਗਿੱਲ ਰੌਂਤਾ, ਹਰਜਿੰਦਰ ਥਿੰਦ, ਡਾ. ਮਲਕੀਤ ਸਿੰਘ ਸਿੱਧੂ, ਕੁਲਬੀਰ ਸਿੰਘ ਬੈਣੀਵਾਲ, ਡਾ. ਜਸਵਿੰਦਰ ਸਿੰਘ ਦਿਲਾਵਰੀ, ਹਰਮੀਤ ਸਿੰਘ ਖੁੱਡੀਆਂ, ਹੈਰੀ ਸੱਚਦੇਵਾ, ਪ੍ਰੀਆ ਨਿੱਜਰ, ਸਾਹਿਬ ਸਿੰਘ ਥਿੰਦ ਸਮੇਤ ਸਾਹਿਤ, ਕਲਾ, ਸਮਾਜਿਕ ਅਤੇ ਰਾਜਨੀਤਕ ਖੇਤਰਾਂ ਨਾਲ ਸਬੰਧਿਤ ਅਨੇਕਾਂ ਪ੍ਰਮੁੱਖ ਸ਼ਖ਼ਸੀਅਤਾਂ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਸਮੁੱਚੇ ਸਮਾਗਮ ਦਾ ਮੰਚ ਸੰਚਾਲਨ ਹਰਪ੍ਰੀਤ ਸਿੰਘ ਧਾਲੀਵਾਲ ਨੇ ਕੀਤਾ।
ਸੰਪਰਕ: +1 604 308 6663

Dailyhunt
Disclaimer: This content has not been generated, created or edited by Dailyhunt. Publisher: Punjabi Tribune