Dailyhunt

ਗ੍ਰਨੇਡ ਹਮਲਾ ਮਾਮਲੇ 'ਚ 24 ਘੰਟੇ ਬਾਅਦ ਵੀ ਪੁਲੀਸ ਦੇ ਹੱਥ ਖਾਲੀ

ਚੰਡੀਗੜ੍ਹ ਦੇ ਸੈਕਟਰ 37 ਸਥਿਤ ਪੰਜਾਬ ਭਾਜਪਾ ਦੇ ਦਫ਼ਤਰ ਦੇ ਬਾਹਰ ਬੁੱਧਵਾਰ ਸ਼ਾਮ ਨੂੰ ਹੋਏ ਧਮਾਕੇ ਤੋਂ 24 ਘੰਟੇ ਬਾਅਦ ਵੀ ਪੁਲੀਸ ਦੇ ਹੱਥ ਕੁਝ ਨਹੀਂ ਲੱਗ ਸਕਿਆ ਹੈ। ਦੂਜੇ ਪਾਸੇ ਪੁਲੀਸ ਨੇ ਅੱਜ ਪੰਜਾਬ ਭਾਜਪਾ ਦੇ ਦਫ਼ਤਰ ਦੀ ਸੁਰੱਖਿਆ ਵਧਾ ਦਿੱਤੀ ਹੈ। ਇਸ ਦੌਰਾਨ ਭਾਜਪਾ ਦਫ਼ਤਰ ਦੇ ਅਗਲੀ ਸੜਕ ਨੂੰ ਬੈਰੀਕੇਡ ਲਗਾ ਕੇ ਆਮ ਵਾਹਨਾਂ ਲਈ ਬੰਦ ਕਰ ਦਿੱਤਾ ਹੈ।

ਪੁਲੀਸ ਵੱਲੋਂ ਭਾਜਪਾ ਦਫ਼ਤਰ ਦੇ ਆਲੇ-ਦੁਆਲੇ ਸ਼ੱਕੀ ਵਿਅਕਤੀਆਂ ਨੂੰ ਰੋਕ ਕੇ ਤਲਾਸ਼ੀ ਲਈ ਵੀ ਜਾ ਰਹੀ ਹੈ।
ਪੰਜਾਬ ਭਾਜਪਾ ਦਫ਼ਤਰ ਦੇ ਬਾਹਰ ਹੋਏ ਧਮਾਕੇ ਨੂੰ ਲੈ ਕੇ ਚੰਡੀਗੜ੍ਹ ਪੁਲੀਸ ਦੀ ਅਪਰਾਧ ਸ਼ਾਖਾ, ਜ਼ਿਲ੍ਹਾ ਕ੍ਰਾਈਮ ਸੈੱਲ, ਐੱਨ ਆਈ ਏ ਅਤੇ ਸੀ ਐੱਫ ਐੱਸ ਐੱਲ ਦੀ ਟੀਮਾਂ ਵੀ ਜਾਂਚ ਵਿੱਚ ਜੁਟੀਆਂ ਹੋਈਆਂ ਹਨ। ਇਨ੍ਹਾਂ ਨੇ ਘਟਨਾ ਵਾਲੀ ਥਾਂ ਤੋਂ ਵੱਖ-ਵੱਖ ਸਬੂਤ ਇਕੱਠੇ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਚੰਡੀਗੜ੍ਹ ਪੁਲੀਸ ਤੇ ਐੱਨ ਆਈ ਏ ਵੱਲੋਂ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸਾਰੇ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਕੇ ਖੰਗਾਲੀ ਜਾ ਰਹੀ ਹੈ। ਇਸ ਤੋਂ ਇਲਾਵਾ ਪੁਲੀਸ ਵੱਲੋਂ ਮੋਬਾਈਲ ਟਾਵਰ ਦੇ ਡੰਪ ਨੂੰ ਵੀ ਖੰਗਾਲਿਆ ਜਾ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬੁੱਧਵਾਰ ਸ਼ਾਮ ਨੂੰ ਦੋ ਵਿਅਕਤੀਆਂ ਨੇ ਪਹਿਲਾਂ ਭਾਜਪਾ ਦਫ਼ਤਰ ਦੇ ਬਾਹਰ ਰੇਕੀ ਕੀਤੀ ਹੈ। ਇਸ ਤੋਂ ਬਾਅਦ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਸ ਦੌਰਾਨ ਹਮਲਾਵਰਾਂ ਨੇ ਗ੍ਰਨੇਡ ਸੁੱਟਣ ਦੀ ਵੀਡੀਓ ਵੀ ਬਣਾਈ ਹੈ।
ਪੁਲੀਸ ਵੱਲੋਂ ਇਹ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵੀਡੀਓ ਵਾਇਰਲ ਕਿਸ ਨੰਬਰ ਤੋਂ ਹੋਈ ਹੈ। ਪਰ 24 ਘੰਟੇ ਬਾਅਦ ਵੀ ਪੁਲੀਸ ਦੇ ਹੱਥ ਕੁਝ ਨਹੀਂ ਲੱਗ ਸਕਿਆ।

Dailyhunt
Disclaimer: This content has not been generated, created or edited by Dailyhunt. Publisher: Punjabi Tribune