Dailyhunt Logo
  • Light mode
    Follow system
    Dark mode
    • Play Story
    • App Story

ਗੁਰੂ ਨਾਨਕ ਦੇਵ ਜੀ: ਮਹਾਨ ਜਨ-ਸੰਚਾਰਕ

ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ ਦਾ ਇੱਕ ਅਜਿਹਾ ਵਿਲੱਖਣ ਪੱਖ ਵੀ ਹੈ, ਜਿਸ ਵੱਲ ਉਨ੍ਹਾਂ ਦੀ ਅਧਿਆਤਮਕ ਅਤੇ ਸਮਾਜਿਕ ਮਹਾਨਤਾ ਦੇ ਮੁਕਾਬਲਤਨ ਘੱਟ ਧਿਆਨ ਦਿੱਤਾ ਗਿਆ ਹੈ। ਇਹ ਪੱਖ ਹੈ ਲੋਕਾਂ ਨਾਲ ਸੰਵਾਦ ਰਚਾਉਣ, ਉਨ੍ਹਾਂ ਦੀ ਮਾਨਸਿਕਤਾ ਨੂੰ ਸਮਝਣ ਅਤੇ ਆਪਣੇ ਵਿਚਾਰਾਂ ਰਾਹੀਂ ਉਨ੍ਹਾਂ ਦੀ ਸੋਚ ਨੂੰ ਨਵੀਂ ਦਿਸ਼ਾ ਦੇਣ ਦੀ ਅਦਭੁੱਤ ਸਮਰੱਥਾ। ਜੇ ਆਧੁਨਿਕ ਜਨ-ਸੰਚਾਰ (Mass Communication) ਦੇ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਗੁਰੂ ਸਾਹਿਬ ਦੀ ਇਹ ਪਹੁੰਚ ਇੱਕ ਅਜਿਹੀ ਮਿਸਾਲ ਹੈ, ਜਿਸ ਵਿੱਚ ਸੰਦੇਸ਼ ਦੇਣ ਦੀ ਕਲਾ ਦੇ ਨਾਲ-ਨਾਲ ਲੋਕਾਂ ਦੇ ਮਨਾਂ ਤੱਕ ਪਹੁੰਚਣ ਦੀ ਡੂੰਘੀ ਸੂਝ ਸਮਾਈ ਹੋਈ ਹੈ।

ਅੱਜ ਤੋਂ ਲਗਪਗ ਸਾਢੇ ਪੰਜ ਸੌ ਸਾਲ ਪਹਿਲਾਂ ਸੰਚਾਰ ਦੇ ਆਧੁਨਿਕ ਸਾਧਨਾਂ ਦਾ ਕੋਈ ਵਜੂਦ ਨਹੀਂ ਸੀ। ਉਸ ਦੌਰ ਵਿੱਚ ਬਾਬਾ ਨਾਨਕ ਨੇ ਜਿਸ ਢੰਗ ਨਾਲ ਮਨੁੱਖੀ ਮਨਾਂ ਨਾਲ ਰਾਬਤਾ ਕਾਇਮ ਕੀਤਾ, ਉਹ ਅੱਜ ਵੀ ਵਿਚਾਰ ਅਤੇ ਖੋਜ ਦਾ ਵਿਸ਼ਾ ਹੈ। ਜਨ-ਸੰਚਾਰ ਦਾ ਵਿਦਿਆਰਥੀ ਹੋਣ ਨਾਤੇ ਜਦੋਂ ਮੈਂ ਸੰਚਾਰ ਦੇ ਸਿਧਾਂਤਾਂ, ਇਸ ਦੀਆਂ ਵਿਧੀਆਂ ਅਤੇ ਸਮਾਜ ਉੱਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਵਿਚਾਰ ਕਰਦਾ ਹਾਂ ਤਾਂ ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ ਇੱਕ ਵਿਲੱਖਣ ਮਿਸਾਲ ਵਜੋਂ ਸਾਹਮਣੇ ਆਉਂਦੀ ਹੈ। ਮੇਰੇ ਲਈ ਉਨ੍ਹਾਂ ਤੋਂ ਵੱਡਾ ਜਨ-ਸੰਚਾਰਕ ਕੋਈ ਹੋਰ ਨਹੀਂ ਹੋ ਸਕਦਾ। ਆਧੁਨਿਕ ਸੰਚਾਰ-ਵਿਗਿਆਨ ਵਿੱਚ ਸੰਦੇਸ਼ ਦੇਣ ਵਾਲਾ (Sender), ਸੰਦੇਸ਼ ਪ੍ਰਾਪਤ ਕਰਨ ਵਾਲਾ (Receiver), ਸੰਦੇਸ਼, ਮਾਧਿਅਮ ਅਤੇ ਪ੍ਰਤੀਕਿਰਿਆ ਨੂੰ ਸੰਚਾਰ-ਪ੍ਰਕਿਰਿਆ (Communication Process) ਦੇ ਅਹਿਮ ਅੰਗ ਮੰਨਿਆ ਜਾਂਦਾ ਹੈ। ਗੁਰੂ ਸਾਹਿਬ ਦੀ ਪਹੁੰਚ ਵਿੱਚ ਇਹ ਸਾਰੇ ਤੱਤ ਆਪਣੇ ਸੁਭਾਵਿਕ ਰੂਪ ਵਿੱਚ ਮੌਜੂਦ ਸਨ। ਉਨ੍ਹਾਂ ਦੀ ਖ਼ਾਸੀਅਤ ਇਹ ਸੀ ਕਿ ਉਹ ਸਿਰਫ਼ ਆਪਣੀ ਗੱਲ ਕਹਿਣ ਤੱਕ ਸੀਮਿਤ ਨਹੀਂ ਰਹਿੰਦੇ ਸਨ ਸਗੋਂ ਸਾਹਮਣੇ ਵਾਲੇ ਦੀ ਸੋਚ, ਸਵਾਲ ਅਤੇ ਮਨੋਦਸ਼ਾ ਨੂੰ ਸਮਝ ਕੇ ਸੰਵਾਦ ਅੱਗੇ ਤੋਰਦੇ ਸਨ।
ਸੰਚਾਰ ਦਾ ਇੱਕ ਬੁਨਿਆਦੀ ਅਸੂਲ ਹੈ ਕਿ ਇਹ ਇਕਤਰਫ਼ਾ ਨਹੀਂ ਸਗੋਂ ਦੁਵੱਲਾ ਹੋਣਾ ਚਾਹੀਦਾ ਹੈ। ਸਿਰਫ਼ ਬੋਲਣਾ ਸੰਚਾਰ ਨਹੀਂ ਹੁੰਦਾ; ਸਾਹਮਣੇ ਵਾਲੇ ਨੂੰ ਸੁਣਨਾ, ਉਸ ਦੇ ਵਿਚਾਰਾਂ ਨੂੰ ਸਮਝਣਾ ਅਤੇ ਉਸ ਦੀ ਪ੍ਰਤੀਕਿਰਿਆ ਅਨੁਸਾਰ ਆਪਣੀ ਗੱਲ ਸਪੱਸ਼ਟ ਕਰਨਾ ਵੀ ਇਸ ਦਾ ਅਹਿਮ ਹਿੱਸਾ ਹੈ। ਗੁਰਬਾਣੀ ਦਾ ਫ਼ਰਮਾਨ ਹੈ:
ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ।।
ਇਹ ਤੁਕ ਸੁਣਨ ਅਤੇ ਕਹਿਣ ਦੇ ਸੰਤੁਲਨ ਦੀ ਅਹਿਮੀਅਤ ਨੂੰ ਬੜੀ ਸਪੱਸ਼ਟਤਾ ਨਾਲ ਬਿਆਨ ਕਰਦੀ ਹੈ। ਗੁਰੂ ਸਾਹਿਬ ਦੀ ਸੰਚਾਰ-ਵਿਧੀ ਵਿੱਚ ਵੀ ਇਹੋ ਸੂਝ ਨਜ਼ਰ ਆਉਂਦੀ ਹੈ। ਉਹ ਵਿਚਾਰ ਥੋਪਣ ਦੀ ਬਜਾਏ ਸਵਾਲਾਂ, ਤਰਕ ਅਤੇ ਸੰਵਾਦ ਰਾਹੀਂ ਮਨੁੱਖ ਨੂੰ ਆਪਣੇ ਅੰਦਰ ਝਾਤ ਮਾਰਨ ਅਤੇ ਸੱਚ ਦੀ ਪਛਾਣ ਕਰਨ ਲਈ ਪ੍ਰੇਰਿਤ ਕਰਦੇ ਸਨ। ਗੁਰੂ ਨਾਨਕ ਦੇਵ ਜੀ ਦੀਆਂ ਚਾਰ ਉਦਾਸੀਆਂ ਬਾਰੇ ਸੋਚੀਏ ਤਾਂ ਇਨ੍ਹਾਂ ਯਾਤਰਾਵਾਂ ਦੌਰਾਨ ਉਨ੍ਹਾਂ ਨੇ ਦੂਰ-ਦੁਰਾਡੇ ਖੇਤਰਾਂ ਵਿੱਚ ਜਾ ਕੇ ਵੱਖ-ਵੱਖ ਧਰਮਾਂ, ਫ਼ਿਰਕਿਆਂ ਅਤੇ ਸਮਾਜਿਕ ਪਿਛੋਕੜਾਂ ਵਾਲੇ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ। ਉਸ ਸਮੇਂ ਨਾ ਅਖ਼ਬਾਰ ਸਨ, ਨਾ ਰੇਡੀਓ ਅਤੇ ਨਾ ਹੀ ਟੈਲੀਵਿਜ਼ਨ ਵਰਗੇ ਸੰਚਾਰ ਮਾਧਿਅਮ। ਗੁਰੂ ਸਾਹਿਬ ਖ਼ੁਦ ਲੋਕਾਂ ਤੱਕ ਪਹੁੰਚੇ, ਉਨ੍ਹਾਂ ਦੇ ਜੀਵਨ ਨੂੰ ਨੇੜਿਉਂ ਦੇਖਿਆ ਅਤੇ ਉਨ੍ਹਾਂ ਨਾਲ ਵਿਚਾਰਾਂ ਦੀ ਸਾਂਝ ਪਾਈ। ਇਸ ਪਹੁੰਚ ਦੀ ਖ਼ਾਸੀਅਤ ਇਹ ਸੀ ਕਿ ਸੰਚਾਰਕ ਆਪਣੇ ਸਰੋਤਿਆਂ ਨੂੰ ਆਪਣੇ ਕੋਲ ਬੁਲਾਉਣ ਦੀ ਬਜਾਏ ਉਨ੍ਹਾਂ ਕੋਲ ਜਾਂਦਾ ਸੀ। ਇਸ ਤਰ੍ਹਾਂ ਇਹ ਉਦਾਸੀਆਂ ਧਾਰਮਿਕ ਯਾਤਰਾਵਾਂ ਹੀ ਨਹੀਂ ਸਨ ਸਗੋਂ ਵੱਖ-ਵੱਖ ਸਮਾਜਾਂ ਨਾਲ ਸੰਵਾਦ ਅਤੇ ਵਿਚਾਰਕ ਸਾਂਝ ਕਾਇਮ ਕਰਨ ਦਾ ਵਿਲੱਖਣ ਉਪਰਾਲਾ ਵੀ ਸਨ। ਗੁਰੂ ਸਾਹਿਬ ਨੇ ਕਿਸੇ ਇੱਕ ਵਰਗ ਨੂੰ ਆਪਣਾ ਸਰੋਤਾ ਨਹੀਂ ਬਣਾਇਆ। ਉਨ੍ਹਾਂ ਨੇ ਵਿਦਵਾਨਾਂ ਨਾਲ ਵਿਚਾਰ-ਵਟਾਂਦਰਾ ਕੀਤਾ, ਆਮ ਲੋਕਾਂ ਨਾਲ ਉਨ੍ਹਾਂ ਦੀ ਸਮਝ ਅਨੁਸਾਰ ਗੱਲ ਕੀਤੀ ਅਤੇ ਵੱਖ-ਵੱਖ ਧਾਰਮਿਕ ਤੇ ਸਮਾਜਿਕ ਪਿਛੋਕੜ ਵਾਲੇ ਲੋਕਾਂ ਨਾਲ ਸੰਵਾਦ ਰਚਾਇਆ। ਆਧੁਨਿਕ ਸੰਚਾਰ-ਵਿਗਿਆਨ ਵਿੱਚ ਇਸ ਨੂੰ ਸਰੋਤਾ-ਕੇਂਦਰਿਤ ਸੰਚਾਰ ਕਿਹਾ ਜਾਂਦਾ ਹੈ। ਇਸ ਦਾ ਮੂਲ ਅਸੂਲ ਹੈ ਕਿ ਸੰਦੇਸ਼ ਦੀ ਪੇਸ਼ਕਾਰੀ ਸਰੋਤੇ ਦੀ ਮਾਨਸਿਕਤਾ, ਪਿਛੋਕੜ ਅਤੇ ਸਮਝ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਜਾਵੇ। ਗੁਰੂ ਸਾਹਿਬ ਦੀ ਪਹੁੰਚ ਵਿੱਚ ਇਹ ਸੂਝ ਸਪੱਸ਼ਟ ਦਿਖਾਈ ਦਿੰਦੀ ਹੈ। ਉਨ੍ਹਾਂ ਨੇ ਮਨੁੱਖ ਨੂੰ ਉਸ ਦੀ ਸਮਾਜਿਕ ਪਛਾਣ ਨਾਲੋਂ ਵੱਧ ਉਸ ਦੇ ਵਿਚਾਰਾਂ ਅਤੇ ਸਵਾਲਾਂ ਦੇ ਆਧਾਰ 'ਤੇ ਸਮਝਿਆ। ਇਸੇ ਕਰਕੇ ਉਨ੍ਹਾਂ ਦਾ ਪੈਗ਼ਾਮ ਵੱਖ-ਵੱਖ ਵਰਗਾਂ ਦੇ ਲੋਕਾਂ ਤੱਕ ਪਹੁੰਚਿਆ ਅਤੇ ਲੋਕਾਂ ਦੇ ਮਨਾਂ ਵਿੱਚ ਥਾਂ ਬਣਾ ਸਕਿਆ।
ਗੁਰੂ ਸਾਹਿਬ ਦੀ 'ਸਿੱਧ ਗੋਸਟਿ' ਬਾਣੀ ਉਨ੍ਹਾਂ ਦੀ ਸੰਵਾਦ-ਕਲਾ ਦਾ ਬੇਮਿਸਾਲ ਨਮੂਨਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 938 ਤੋਂ 946 ਤੱਕ ਦਰਜ ਇਸ ਰਚਨਾ ਵਿੱਚ ਸਿੱਧਾਂ ਨਾਲ ਹੋਏ ਵਿਚਾਰ-ਵਟਾਂਦਰੇ ਦਾ ਵਿਸਥਾਰ ਮਿਲਦਾ ਹੈ। ਇਸ ਵਿੱਚ ਸਵਾਲ ਹਨ, ਜਵਾਬ ਹਨ ਅਤੇ ਵਿਚਾਰਾਂ ਦੀ ਪਰਖ ਵੀ ਹੈ। ਗੁਰੂ ਸਾਹਿਬ ਸਿੱਧਾਂ ਦੇ ਸਵਾਲਾਂ ਅਤੇ ਸ਼ੰਕਿਆਂ ਦੇ ਸੰਦਰਭ ਵਿੱਚ ਆਪਣਾ ਦ੍ਰਿਸ਼ਟੀਕੋਣ ਪੇਸ਼ ਕਰਦੇ ਹਨ। ਇਹ ਕੋਈ ਇਕਤਰਫ਼ਾ ਉਪਦੇਸ਼ ਨਹੀਂ ਸਗੋਂ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਪ੍ਰਕਿਰਿਆ ਹੈ। ਆਧੁਨਿਕ ਸੰਚਾਰ-ਵਿਗਿਆਨ ਵਿੱਚ ਇਸ ਨੂੰ ਪ੍ਰਤੀਕਿਰਿਆ ਕਿਹਾ ਜਾਂਦਾ ਹੈ, ਜਿਸ ਰਾਹੀਂ ਸੰਚਾਰਕ ਨੂੰ ਆਪਣੇ ਸੰਦੇਸ਼ ਪ੍ਰਤੀ ਸਰੋਤਿਆਂ ਦੀ ਪ੍ਰਤੀਕਿਰਿਆ ਦਾ ਪਤਾ ਲੱਗਦਾ ਹੈ। 'ਸਿੱਧ ਗੋਸਟਿ' ਵਿੱਚ ਸੰਵਾਦ ਦੀ ਇਹ ਵਿਧੀ ਬਹੁਤ ਸੁਭਾਵਿਕ ਢੰਗ ਨਾਲ ਸਾਹਮਣੇ ਆਉਂਦੀ ਹੈ।
ਗੁਰੂ ਸਾਹਿਬ ਦੀ ਸੰਚਾਰਕ ਸੂਝ ਦਾ ਇੱਕ ਹੋਰ ਅਹਿਮ ਪੱਖ ਉਨ੍ਹਾਂ ਦੀ ਭਾਸ਼ਾ ਅਤੇ ਅੰਦਾਜ਼-ਏ-ਬਿਆਨ ਸੀ। ਉਨ੍ਹਾਂ ਨੇ ਆਪਣੇ ਵਿਚਾਰਾਂ ਨੂੰ ਲੋਕਾਂ ਦੇ ਜੀਵਨ ਨਾਲ ਜੁੜੇ ਸ਼ਬਦਾਂ, ਪ੍ਰਤੀਕਾਂ ਅਤੇ ਉਦਾਹਰਨਾਂ ਰਾਹੀਂ ਪੇਸ਼ ਕੀਤਾ। ਡੂੰਘੇ ਦਾਰਸ਼ਨਿਕ ਵਿਚਾਰਾਂ ਨੂੰ ਵੀ ਅਜਿਹੀ ਸਰਲ ਅਤੇ ਪ੍ਰਭਾਵਸ਼ਾਲੀ ਭਾਸ਼ਾ ਵਿੱਚ ਪ੍ਰਗਟਾਇਆ ਕਿ ਆਮ ਮਨੁੱਖ ਉਨ੍ਹਾਂ ਨਾਲ ਜੁੜ ਸਕੇ। ਭਾਈ ਮਰਦਾਨਾ ਜੀ ਦੀ ਰਬਾਬ ਅਤੇ ਸ਼ਬਦ ਕੀਰਤਨ ਨੇ ਇਸ ਪੈਗ਼ਾਮ ਨੂੰ ਸੰਗੀਤ ਦਾ ਅਸਰਦਾਰ ਮਾਧਿਅਮ ਵੀ ਪ੍ਰਦਾਨ ਕੀਤਾ। ਇਸ ਤਰ੍ਹਾਂ ਸ਼ਬਦ, ਸੁਰ ਅਤੇ ਸੰਗੀਤ ਰਾਹੀਂ ਸੰਦੇਸ਼ ਲੋਕਾਂ ਦੇ ਮਨਾਂ ਵਿੱਚ ਉਤਰਦਾ ਗਿਆ। ਇਹ ਇਸ ਗੱਲ ਦੀ ਮਿਸਾਲ ਹੈ ਕਿ ਪ੍ਰਭਾਵਸ਼ਾਲੀ ਸੰਚਾਰ ਲਈ ਸਿਰਫ਼ ਵਿਚਾਰਾਂ ਦੀ ਡੂੰਘਾਈ ਹੀ ਨਹੀਂ, ਉਨ੍ਹਾਂ ਦੀ ਪੇਸ਼ਕਾਰੀ ਦਾ ਢੰਗ ਵੀ ਮਾਅਨੇ ਰੱਖਦਾ ਹੈ। ਗੁਰੂ ਨਾਨਕ ਦੇਵ ਜੀ ਨੇ ਆਪਣੇ ਸੰਦੇਸ਼ ਨੂੰ ਬਾਣੀ ਜਾਂ ਬਚਨਾਂ ਤੱਕ ਸੀਮਿਤ ਨਹੀਂ ਰੱਖਿਆ ਸਗੋਂ ਆਪਣੇ ਜੀਵਨ ਨੂੰ ਵੀ ਉਸ ਦਾ ਪ੍ਰਮਾਣ ਬਣਾਇਆ। ਸੰਚਾਰ-ਵਿਗਿਆਨ ਵਿੱਚ ਸੰਦੇਸ਼ ਦੇਣ ਵਾਲੇ ਦੀ ਭਰੋਸੇਯੋਗਤਾ ਨੂੰ ਬਹੁਤ ਅਹਿਮ ਮੰਨਿਆ ਜਾਂਦਾ ਹੈ। ਜੇਕਰ ਕਥਨੀ ਅਤੇ ਕਰਨੀ ਵਿੱਚ ਫ਼ਰਕ ਹੋਵੇ ਤਾਂ ਸੰਦੇਸ਼ ਦਾ ਅਸਰ ਘਟ ਜਾਂਦਾ ਹੈ। ਗੁਰੂ ਸਾਹਿਬ ਨੇ ਜਾਤ-ਪਾਤ ਅਤੇ ਊਚ-ਨੀਚ ਦੇ ਵਿਰੋਧ, ਕਿਰਤ ਦੀ ਮਹੱਤਤਾ ਅਤੇ ਸਾਂਝੀਵਾਲਤਾ ਦਾ ਸੰਦੇਸ਼ ਆਪਣੇ ਅਮਲਾਂ ਰਾਹੀਂ ਸਾਕਾਰ ਕੀਤਾ। ਸੰਗਤ ਤੇ ਪੰਗਤ ਦੀ ਪਰੰਪਰਾ ਅਤੇ ਕਰਤਾਰਪੁਰ ਸਾਹਿਬ ਦੀ ਜੀਵਨ-ਜਾਚ ਨੇ ਇਨ੍ਹਾਂ ਵਿਚਾਰਾਂ ਨੂੰ ਅਮਲੀ ਰੂਪ ਦਿੱਤਾ। ਇਉਂ ਉਨ੍ਹਾਂ ਦਾ ਜੀਵਨ ਉਨ੍ਹਾਂ ਦੇ ਸੰਦੇਸ਼ ਦੀ ਸਭ ਤੋਂ ਭਰੋਸੇਯੋਗ ਤਸਦੀਕ ਬਣ ਗਿਆ। ਗੁਰੂ ਸਾਹਿਬ ਦੀ ਬਾਣੀ ਵਿੱਚ ਕੁਦਰਤ ਅਤੇ ਵਾਤਾਵਰਨ ਪ੍ਰਤੀ ਮਨੁੱਖ ਦੀ ਜ਼ਿੰਮੇਵਾਰੀ ਦਾ ਸੰਦੇਸ਼ ਵੀ ਬੜੀ ਡੂੰਘਾਈ ਨਾਲ ਪ੍ਰਗਟ ਹੁੰਦਾ ਹੈ। ਜਨ-ਸੰਚਾਰ ਦੀ ਦ੍ਰਿਸ਼ਟੀ ਤੋਂ ਇਹ ਉਨ੍ਹਾਂ ਦੇ ਸੰਦੇਸ਼ ਦੀ ਵਿਸ਼ਾਲਤਾ ਅਤੇ ਦੂਰਅੰਦੇਸ਼ੀ ਦੀ ਮਿਸਾਲ ਹੈ ਕਿ ਉਨ੍ਹਾਂ ਨੇ ਕੁਦਰਤ ਨਾਲ ਮਨੁੱਖ ਦੇ ਰਿਸ਼ਤੇ ਨੂੰ ਅਜਿਹੇ ਸਰਲ ਪਰ ਪ੍ਰਭਾਵਸ਼ਾਲੀ ਸ਼ਬਦਾਂ ਵਿੱਚ ਬਿਆਨ ਕੀਤਾ ਜੋ ਹਰ ਵਰਗ ਦੇ ਮਨੁੱਖ ਤੱਕ ਪਹੁੰਚ ਸਕੇ। ਜਪੁਜੀ ਸਾਹਿਬ ਦੀ ਪਾਵਨ ਤੁਕ ਹੈ:
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।।
ਗੁਰੂ ਸਾਹਿਬ ਨੇ ਕੁਦਰਤ ਦੇ ਇਸ ਅਟੁੱਟ ਰਿਸ਼ਤੇ ਨੂੰ ਜਿਸ ਸਾਦਗੀ ਅਤੇ ਬਾਕਮਾਲ ਅੰਦਾਜ਼ ਵਿੱਚ ਬਿਆਨ ਕੀਤਾ, ਉਹ ਉਨ੍ਹਾਂ ਦੀ ਸੰਚਾਰਕ ਸੂਝ ਦਾ ਵੀ ਪ੍ਰਮਾਣ ਹੈ ਕਿ ਡੂੰਘੇ ਫਲਸਫ਼ੇ ਨੂੰ ਲੋਕਾਂ ਦੀ ਸਮਝ ਤੇ ਚੇਤਨਾ ਦਾ ਹਿੱਸਾ ਕਿਵੇਂ ਬਣਾਇਆ ਜਾ ਸਕਦਾ ਹੈ। ਇਸ ਇੱਕ ਤੁਕ ਰਾਹੀਂ ਗੁਰੂ ਸਾਹਿਬ ਨੇ ਹਵਾ, ਪਾਣੀ ਅਤੇ ਧਰਤੀ ਦੀ ਅਹਿਮੀਅਤ ਨੂੰ ਮਨੁੱਖੀ ਜੀਵਨ ਨਾਲ ਜੋੜ ਕੇ ਅਜਿਹਾ ਪੈਗ਼ਾਮ ਦਿੱਤਾ, ਜਿਸ ਦੀ ਸਾਰਥਕਤਾ ਸਮੇਂ ਦੀਆਂ ਹੱਦਾਂ ਤੋਂ ਪਾਰ ਹੈ। ਅੱਜ ਜਦੋਂ ਵਾਤਾਵਰਨ ਦਾ ਵਿਗੜਦਾ ਸੰਤੁਲਨ ਗੰਭੀਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਤਾਂ ਇਹ ਸੰਦੇਸ਼ ਹੋਰ ਵੀ ਪ੍ਰਸੰਗਿਕ ਹੋ ਜਾਂਦਾ ਹੈ। ਇਸ ਤਰ੍ਹਾਂ ਗੁਰੂ ਸਾਹਿਬ ਦੀ ਬਾਣੀ ਸਿਰਫ਼ ਅਧਿਆਤਮਕ ਸੇਧ ਹੀ ਨਹੀਂ ਦਿੰਦੀ ਸਗੋਂ ਸਮਾਜ ਨੂੰ ਜਾਗਰੂਕ ਕਰਨ ਅਤੇ ਮਨੁੱਖੀ ਸੋਚ ਨੂੰ ਸਹੀ ਦਿਸ਼ਾ ਦੇਣ ਵਾਲੇ ਪ੍ਰਭਾਵਸ਼ਾਲੀ ਸੰਚਾਰ ਦੀ ਵੀ ਮਿਸਾਲ ਪੇਸ਼ ਕਰਦੀ ਹੈ।
ਅੱਜ ਸੰਚਾਰ ਦੇ ਸਾਧਨਾਂ ਵਿੱਚ ਬੇਮਿਸਾਲ ਵਾਧਾ ਹੋਇਆ ਹੈ। ਅਖ਼ਬਾਰਾਂ, ਰੇਡੀਓ, ਟੈਲੀਵਿਜ਼ਨ, ਇੰਟਰਨੈੱਟ ਅਤੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਪਲਾਂ ਵਿੱਚ ਲੱਖਾਂ ਲੋਕਾਂ ਤੱਕ ਪਹੁੰਚ ਜਾਂਦੀ ਹੈ ਪਰ ਜਾਣਕਾਰੀ ਦਾ ਤੇਜ਼ੀ ਨਾਲ ਫੈਲਣਾ ਤੇ ਅਰਥਪੂਰਨ ਸੰਚਾਰ ਹੋਣਾ ਦੋ ਵੱਖਰੀਆਂ ਗੱਲਾਂ ਹਨ। ਅੱਜ ਹਰ ਕੋਈ ਆਪਣੀ ਗੱਲ ਕਹਿਣ ਲਈ ਉਤਾਵਲਾ ਹੈ ਪਰ ਦੂਜੇ ਨੂੰ ਧਿਆਨ ਨਾਲ ਸੁਣਨ ਅਤੇ ਸਮਝਣ ਦਾ ਸਬਰ ਘਟਦਾ ਜਾ ਰਿਹਾ ਹੈ। ਗੁਰੂ ਨਾਨਕ ਦੇਵ ਜੀ ਦੀ ਸੰਚਾਰ-ਵਿਧੀ ਸਾਨੂੰ ਇਹ ਅਹਿਮ ਸਬਕ ਦਿੰਦੀ ਹੈ ਕਿ ਸੰਦੇਸ਼ ਦੀ ਸਫ਼ਲਤਾ ਸਿਰਫ਼ ਇਸ ਗੱਲ ਵਿੱਚ ਨਹੀਂ ਕਿ ਉਹ ਕਿੰਨੇ ਲੋਕਾਂ ਤੱਕ ਪਹੁੰਚਿਆ ਸਗੋਂ ਇਸ ਵਿੱਚ ਹੈ ਕਿ ਉਸ ਨੇ ਲੋਕਾਂ ਦੀ ਸੋਚ ਅਤੇ ਜੀਵਨ ਉੱਤੇ ਕਿਹੋ ਜਿਹਾ ਅਸਰ ਪਾਇਆ। ਉਨ੍ਹਾਂ ਦਾ ਸੰਵਾਦ ਮਨੁੱਖ ਨੂੰ ਜੋੜਨ ਵਾਲਾ, ਸੋਚਣ, ਸਮਝਣ ਅਤੇ ਆਤਮ-ਮੰਥਨ ਕਰਨ ਲਈ ਪ੍ਰੇਰਿਤ ਕਰਨ ਵਾਲਾ ਸੀ। ਗੁਰੂ ਨਾਨਕ ਦੇਵ ਜੀ ਨੂੰ ਮਹਾਨ ਜਨ-ਸੰਚਾਰਕ ਕਹਿਣ ਦਾ ਭਾਵ ਇਹ ਨਹੀਂ ਕਿ ਉਨ੍ਹਾਂ ਨੇ ਆਧੁਨਿਕ ਸੰਚਾਰ ਵਿਗਿਆਨ ਦੇ ਸਿਧਾਂਤਾਂ ਨੂੰ ਉਸੇ ਨਾਂ ਜਾਂ ਰੂਪ ਵਿੱਚ ਵਰਤਿਆ ਸੀ। ਇਸ ਦਾ ਆਧਾਰ ਇਹ ਹੈ ਕਿ ਉਨ੍ਹਾਂ ਦੀ ਪਹੁੰਚ ਵਿੱਚ ਪ੍ਰਭਾਵਸ਼ਾਲੀ ਸੰਚਾਰ ਦੇ ਬੁਨਿਆਦੀ ਤੱਤ ਸੁਭਾਵਿਕ ਤੌਰ 'ਤੇ ਮੌਜੂਦ ਸਨ। ਉਨ੍ਹਾਂ ਨੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ, ਉਨ੍ਹਾਂ ਦੀ ਗੱਲ ਸੁਣੀ, ਸਵਾਲਾਂ ਨੂੰ ਮਹੱਤਵ ਦਿੱਤਾ, ਸਰੋਤਿਆਂ ਦੀ ਮਾਨਸਿਕਤਾ ਅਨੁਸਾਰ ਸੰਦੇਸ਼ ਪਹੁੰਚਾਇਆ ਅਤੇ ਆਪਣੇ ਜੀਵਨ ਰਾਹੀਂ ਉਸ ਦੀ ਭਰੋਸੇਯੋਗਤਾ ਸਥਾਪਿਤ ਕੀਤੀ। ਉਨ੍ਹਾਂ ਦੀ ਬਾਣੀ ਅਤੇ ਵਿਚਾਰ ਅੱਜ ਵੀ ਮਨੁੱਖੀ ਸੋਚ ਨੂੰ ਪ੍ਰਭਾਵਿਤ ਕਰ ਰਹੇ ਹਨ। ਦਰਅਸਲ, ਸੰਚਾਰ ਦੀ ਸਭ ਤੋਂ ਉੱਚੀ ਕਲਾ ਦੂਜੇ ਦੇ ਮਨ ਤੱਕ ਪਹੁੰਚਣ, ਉਸ ਨੂੰ ਸਮਝਣ ਅਤੇ ਉਸ ਦੀ ਸੋਚ ਨੂੰ ਸਾਰਥਿਕ ਦਿਸ਼ਾ ਦੇਣ ਵਿੱਚ ਹੈ। ਗੁਰੂ ਨਾਨਕ ਦੇਵ ਜੀ ਨੇ ਇਹ ਕਲਾ ਆਪਣੇ ਜੀਵਨ, ਬਾਣੀ ਅਤੇ ਲੋਕਾਂ ਨਾਲ ਸੰਵਾਦ ਰਾਹੀਂ ਸਦੀਆਂ ਪਹਿਲਾਂ ਹੀ ਸਾਕਾਰ ਕਰ ਦਿਖਾਈ ਸੀ। ਇਹੋੋ ਉਨ੍ਹਾਂ ਦੀ ਮਹਾਨ ਸੰਚਾਰਕ ਸ਼ਖ਼ਸੀਅਤ ਦਾ ਸਭ ਤੋਂ ਵੱਡਾ ਪ੍ਰਮਾਣ ਹੈ।
ਸੰਪਰਕ: 97800-36136

Dailyhunt
Disclaimer: This content has not been generated, created or edited by Dailyhunt. Publisher: Punjabi Tribune