ਦੱਖਣ ਹਰਿਆਣਾ ਬਿਜਲੀ ਨਿਗਮ ਦੀ 132 ਕੇ ਵੀ ਦੀ ਮੁੱਖ ਲਾਈਨ ਲਈ ਲਾਏ ਜਾ ਰਹੇ ਟਾਵਰਾਂ ਦਾ ਮੁਆਵਜ਼ਾ ਘੱਟ ਮਿਲਣ ਕਾਰਨ ਪਿੰਡ ਵੈਦਵਾਲਾ ਦੇ ਕਿਸਾਨਾਂ ਨੇ ਅੱਜ ਟਾਵਰ 'ਤੇ ਚੜ੍ਹ ਕੇ ਸਰਕਾਰ ਅਤੇ ਬਿਜਲੀ ਨਿਗਮ ਦਾ ਜ਼ੋਰਦਾਰ ਵਿਰੋਧ ਕੀਤਾ। ਇਸ ਦੌਰਾਨ ਪੁਲੀਸ ਨੇ ਕਿਸਾਨਾਂ ਨੂੰ ਟਾਵਰ ਤੋਂ ਹੇਠਾਂ ਉੁਤਾਰਣ ਦੀ ਕੋਸ਼ਿਸ਼ ਕੀਤੀ, ਪਰ ਕਿਸਾਨ ਆਪਣੀ ਮੰਗ 'ਤੇ ਬਜਿੱਦ ਰਹੇ।
ਮੁਆਵਜ਼ੇ ਦੀ ਮੰਗ ਨੂੰ ਲੈ ਕੇ ਕਿਸਾਨ ਪਿਛਲੇ ਕਈ ਦਿਨਾਂ ਤੋਂ ਧਰਨਾ ਦੇ ਰਹੇ ਸਨ।
ਕਿਸਾਨ ਆਗੂ ਭੁਪਿੰਦਰ ਸਿੰਘ ਨੇ ਦੱਸਿਆ ਕਿ ਬਿਜਲੀ ਨਿਗਮ ਵੱਲੋਂ ਪਿੰਡ ਪਨਿਹਾਰੀ, ਕਾਸਨਖੇੜਾ ਅਤੇ ਵੈਦਵਾਲਾ ਦੀ ਜ਼ਮੀਨ ਵਿੱਚ ਹਾਈ-ਟੈਂਸ਼ਨ ਲਾਈਨ ਲਈ ਟਾਵਰ ਲਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਨਿਹਾਰੀ ਅਤੇ ਕਾਸਨਖੇੜਾ ਆਦਿ ਪਿੰਡਾਂ ਨੂੰ ਕੁਲੈਕਟਰ ਰੇਟ ਦੇ ਹਿਸਾਬ ਨਾਲ ਟਾਵਰ ਲਾਉਣ ਦਾ ਜ਼ਮੀਨ ਮਾਲਕ ਨੂੰ ਮੁਆਵਜ਼ਾ ਦਿੱਤਾ ਜਾ ਰਿਹਾ ਹੈ, ਪਰ ਵੈਦਵਾਲਾ ਵਿਖੇ ਕੁਲੈਕਟਰ ਰੇਟ ਦੇ ਹਿਸਾਬ ਨਾਲ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ। ਕਿਸਾਨ ਇਸ ਮੰਗ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਧਰਨਾ ਲਾ ਰਹੇ ਸਨ। ਬੀਤੇ ਦਿਨੀਂ ਬਿਜਲੀ ਨਿਗਮ ਦੇ ਅਧਿਕਾਰੀਆਂ ਨਾਲ ਕਿਸਾਨਾਂ ਦੀ ਗੱਲਬਾਤ ਹੋਈ, ਪਰ ਗੱਲਬਾਤ ਕਿਸੇ ਸਿਰੇ 'ਤੇ ਨਾ ਪੁੱਜੀ, ਜਿਸ ਕਾਰਨ ਕਿਸਾਨਾਂ ਵਿੱਚ ਭਾਰੀ ਰੋਹ ਪੈਦਾ ਹੋ ਗਿਆ।
ਕਿਸਾਨਾਂ ਨੇ ਦੱਸਿਆ ਕਿ ਉਹ ਪਿੰਡ ਵੈਦਵਾਲਾ ਵਿਖੇ ਕੁਲੈਕਟਰ ਰੇਟ ਦੇ ਹਿਸਾਬ ਨਾਲ ਟਾਵਰ ਲਾਏ ਜਾਣ ਦਾ ਮੁਆਵਜ਼ਾ ਮੰਗ ਰਹੇ ਹਨ, ਪਰ ਅਧਿਕਾਰੀ ਉਨ੍ਹਾਂ ਦੀ ਇਸ ਮੰਗ ਨੂੰ ਅਣਗੌਲਿਆਂ ਕਰ ਰਹੇ ਹਨ। ਅੱਜ ਕਿਸਾਨਾਂ ਨੇ ਟਾਵਰ 'ਤੇ ਚੜ੍ਹ ਕੇ ਵਿਰੋਧ ਪ੍ਰਦਰਸ਼ਨ ਕੀਤਾ। ਕਿਸਾਨਾਂ ਦੇ ਟਾਵਰ 'ਤੇ ਚੜ੍ਹਨ ਦੀ ਸੂਚਨਾ ਮਿਲਣ 'ਤੇ ਮੌਕੇ ‘ਤੇ ਭਾਰੀ ਪੁਲੀਸ ਬਲ ਤਾਇਨਾਤ ਕੀਤਾ ਗਿਆ। ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਸਾਨਾਂ ਨੂੰ ਟਾਵਰ ਤੋਂ ਹੇਠਾਂ ਉਤਾਰਣ ਦੀ ਕੋਸ਼ਿਸ਼ ਕੀਤੀ, ਪਰ ਕਿਸਾਨ ਆਪਣੀ ਮੰਗ 'ਤੇ ਬਜਿੱਦ ਰਹੇ। ਕਿਸਾਨਾਂ ਦੇ ਟਾਵਰ 'ਤੇ ਚੜ੍ਹਨ ਦਾ ਸੁਨੇਹਾ ਜਦੋਂ ਹੋਰ ਪਿੰਡਾਂ ਵਿੱਚ ਪਹੁੰਚਿਆ, ਤਾਂ ਵੱਡੀ ਗਿਣਤੀ ਵਿੱਚ ਹੋਰ ਪਿੰਡਾਂ ਦੇ ਕਿਸਾਨ ਵੀ ਵੈਦਵਾਲਾ ਧਰਨਾ ਸਥਾਨ 'ਤੇ ਇਕੱਠੇ ਹੋ ਗਏ ਅਤੇ ਮੁਆਵਜ਼ੇ ਦੀ ਮੰਗ ਕਰ ਰਹੇ ਕਿਸਾਨਾਂ ਦੀ ਹਮਾਇਤ ਕੀਤੀ।
