Dailyhunt Logo
  • Light mode
    Follow system
    Dark mode
    • Play Story
    • App Story

Halwara ਦੇ ਨੌਜਵਾਨ ਦੀ ਮੌਤ ਓਵਰਡੋਜ਼ ਨਾਲ ਹੋਣ ਦਾ ਸ਼ੱਕ

ਥਾਣਾ ਸੁਧਾਰ ਅਧੀਨ ਪੈਂਦੇ ਪਿੰਡ ਹਲਵਾਰਾ ਦੇ 26 ਸਾਲਾ ਨੌਜਵਾਨ ਕਰਨਜੋਤ ਸਿੰਘ ਦੀ ਸ਼ੱਕੀ ਹਾਲਤ ਵਿੱਚ ਹੋਈ ਮੌਤ ਦੇ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਹੈ। ਪੁਲੀਸ ਨੇ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦਾ ਖਦਸ਼ਾ ਪ੍ਰਗਟਾਇਆ ਹੈ। ਮੁੱਢਲੀ ਜਾਂਚ ਦੌਰਾਨ ਇਹ ਕਤਲ ਦਾ ਮਾਮਲਾ ਮੰਨਿਆ ਜਾ ਰਿਹਾ ਸੀ। ਥਾਣਾ ਸੁਧਾਰ ਪੁਲੀਸ ਨੇ ਇਸ ਸਬੰਧੀ ਮ੍ਰਿਤਕ ਦੇ ਦੋ ਦੋਸਤਾਂ ਜਸ਼ਨਦੀਪ ਸਿੰਘ ਅਤੇ ਵਿਸ਼ਾਲਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ।

ਪੁਲੀਸ ਮੁਤਾਬਕ ਦੋਵਾਂ ਮੁਲਜ਼ਮਾਂ ਨੇ ਘਟਨਾ ਵਾਲੀ ਰਾਤ ਕਰਨਜੋਤ ਨਾਲ ਮਿਲ ਕੇ 'ਚਿੱਟੇ' ਦਾ ਨਸ਼ਾ ਕਰਨ ਦੀ ਗੱਲ ਕਬੂਲ ਲਈ ਹੈ।
ਪੁਲੀਸ ਮੁਤਾਬਕ, ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਨਸ਼ੇ ਦਾ ਟੀਕਾ ਲਾਉਣ ਮਗਰੋਂ ਕਰਨਜੋਤ ਦੀ ਤਬੀਅਤ ਅਚਾਨਕ ਵਿਗੜ ਗਈ ਅਤੇ ਉਹ ਸਿਰ ਦੇ ਭਾਰ ਜ਼ਮੀਨ 'ਤੇ ਡਿੱਗ ਗਿਆ। ਸਥਿਤੀ ਦੇਖ ਕੇ ਦੋਵੇਂ ਦੋਸਤ ਬੁਰੀ ਤਰ੍ਹਾਂ ਘਬਰਾ ਗਏ ਅਤੇ ਉਸ ਨੂੰ ਉੱਥੇ ਹੀ ਛੱਡ ਕੇ ਫ਼ਰਾਰ ਹੋ ਗਏ। ਉਨ੍ਹਾਂ ਨੂੰ ਅਗਲੇ ਦਿਨ ਸਵੇਰੇ ਹੀ ਕਰਨਜੋਤ ਦੀ ਮੌਤ ਦੀ ਖ਼ਬਰ ਮਿਲੀ। ਪੁਲੀਸ ਨੇ ਦੋਵਾਂ ਵਿਰੁੱਧ ਗ਼ੈਰ-ਇਰਾਦਤਨ ਹੱਤਿਆ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਮੰਗਲਵਾਰ ਸਵੇਰੇ ਪਿੰਡ ਦੀ ਅਨਾਜ ਮੰਡੀ ਵਿੱਚੋਂ ਕਰਨਜੋਤ ਸਿੰਘ ਦੀ ਲਾਸ਼ ਮਿਲੀ ਸੀ। ਉਸ ਦੇ ਸਿਰ ਅਤੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਸਨ ਅਤੇ ਕੱਪੜੇ ਵੀ ਵੱਖ-ਵੱਖ ਥਾਵਾਂ ਤੋਂ ਬਰਾਮਦ ਹੋਏ ਸਨ, ਜਿਸ ਕਾਰਨ ਪਰਿਵਾਰ ਤੇ ਪਿੰਡ ਵਾਸੀਆਂ ਨੇ ਕਤਲ ਦਾ ਖ਼ਦਸ਼ਾ ਜਤਾਇਆ ਸੀ। ਡੀ ਐੱਸ ਪੀ ਦਾਖਾ ਕਰਨ ਸਿੰਘ ਸੰਧੂ ਅਤੇ ਥਾਣਾ ਮੁਖੀ ਸਾਹਿਬਮੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਜਾਰੀ ਹੈ ਅਤੇ ਜੇ ਕਿਸੇ ਹੋਰ ਵਿਅਕਤੀ ਦੀ ਸ਼ਮੂਲੀਅਤ ਸਾਹਮਣੇ ਆਈ, ਤਾਂ ਕਾਰਵਾਈ ਕੀਤੀ ਜਾਵੇਗੀ।

Dailyhunt
Disclaimer: This content has not been generated, created or edited by Dailyhunt. Publisher: Punjabi Tribune