ਅਮਲੋਹ ਹਲਕੇ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਵੜਿੰਗਨੇ ਅੱਜ ਮੰਡੀ ਗੋਬਿੰਦਗੜ੍ਹ ਕੌਂਸਲ ਵਿਚ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਗੁਰਾਇਆ ਦੇ ਤਾਜਪੋਸ਼ੀ ਸਮਾਗਮ ਮੌਕੇ ਸ਼ਹਿਰ ਨਿਵਾਸੀਆਂ ਨੂੰ ਭਰੋਸਾ ਦਿੱਤਾ ਕਿ ਸ਼ਹਿਰ ਦੇ ਸਰਵਪੱਖੀ ਵਿਕਾਸ ਵਿਚ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿਚ ਆਪ ਪਾਸ ਪੂਰਨ ਬਹੁਮਤ ਨਹੀਂ ਸੀ ਜਦੋਂ ਕਿ ਇਸ ਵਾਰ 29 ਵਿਚੋਂ 19 ਕੌਂਸਲਰ ਆਪ ਦੇ ਹਨ।
ਲੰਬੇ ਸਮੇਂ ਤੋਂ ਰੇਲਵੇ ਪੁੱਲ ਚਾਲੂ ਨਾ ਹੋਣ ਦੇ ਮਾਮਲੇ ਬਾਰੇ ਉਨ੍ਹਾਂ ਕੇਂਦਰ ਦੀ ਭਾਜਪਾ ਸਰਕਾਰ ਨੂੰ ਸਿਧੇ ਤੌਰ 'ਤੇ ਜ਼ਿੰਮੇਵਾਰ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੀ ਬਣਦੀ ਕਾਰਗੁਜ਼ਾਰੀ ਮੁਕੰਮਲ ਕਰ ਦਿਤੀ ਸੀ ਪ੍ਰੰਤੂ ਰੇਲਵੇ ਵਿਭਾਗ ਦਾ ਕਹਿਣਾ ਸੀ ਕਿ ਠੇਕੇਦਾਰ ਕੰਮ ਛੱਡ ਕੇ ਭੱਜ ਗਿਆ ਜਿਸ ਕਾਰਨ 30 ਜੂਨ ਨੂੰ ਦੁਬਾਰਾ ਟੈਂਡਰ ਖੋਲੇ ਗਏ ਹਨ ਅਤੇ ਇਸ ਮਹੀਨੇ ਵਿੱਚ ਹੀ ਇਹ ਕਾਰਜ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਨਲਾਇਕੀ ਦੇ ਬਾਵਜੂਦ ਭਾਜਪਾ ਲੋਕਾਂ ਨੂੰ ਗੁੰਮਰਾਹ ਕਰਨ ਲਈ ਝੂਠ ਦਾ ਪ੍ਰਚਾਰ ਕਰਦੀ ਹੈ, ਜਿਸ ਤੋਂ ਲੋਕ ਹੁਣ ਭਲੀ ਭਾਂਤ ਜਾਣੂ ਹੋ ਗਏ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਨਿਰਪੱਖ ਚੋਣਾਂ ਕਰਵਾਈਆਂ ਗਈਆਂ ਜਦੋਂ ਕਿ ਪਿਛਲੀਆਂ ਸਰਕਾਰਾਂ ਸਮੇਂ ਕਾਨੂੰਨ ਦੀਆਂ ਧੱਜੀਆਂ ਉੱਡਦੀਆਂ ਰਹੀਆਂ। ਉਨ੍ਹਾਂ ਕਿਹਾ ਕਿ ਕੰਮ ਦੇ ਅਧਾਰ 'ਤੇ ਆਪ 2027 ਵਿਚ ਮੁੜ ਸ਼ਾਨਦਾਰ ਜਿੱਤ ਹਾਸਲ ਕਰਕੇ ਸਰਕਾਰ ਬਣਾਏਗੀ।
ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਨੇ ਵਿਧਾਇਕ ਗੈਰੀ ਵੜਿੰਗ ਸਮੇਤ ਕੌਂਸਲਰ, ਮੀਡੀਆ, ਵਪਾਰੀ, ਪਾਰਟੀ ਆਗੂ ਅਤੇ ਪਤਵੰਤਿਆਂ ਦਾ ਸ਼ਾਮਲ ਹੋਣ 'ਤੇ ਧੰਨਵਾਦ ਕੀਤਾ। ਉਸ ਨੇ ਦਸਿਆ ਕਿ ਪਿਛਲੇ ਸਮੇਂ 9 ਕਰੋੜ ਨਾਲ ਐਲ.ਈ.ਡੀ. ਲਾਈਟਾਂ ਲਗਾਈਆਂ ਗਈਆਂ। ਉਨ੍ਹਾਂ ਨਹਿਰੀ ਪਾਣੀ ਮੁਹੱਲਿਆਂ ਵਿਚ ਭੇਜਣ ਸਮੇਤ ਹੋਰ ਨਵੇ ਪ੍ਰਾਜੈਕਟਾਂ ਬਾਰੇ ਵੀ ਦੱਸਿਆ।
ਇਸ ਮੌਕੇ ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਸ਼ਿੰਗਾਰਾ ਸਿੰਘ ਸਲਾਣਾ, ਮੈਬਰ ਅਮਨਇੰਦਰ ਸਿੰਘ ਗਰੇਵਾਲ, ਸਮਿਤੀ ਚੇਅਰਮੈਨ ਰਣਜੀਤ ਸਿੰਘ ਪਨਾਗ, ਸੀਨੀਅਰ ਮੀਤ ਪ੍ਰਧਾਨ ਵਨੀਤ ਬਿੱਟੂ, ਫਰਨਿਸ਼ ਐਸੋਸੀਏਸ਼ਨ ਦੇ ਪ੍ਰਧਾਨ ਮਹਿੰਦਰ ਗੁਪਤਾ, ਮਾਰਕੀਟ ਕਮੇਟੀ ਦੇ ਚੇਅਰਮੈਨ ਜਗਦੀਪ ਸਿੰਘ ਦੀਪ ਜੱਸੜਾਂ, ਆਪ ਆਗੂ ਦਰਸ਼ਨ ਸਿੰਘ ਚੀਮਾ, ਜਗਦੀਸ ਸਿੰਘ ਗੋਲਡੀ ਘੁੰਮਣ, ਗੁਰਮੀਤ ਸਿੰਘ ਮੰਡੀ ਗੋਬਿੰਦਗੜ੍ਹ, ਸਰਪੰਚ ਅਵਤਾਰ ਮੁਹੰਮਦ ਟੈਣੀ, ਰਾਜੇਸ਼ ਕੁਮਾਰ ਰਾਜੂ, ਕੌਂਸਲਰ ਅਤੁੱਲ ਲੁਟਾਵਾ ਅਤੇ ਪ੍ਰਦੀਪ ਕੁਮਾਰ ਆਦਿ ਨੇ ਪ੍ਰਿੰਸ ਨੂੰ ਵਧਾਈ ਦਿੱਤੀ। ਇਸ ਮੌਕੇ ਪ੍ਰਸਿਧ ਗਾਇਕ ਰਾਮ ਸਿੰਘ ਅਲਬੇਲਾ ਨੇ ਵਾਤਾਵਰਨ ਨੂੰ ਬਚਾਉਣ ਲਈ ਗੀਤ ਵੀ ਪੇਸ਼ ਕੀਤੇ।
