Dailyhunt Logo
  • Light mode
    Follow system
    Dark mode
    • Play Story
    • App Story

ICC ਨੇ ਕ੍ਰਿਕਟ ਕੈਨੇਡਾ ਦੀ ਮੈਂਬਰਸ਼ਿਪ ਕੀਤੀ ਮੁਅੱਤਲ

ਕੌਮਾਂਤਰੀ ਕ੍ਰਿਕਟ ਕੌਂਸਲ (ICC) ਨੇ ਕ੍ਰਿਕਟ ਕੈਨੇਡਾ ਦੀ ਮੈਂਬਰਸ਼ਿਪ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਇਹ ਫ਼ੈਸਲਾ ਸੰਸਥਾ ਦੇ ਪ੍ਰਬੰਧਨ, ਗਵਰਨੈਂਸ ਅਤੇ ਸੰਵਿਧਾਨਕ ਨਿਯਮਾਂ ਦੀ ਪਾਲਣਾ ਸਬੰਧੀ ਉੱਠੇ ਸਵਾਲਾਂ ਦੇ ਮੱਦੇਨਜ਼ਰ ਲਿਆ ਗਿਆ ਹੈ।

ਆਈ ਸੀ ਸੀ ਨੇ ਸਪਸ਼ਟ ਕੀਤਾ ਹੈ ਕਿ ਇਸ ਮੁਅੱਤਲੀ ਦਾ ਅਸਰ ਕੈਨੇਡਾ ਦੀਆਂ ਕੌਮੀ ਕ੍ਰਿਕਟ ਟੀਮਾਂ 'ਤੇ ਨਹੀਂ ਪਵੇਗਾ ਅਤੇ ਉਹ ਆਈ ਸੀ ਸੀ ਦੇ ਸਾਰੇ ਕੌਮਾਂਤਰੀ ਟੂਰਨਾਮੈਂਟਾਂ ਵਿੱਚ ਹਿੱਸਾ ਲੈਂਦੀਆਂ ਰਹਿਣਗੀਆਂ।

ਖਿਡਾਰੀਆਂ ਦੇ ਹਿੱਤਾਂ ਦੀ ਰੱਖਿਆ ਲਈ ਆਈ ਸੀ ਸੀ ਵੱਲੋਂ ਇੱਕ ਨਿਗਰਾਨੀ ਹੇਠਲੀ ਵਿੱਤੀ ਸਹਾਇਤਾ ਪ੍ਰਣਾਲੀ ਰਾਹੀਂ ਮਨਜ਼ੂਰਸ਼ੁਦਾ ਕੌਮੀ ਟੀਮ ਪ੍ਰੋਗਰਾਮਾਂ ਵਾਸਤੇ ਫੰਡ ਜਾਰੀ ਕੀਤੇ ਜਾਣਗੇ।

ਆਈ ਸੀ ਸੀ ਵੱਲੋਂ ਜਾਰੀ ਕੀਤੀ ਜਾਣਕਾਰੀ ਅਨੁਸਾਰ ਕ੍ਰਿਕਟ ਕੈਨੇਡਾ ਕੁਝ ਮਹੱਤਵਪੂਰਨ ਗਵਰਨੈਂਸ ਮਾਪਦੰਡਾਂ ਅਤੇ ਮੈਂਬਰਸ਼ਿਪ ਦੀਆਂ ਸ਼ਰਤਾਂ ਨੂੰ ਪੂਰਾ ਕਰਨ ਵਿੱਚ ਅਸਫ਼ਲ ਰਹੀ ਹੈ। ਇਸ ਕਾਰਨ ਸੰਸਥਾ ਨੂੰ ਅਸਥਾਈ ਤੌਰ ‘ਤੇ ਆਈ ਸੀ ਸੀ ਦੀ ਮੈਂਬਰਸ਼ਿਪ ਨਾਲ ਜੁੜੇ ਅਧਿਕਾਰਾਂ ਅਤੇ ਸਹੂਲਤਾਂ ਤੋਂ ਵਾਂਝਾ ਰਹਿਣਾ ਪਵੇਗਾ। ਆਈ ਸੀ ਸੀ ਨੇ ਕਿਹਾ ਹੈ ਕਿ ਕ੍ਰਿਕਟ ਕੈਨੇਡਾ ਦੀ ਮੈਂਬਰਸ਼ਿਪ ਉਦੋਂ ਹੀ ਬਹਾਲ ਕੀਤੀ ਜਾਵੇਗੀ ਜਦੋਂ ਸੰਸਥਾ ਗਵਰਨੈਂਸ ਅਤੇ ਪ੍ਰਸ਼ਾਸਨ ਨਾਲ ਸਬੰਧਤ ਸਾਰੀਆਂ ਲੋੜੀਂਦੀਆਂ ਸ਼ਰਤਾਂ ਪੂਰੀਆਂ ਕਰੇਗੀ।

ਇਸ ਦੇ ਨਾਲ ਹੀ ਆਈ ਸੀ ਸੀ ਨੇ ਕ੍ਰਿਕਟ ਕੈਨੇਡਾ ਨਾਲ ਮਿਲ ਕੇ ਸੁਧਾਰਕ ਕਦਮ ਚੁੱਕਣ ਦੀ ਵਚਨਬੱਧਤਾ ਵੀ ਪ੍ਰਗਟਾਈ ਹੈ। ਪਿਛਲੇ ਕੁਝ ਸਾਲਾਂ ਦੌਰਾਨ ਕੈਨੇਡਾ ਵਿੱਚ ਕ੍ਰਿਕਟ ਦੀ ਪ੍ਰਸਿੱਧੀ ਤੇਜ਼ੀ ਨਾਲ ਵਧੀ ਹੈ। ਦੇਸ਼ ਨੇ ਕੌਮਾਂਤਰੀ ਪੱਧਰ ‘ਤੇ ਆਪਣੀ ਮੌਜੂਦਗੀ ਮਜ਼ਬੂਤ ਕੀਤੀ ਹੈ ਅਤੇ ਘਰੇਲੂ ਕ੍ਰਿਕਟ ਢਾਂਚੇ ਦੇ ਵਿਕਾਸ ਲਈ ਕਈ ਉਪਰਾਲੇ ਕੀਤੇ ਹਨ। ਅਜਿਹੇ ਸਮੇਂ ਵਿੱਚ ਮੈਂਬਰਸ਼ਿਪ ਮੁਅੱਤਲ ਹੋਣ ਨਾਲ ਖੇਡ ਦੇ ਪ੍ਰਸ਼ਾਸਨ ਅਤੇ ਭਵਿੱਖੀ ਯੋਜਨਾਵਾਂ ‘ਤੇ ਪ੍ਰਭਾਵ ਪੈਣ ਦੀ ਸੰਭਾਵਨਾ ਹੈ।

ਇਸ ਫ਼ੈਸਲੇ ਤੋਂ ਬਾਅਦ ਖਿਡਾਰੀਆਂ, ਕੋਚਾਂ ਅਤੇ ਸੂਬਾਈ ਕ੍ਰਿਕਟ ਸੰਘਾਂ ਵਿੱਚ ਚਿੰਤਾ ਦਾ ਮਾਹੌਲ ਹੈ। ਕ੍ਰਿਕਟ ਭਾਈਚਾਰਾ ਹੁਣ ਇਸ ਗੱਲ ਦੀ ਉਡੀਕ ਕਰ ਰਿਹਾ ਹੈ ਕਿ ਕ੍ਰਿਕਟ ਕੈਨੇਡਾ ਕਿੰਨੀ ਜਲਦੀ ਲੋੜੀਂਦੇ ਸੁਧਾਰ ਲਾਗੂ ਕਰਦੀ ਹੈ ਅਤੇ ਆਪਣੀ ਮੈਂਬਰਸ਼ਿਪ ਮੁੜ ਪ੍ਰਾਪਤ ਕਰਦੀ ਹੈ। ਫਿਲਹਾਲ ਆਈ ਸੀ ਸੀ ਨੇ ਮੁਅੱਤਲੀ ਹਟਾਉਣ ਲਈ ਕੋਈ ਨਿਰਧਾਰਤ ਸਮਾਂ-ਸੀਮਾ ਜਾਰੀ ਨਹੀਂ ਕੀਤੀ। ਹਾਲਾਂਕਿ, ਸੰਕੇਤ ਦਿੱਤੇ ਗਏ ਹਨ ਕਿ ਲੋੜੀਂਦੇ ਸੁਧਾਰ ਪੂਰੇ ਹੋਣ ਉਪਰੰਤ ਮੈਂਬਰਸ਼ਿਪ ਬਹਾਲ ਕਰਨ ਬਾਰੇ ਵਿਚਾਰ ਕੀਤਾ ਜਾਵੇਗਾ।

Dailyhunt
Disclaimer: This content has not been generated, created or edited by Dailyhunt. Publisher: Punjabi Tribune