Dailyhunt

IDFC Bank Scam: ਚੰਡੀਗੜ੍ਹ ਸਮਾਰਟ ਸਿਟੀ ਦੀ CFO ਨਲਿਨੀ ਮਲਿਕ ਗ੍ਰਿਫ਼ਤਾਰ

IDFC Bank Scam: ਚੰਡੀਗੜ੍ਹ ਪੁਲੀਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਸਮਾਰਟ ਸਿਟੀ ਪ੍ਰੋਜੈਕਟ ਦੀ ਚੀਫ਼ ਫਾਈਨਾਂਸ਼ੀਅਲ ਅਫ਼ਸਰ (CFO) ਨਲਿਨੀ (Nalini Malik) ਮਲਿਕ ਨੂੰ 116 ਕਰੋੜ ਰੁਪਏ ਦੇ IDFC ਫਸਟ ਬੈਂਕ ਘਪਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਇਹ ਗ੍ਰਿਫ਼ਤਾਰੀ ਆਰਥਿਕ ਅਪਰਾਧ ਸ਼ਾਖਾ (EOW) ਵੱਲੋਂ ਨਗਰ ਨਿਗਮ ਦੀ ਸ਼ਿਕਾਇਤ 'ਤੇ ਦਰਜ ਕੀਤੇ ਗਏ ਫਰਜ਼ੀ FDR (ਫਿਕਸਡ ਡਿਪਾਜ਼ਿਟ) ਮਾਮਲੇ ਵਿੱਚ ਕੀਤੀ ਗਈ ਹੈ।

ਪੁਲੀਸ ਅਨੁਸਾਰ, ਨਲਿਨੀ ਮਲਿਕ ਨੇ ਬੈਂਕ ਮੈਨੇਜਰ ਰਿਭਵ ਰਿਸ਼ੀ ਅਤੇ ਹੋਰ ਅਧਿਕਾਰੀਆਂ ਨਾਲ ਮਿਲ ਕੇ ਫਰਜ਼ੀ ਕੰਪਨੀਆਂ (ਸ਼ੈੱਲ ਫਰਮਾਂ) ਬਣਾਈਆਂ ਅਤੇ ਜਨਤਕ ਪੈਸੇ ਦਾ ਗਬਨ ਕੀਤਾ।

ਪੁਲੀਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬੈਂਕ ਮੈਨੇਜਰ ਰਿਭਵ ਰਿਸ਼ੀ ਨੇ ਨਲਿਨੀ ਮਲਿਕ ਅਤੇ 'ਕਰੈਸਟ' (CREST) ਦੇ ਪ੍ਰੋਜੈਕਟ ਡਾਇਰੈਕਟਰ ਸੁਖਵਿੰਦਰ ਸਿੰਘ ਦੀ ਮਿਲੀਭੁਗਤ ਨਾਲ ਨਗਰ ਨਿਗਮ ਦੇ ਖਾਤੇ ਖੋਲ੍ਹੇ ਅਤੇ 116 ਕਰੋੜ ਰੁਪਏ ਦੀਆਂ ਫਰਜ਼ੀ FDRs ਤਿਆਰ ਕੀਤੀਆਂ। ਇਹ ਰਕਮ ਬਾਅਦ ਵਿੱਚ ਰੀਅਲ ਅਸਟੇਟ ਕਾਰੋਬਾਰ ਵਿੱਚ ਨਿਵੇਸ਼ ਕੀਤੀ ਗਈ ਅਤੇ ਅਧਿਕਾਰੀਆਂ ਨੂੰ ਕਰੋੜਾਂ ਰੁਪਏ ਦੀ ਰਿਸ਼ਵਤ ਨਕਦ ਅਤੇ ਬੈਂਕ ਖਾਤਿਆਂ ਰਾਹੀਂ ਪਹੁੰਚਾਈ ਗਈ।

ਇਹ ਘਪਲਾ ਉਦੋਂ ਉਜਾਗਰ ਹੋਇਆ ਜਦੋਂ ਨਗਰ ਨਿਗਮ ਦੇ ਅਧਿਕਾਰੀਆਂ ਨੇ ਸਮਾਰਟ ਸਿਟੀ ਲਿਮਟਿਡ ਦੇ ਬੰਦ ਹੋਣ ਸਮੇਂ ਆਪਣੀਆਂ FDRs ਤੁੜਵਾਉਣ ਲਈ ਬੈਂਕ ਨਾਲ ਸੰਪਰਕ ਕੀਤਾ, ਪਰ ਬੈਂਕ ਰਿਕਾਰਡ ਵਿੱਚ ਉਹ ਪੈਸਾ ਮੌਜੂਦ ਹੀ ਨਹੀਂ ਸੀ। ਇਸ ਮਾਮਲੇ ਵਿੱਚ ਪੁਲੀਸ ਪਹਿਲਾਂ ਹੀ ਸੁਖਵਿੰਦਰ ਸਿੰਘ ਅਤੇ ਅਕਾਊਂਟੈਂਟ ਸਾਹਿਲ ਕੁੱਕੜ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।

Dailyhunt
Disclaimer: This content has not been generated, created or edited by Dailyhunt. Publisher: Punjabi Tribune