Dailyhunt Logo
  • Light mode
    Follow system
    Dark mode
    • Play Story
    • App Story

ਇਕਾਗਰਤਾ

ਅੱਜ ਤੋਂ ਤੀਹ ਕੁ ਸਾਲ ਪਹਿਲਾਂ ਵਿਦਿਆਰਥੀਆਂ ਦੇ ਸਿਲੇਬਸ ਵਿੱਚ ਅੰਗਰੇਜ਼ੀ ਵਿਸ਼ੇ 'ਚ ਇੱਕ ਦਿਲਚਸਪ ਪਾਠ ਹੁੰਦਾ ਸੀ। ਉਸ ਪਾਠ ਦਾ ਸੰਖੇਪ 'ਚ ਵਰਣਨ ਇਉਂ ਹੈ: ਕਿਸੇ ਸ਼ਹਿਰ 'ਚ ਵਕੀਲ ਦਾ ਮੁਣਸ਼ੀ ਰਹਿੰਦਾ ਸੀ। ਉਸ ਦੇ ਗੁਆਂਢ 'ਚ ਸ਼ਾਮ ਲਾਲ ਦਾ ਘਰ ਸੀ। ਸ਼ਾਮ ਲਾਲ ਦਾ ਆਪਣੇ ਰਿਸ਼ਤੇਦਾਰ ਨਾਲ ਜ਼ਮੀਨ ਦਾ ਝਗੜਾ ਚੱਲ ਰਿਹਾ ਸੀ। ਸ਼ਾਮ ਲਾਲ ਐਤਵਰਾ ਨੂੰ ਸਲਾਹ ਲੈਣ ਲਈ ਮੁਣਸ਼ੀ ਦੇ ਘਰ ਗਿਆ ਤੇੇ ਸਾਰੀ ਗੱਲ ਦੱਸੀ।

ਮੁਣਸ਼ੀ ਨੇ ਸ਼ਾਮ ਲਾਲ ਨੂੰ ਸਲਾਹ ਦਿੱਤੀ ਕਿ ਰਿਸ਼ਤੇਦਾਰ ਨਾਲ ਜ਼ਮੀਨ ਦਾ ਝਗੜਾ ਸਹਿਮਤੀ ਨਾਲ ਨਿਬੇੜਨ 'ਚ ਹੀ ਫ਼ਾਇਦਾ ਹੈ।
ਦੋ ਕੁ ਮਹੀਨੇ ਬਾਅਦ ਸ਼ਾਮ ਲਾਲ ਕਚਹਿਰੀਆਂ ਕੋਲੋਂ ਲੰਘ ਰਿਹਾ ਸੀ। ਉਸ ਨੇੇ ਮੁਣਸ਼ੀ ਨੂੰ ਮੁੜ ਮਿਲਣ ਦੀ ਸੋਚੀ। ਉਸ ਨੇ ਮੁਣਸ਼ੀ ਤੋਂ ਇਸ ਵਾਰ ਫਿਰ ਉਸੇ ਝਗੜੇ ਬਾਰੇ ਸਲਾਹ ਪੁੱਛੀ। ਮੁਣਸ਼ੀ ਨੇ ਰਿਸ਼ਤੇਦਾਰ 'ਤੇ ਮੁਕੱਦਮਾ ਕਰਨ 'ਚ ਫ਼ਾਇਦਾ ਦੱਸਦਿਆਂ ਸ਼ਾਮ ਲਾਲ ਨੂੰ ਵਕਾਲਤਨਾਮੇ 'ਤੇ ਦਸਤਖ਼ਤ ਕਰਨ ਲਈ ਕਿਹਾ। ਸ਼ਾਮ ਲਾਲ ਨੇ ਮੁਣਸ਼ੀ ਨੂੰ ਯਾਦ ਕਰਾਇਆ ਕਿ ਦੋ ਕੁ ਮਹੀਨੇ ਪਹਿਲਾਂ ਉਸ ਨੇ ਘਰ ਹੁੰਦਿਆਂ ਸਮਝੌਤੇ ਰਾਹੀਂ ਝਗੜਾ ਨਿਬੇੜਨ ਦੀ ਸਲਾਹ ਦਿੱਤੀ ਸੀ। ਮੁਣਸ਼ੀ ਨੇ ਸ਼ਾਮ ਲਾਲ ਨੂੰ ਕਿਹਾ ਕਿ ਉਸ ਵੇਲੇ ਉਹ ਘਰ ਸੀ ਅਤੇ ਅੱਜ ਉਹ ਉਸ ਦੇ ਦਫ਼ਤਰ ਵਿੱਚ ਹੈ। ਜਦੋਂ ਉਹ ਘਰ ਹੁੰਦਾ ਹੈ ਤਾਂ ਅਦਾਲਤ ਦੀ ਗੱਲ ਨਹੀਂ ਕਰਦਾ ਅਤੇ ਜਦੋਂ ਅਦਾਲਤ ਵਿੱਚ ਪਹੁੰਚ ਜਾਂਦਾ ਹੈ ਤਾਂ ਘਰ ਨੂੰ ਪਿੱਛੇ ਛੱਡ ਆਉਂਦਾ ਹੈ। ਦਰਅਸਲ, ਜ਼ਿਆਦਾਤਰ ਮੁਲਾਜ਼ਮ ਜਦੋਂ ਦਫ਼ਤਰਾਂ ਵਿੱਚ ਡਿਊਟੀ 'ਤੇ ਪਹੁੰਚ ਜਾਂਦੇ ਹਨ ਤਾਂ ਉਹ ਜ਼ਿਆਦਾ ਫ਼ਿਕਰ ਤੇ ਗੱਲਾਂ ਆਪਣੇ ਘਰਾਂ ਬਾਰੇ ਕਰਦੇ ਹਨ। ਜਦੋਂ ਦਫ਼ਤਰੋਂ ਛੁੱਟੀ ਹੋਣ ਤੋਂ ਬਾਅਦ ਘਰ ਪਰਤਦੇ ਹਨ ਤਾਂ ਘਰ ਵਿੱਚ ਦਫ਼ਤਰ ਬਾਰੇ ਗੱਲਾਂ ਕਰਦੇ ਹਨ। ਇਸ ਤਰ੍ਹਾਂ ਕਰਨ ਨਾਲ ਹਰ ਕੰਮ 'ਚ ਇਕਾਗਰਤਾ ਦੀ ਘਾਟ ਕਾਰਨ ਮਨ ਨੂੰ ਪਰੇਸ਼ਾਨ ਰੱਖਣ ਵਾਲੀ ਆਦਤ ਵੀ ਬਣ ਜਾਂਦੀ ਹੈ। ਮੈਂ ਅਕਸਰ ਵੇਖਿਆ ਹੈ ਕਿ ਸਵੇਰੇ ਸੈਰ ਕਰਨ ਵੇਲੇ ਲੋਕ ਉੱਚੀ ਆਵਾਜ਼ ਵਿੱਚ ਗੱਲਾਂ ਕਰਦੇ ਜਾ ਰਹੇ ਹੁੰਦੇ ਹਨ। ਉਹ ਸਿਹਤ ਬਾਰੇ ਗੱਲਾਂ ਘੱਟ ਤੇ ਸਿਆਸਤ ਬਾਰੇ ਵੱਧ ਬਹਿਸ ਕਰ ਰਹੇ ਹੁੰਦੇ ਹਨ। ਇਸ ਨਾਲ ਸਰੀਰ ਨੂੰ ਸੈਰ ਦਾ ਇੰਨਾ ਫ਼ਾਇਦਾ ਨਹੀਂ ਮਿਲਦਾ, ਜਿੰਨਾ ਮਿਲ ਸਕਦਾ ਸੀ। ਖ਼ੁਸ਼ੀ-ਗ਼ਮੀ ਦੇ ਕਿਸੇ ਵੀ ਪ੍ਰੋਗਰਾਮ 'ਤੇ ਪਹੁੰਚਣ ਵਾਲੇ ਲੋਕ ਵੀ ਸਿਆਸਤ, ਸਿਆਸੀ ਪਾਰਟੀਆਂ, ਆਗੂਆਂ ਬਾਰੇ ਗੱਲਾਂ ਜ਼ਿਆਦਾ ਕਰਦੇ ਹਨ। ਜੇ ਕਿਸੇ ਕਲੱਬ ਵਿੱਚ ਇੱਕ ਹੀ ਕਿੱਤੇ ਦੇ ਵੱਧ ਮੈਂਬਰ ਬਣ ਜਾਣ ਤਾਂ ਕਲੱਬ ਦੀ ਮੀਟਿੰਗ ਵਿੱਚ ਵੀ ਉਹ ਆਪਣੇ ਵਪਾਰ, ਦਫ਼ਤਰ ਦੀਆਂ ਗੱਲਾਂ ਹੀ ਕਰੀ ਜਾਣਗੇ।
ਮਨ ਦੀ ਇਕਾਗਰਤਾ ਨਾ ਹੋਣ ਕਰਕੇ ਨੁਕਸਾਨ ਵੀ ਉਠਾਉਣਾ ਪੈ ਜਾਂਦਾ ਹੈ। ਜੇਕਰ ਅਪਰੇਸ਼ਨ ਕਰਨ ਵੇਲੇ ਡਾਕਟਰ ਦਾ ਮਨ ਇਕਾਗਰ ਨਾ ਹੋਵੇ ਤਾਂ ਮਰੀਜ਼ ਦੇ ਢਿੱਡ ਵਿੱਚ ਕੈਂਚੀ ਜਾਂ ਰੂੰ ਵਗੈਰਾ ਛੱਡਣ ਦੇ ਮੌਕੇ ਵਧ ਜਾਂਦੇ ਹਨ। ਡਰਾਈਵਿੰਗ ਕਰਦੇ ਸਮੇਂ ਜਦੋਂ ਲੋਕ ਮੋਬਾਈਲ 'ਤੇ ਗੱਲਾਂ ਕਰਦੇ ਹਨ ਜਾਂ ਮਨ ਹੋਰ ਵਿਚਾਰਾਂ ਵਿੱਚ ਰੁੱਝਿਆ ਹੁੰਦਾ ਹੈ ਤਾਂ ਉਨ੍ਹਾਂ ਡਰਾਈਵਰਾਂ ਤੋਂ ਸੜਕ ਹਾਦਸੇ ਵੱਧ ਹੁੰਦੇ ਹਨ। ਕੰਮ ਭਾਵੇਂ ਛੋਟਾ ਹੋਵੇ ਭਾਵੇਂ ਵੱਡਾ, ਜੇ ਉਸ ਨੂੰ ਇਕਾਗਰਤਾ ਨਾਲ ਕੀਤਾ ਜਾਵੇ ਤਾਂ ਉਹ ਕੰਮ ਵਧੀਆ ਹੀ ਨਹੀਂ ਹੁੰਦਾ ਸਗੋਂ ਉਸ ਵਿੱਚ ਸਮਾਂ ਤੇ ਸ਼ਕਤੀ ਵੀ ਘੱਟ ਖ਼ਰਚ ਹੁੰਦੀ ਹੈ। ਸਿਰਫ਼ ਇਹ ਗੱਲ ਮਾਅਨੇ ਨਹੀਂ ਰੱਖਦੀ ਕਿ ਵਿਦਿਆਰਥੀ ਨੇ ਕਿੰਨੇ ਘੰਟੇ ਪੜ੍ਹਾਈ ਕੀਤੀ ਸਗੋਂ ਇਹ ਜ਼ਿਆਦਾ ਮਾਅਨੇ ਰੱਖਦਾ ਹੈ ਕਿ ਕਿੰਨੀ ਇਕਾਗਰਤਾ ਨਾਲ ਪੜਿ੍ਹਆ। ਜੇਕਰ ਖਾਣ ਵੇਲੇ ਪੂਰਾ ਧਿਆਨ ਖਾਣੇ ਵਿੱਚ ਹੀ ਹੋਵੇ ਤਾਂ ਉਸ ਭੋਜਨ ਤੋਂ ਵੱਧ ਊਰਜਾ ਮਿਲਦੀ ਹੈ। ਜੇਕਰ ਸਾਰਾ ਪਰਿਵਾਰ ਟੀ ਵੀ ਵੇਖਦਾ ਹੋਇਆ ਖਾਣਾ ਖਾ ਰਿਹਾ ਹੈ ਤਾਂ ਵੀ ਇਕੱਠੇ ਬੈਠ ਕੇ ਖਾਣਾ ਖਾਣ ਵਿੱਚ ਮਿਲਣ ਵਾਲਾ ਆਨੰਦ ਘਟ ਜਾਂਦਾ ਹੈ।
ਕਿਸੇ ਦੋਸਤ-ਮਿੱਤਰ ਜਾਂ ਰਿਸ਼ਤੇਦਾਰ ਨੂੰ ਮਿਲਣ ਵੇਲੇ ਮੋਬਾਈਲ ਵਰਤਣ ਦੀ ਬਜਾਏ ਸਾਰਾ ਧਿਆਨ ਇੱਕ-ਦੂਜੇ ਦੀ ਗੱਲ ਸੁਣਨ ਵੱਲ ਹੋਣਾ ਜ਼ਰੂਰੀ ਹੈ। ਇਸ ਨਾਲ ਆਪਸ ਵਿੱਚ ਪਿਆਰ ਤੇ ਸਾਂਝ ਵਧੇਗੀ। ਦੁੱਖ-ਤਕਲੀਫ਼ ਵੇਲੇ ਔਨਲਾਈਨ ਨਾਲੋਂ ਔਫਲਾਈਨ ਵਾਲੇ ਰਿਸ਼ਤੇਦਾਰ ਹੀ ਜ਼ਿਆਦਾ ਕੰਮ ਆਉਂਦੇ ਹਨ। ਇਕਾਗਰਤਾ ਵਾਲਾ ਸੁਭਾਅ ਨਾ ਹੋਣ ਕਰਕੇ ਹੀ ਬਹੁਗਿਣਤੀ ਲੋਕਾਂ ਨੂੰ ਪਰੇਸ਼ਾਨੀਆਂ, ਚਿੰਤਾਵਾਂ ਤੇ ਘਬਰਾਹਟ ਨੇ ਘੇਰਿਆ ਹੋਇਆ ਹੈ। ਯੋਗ ਕਰਵਾਉਣ ਵੇਲੇ ਪ੍ਰਾਣਾਯਾਮ ਵਰਗੀਆਂ ਵਿਧੀਆਂ ਦੀ ਲੋੜ ਅਤੇ ਅਹਿਮੀਅਤ ਵੀ ਇਸੇ ਕਰਕੇ ਵਧੀ ਹੈ। ਸਾਹ ਦੀਆਂ ਵੱਖੋ-ਵੱਖਰੀਆਂ ਤਕਨੀਕਾਂ ਨਾਲ ਵਿਚਾਰਾਂ ਨੂੰ ਕਾਬੂ ਕਰਨਾ ਚੰਗੀ ਗੱਲ ਹੈ, ਪਰ ਸਾਨੂੰ ਵਕੀਲ ਦੇ ਉਸ ਮੁਨਸ਼ੀ ਵਾਂਗ ਅਦਾਲਤ 'ਚ ਅਦਾਲਤ ਦੀ ਅਤੇ ਘਰ 'ਚ ਘਰ ਦੀ ਗੱਲ ਕਰਨ ਵਾਲਾ ਅਸੂਲ ਵੀ ਧਿਆਨ 'ਚ ਰੱਖਣਾ ਠੀਕ ਰਹੇਗਾ। ਸਵੇਰ ਤੋਂ ਲੈ ਕੇ ਸ਼ਾਮ ਤੱਕ ਕੋਈ ਵੀ ਕੰਮ ਕਰਨਾ ਹੈ ਤਾਂ ਜਿੱਥੋਂ ਤੱਕ ਸੰਭਵ ਹੋਵੇ ਉਸ ਵੇਲੇ ਉਸ ਬਾਰੇ ਹੀ ਇਕਾਗਰ-ਚਿੱਤ ਸੋਚਣ ਅਤੇ ਉਸ ਵੱਲ ਹੀ ਪੂਰਾ ਧਿਆਨ ਦੇਣ ਦੀ ਆਦਤ ਪਾਉਣੀ ਠੀਕ ਰਹੇਗੀ।
ਸੰਪਰਕ: 98144-84161

Dailyhunt
Disclaimer: This content has not been generated, created or edited by Dailyhunt. Publisher: Punjabi Tribune