Dailyhunt

India ਦੀ ਰੱਖਿਆ ਬਰਾਮਦ 62 ਫੀਸਦੀ ਵਧੀ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਦੱਸਿਆ ਕਿ ਵਿੱਤੀ ਵਰ੍ਹੇ 2025-26 ਵਿੱਚ ਭਾਰਤ ਦੀ ਸਾਲਾਨਾ ਰੱਖਿਆ ਬਰਾਮਦ 38,424 ਕਰੋੜ ਰੁਪਏ ਦੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈ ਹੈ, ਜੋ ਪਿਛਲੇ ਵਿੱਤੀ ਵਰ੍ਹੇ ਦੇ ਮੁਕਾਬਲੇ 62 ਫੀਸਦ ਤੋਂ ਵੱਧ ਹੈ। ਸੋਸ਼ਲ ਮੀਡੀਆ 'ਤੇ ਪਾਈ ਪੋਸਟ ਵਿੱਚ ਰੱਖਿਆ ਮੰਤਰੀ ਨੇ ਕਿਹਾ ਕਿ ਰੱਖਿਆ ਬਰਾਮਦ ਵਿੱਚ ਇਹ ਵੱਡੀ ਛਾਲ ਭਾਰਤ ਦੀਆਂ ਦੇਸ਼ੀ ਰੱਖਿਆ ਸਮਰੱਥਾਵਾਂ ਵਿੱਚ ਵੱਧ ਰਹੇ ਵਿਸ਼ਵਵਿਆਪੀ ਵਿਸ਼ਵਾਸ ਨੂੰ ਦਰਸਾਉਂਦੀ ਹੈ।

ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਰੱਖਿਆ ਬਰਾਮਦ ਦੀ ਸਫ਼ਲਤਾ ਦੀ ਪ੍ਰਭਾਵਸ਼ਾਲੀ ਕਹਾਣੀ ਲਿਖ ਰਿਹਾ ਹੈ।
ਰੱਖਿਆ ਮੰਤਰੀ ਨੇ ਕਿਹਾ, ''ਵਿੱਤੀ ਵਰ੍ਹੇ 2025-26 ਵਿੱਚ ਭਾਰਤ ਦੀ ਰੱਖਿਆ ਬਰਾਮਦ 38,424 ਕਰੋੜ ਰੁਪਏ ਦੇ ਰਿਕਾਰਡ ਨਾਲ ਨਵੇਂ ਉੱਚੇ ਪੱਧਰ 'ਤੇ ਪਹੁੰਚ ਗਈ ਹੈ। ਇਹ ਪਿਛਲੇ ਵਿੱਤੀ ਵਰ੍ਹੇ ਦੇ ਮੁਕਾਬਲੇ 62.66 ਫੀਸਦੀ ਦਾ ਮਜ਼ਬੂਤ ਵਾਧਾ ਹੈ। ਰੱਖਿਆ ਬਰਾਮਦ ਵਿੱਚ 14,802 ਕਰੋੜ ਰੁਪਏ ਦੀ ਇਹ ਵੱਡੀ ਛਾਲ ਭਾਰਤ ਦੀਆਂ ਸਵਦੇਸ਼ੀ ਸਮਰੱਥਾ ਅਤੇ ਉੱਨਤ ਨਿਰਮਾਣ ਸ਼ਕਤੀ ਵਿੱਚ ਵਧਦੇ ਵਿਸ਼ਵਵਿਆਪੀ ਭਰੋਸੇ ਨੂੰ ਦਰਸਾਉਂਦੀ ਹੈ।'' ਉਨ੍ਹਾਂ ਦੱਸਿਆ ਕਿ ਇਸ ਮੀਲ ਪੱਥਰ ਵਿੱਚ ਰੱਖਿਆ ਜਨਤਕ ਖੇਤਰ ਦੇ ਅਦਾਰਿਆਂ (ਡੀ ਪੀ ਐੱਸ ਯੂ) ਦਾ ਯੋਗਦਾਨ 54.84 ਫੀਸਦ ਅਤੇ ਨਿੱਜੀ ਉਦਯੋਗਾਂ ਦਾ ਯੋਗਦਾਨ 45.16 ਫੀਸਦ ਰਿਹਾ ਹੈ। ਇਹ ਸਹਿਯੋਗੀ ਅਤੇ ਆਤਮ-ਨਿਰਭਰ ਰੱਖਿਆ ਪ੍ਰਣਾਲੀ ਦੀ ਤਾਕਤ ਨੂੰ ਦਰਸਾਉਂਦਾ ਹੈ। ਭਾਰਤ ਦੀ ਰੱਖਿਆ ਬਰਾਮਦ 2024-25 ਵਿੱਚ 23,622 ਕਰੋੜ ਰੁਪਏ ਸੀ, ਜਦੋਂ ਕਿ 2023-24 ਵਿੱਚ ਇਹ 21,083 ਕਰੋੜ ਰੁਪਏ ਰਹੀ ਸੀ। ਰੱਖਿਆ ਮੰਤਰਾਲੇ ਨੇ 2025-26 ਦੀ ਰੱਖਿਆ ਬਰਾਮਦ ਨੂੰ ਇਤਿਹਾਸਕ ਮੀਲ ਪੱਥਰ ਕਰਾਰ ਦਿੱਤਾ ਹੈ।

Dailyhunt
Disclaimer: This content has not been generated, created or edited by Dailyhunt. Publisher: Punjabi Tribune