Dailyhunt

India ਸਣੇ 60 ਮੁਲਕਾਂ ਵੱਲੋਂ Strait of Hormuz ਖੋਲ੍ਹਣ 'ਤੇ ਚਰਚਾ

ਰਮੁਜ਼ ਜਲਮਾਰਗ ਮੁੜ ਖੋਲ੍ਹਣ ਲਈ ਅੱਜ ਬਰਤਾਨੀਆ ਦੀ ਮੇਜ਼ਬਾਨੀ ਵਿੱਚ ਹੋਈ 60 ਮੁਲਕਾਂ ਦੀ ਸਿਖ਼ਰ ਵਾਰਤਾ ਵਿੱਚ ਭਾਰਤ ਨੇ ਪੱਛਮੀ ਏਸ਼ੀਆ ਵਿਚਲਾ ਤਣਾਅ ਘਟਾਉਣ 'ਤੇ ਜ਼ੋਰ ਦਿੱਤਾ। ਭਾਰਤ ਨੇ ਕਿਹਾ ਕਿ ਇਸ ਸੰਕਟ ਕਰਕੇ ਕੁੱਲ ਆਲਮ ਨੂੰ ਮਨੁੱਖੀ ਤੇ ਰਣਨੀਤਕ ਕੀਮਤ ਤਾਰਨੀ ਪੈ ਰਹੀ ਹੈ। ਬੈਠਕ ਵਿੱਚ ਭਾਰਤ ਦੀ ਨੁਮਾਇੰਦਗੀ ਕਰਦਿਆਂ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਕਿ ਭਾਰਤ ਇਕੋ ਇਕ ਮੁਲਕ ਹੈ, ਜਿਸ ਦੇ ਮਲਾਹ ਖਾੜੀ ਵਿੱਚ ਮਰਚੈਂਟ ਬੇੜਿਆਂ 'ਤੇ ਹੋਏ ਹਮਲੇ ਦੌਰਾਨ ਮਾਰੇ ਗਏ ਸਨ।
ਉਨ੍ਹਾਂ ਖਿੱਤੇ ਵਿੱਚ ਕੌਮਾਂਤਰੀ ਬੇੜਿਆਂ ਦੀ ਸੁਰੱਖਿਆ ਬਾਰੇ ਨਵੀਂ ਦਿੱਲੀ ਦਾ ਸਟੈਂਡ ਰੱਖਿਆ।

ਯੂ ਕੇ ਦੀ ਵਿਦੇਸ਼ ਮੰਤਰੀ ਯਵੇਟ ਕੂਪਰ ਦੀ ਅਗਵਾਈ ਵਿੱਚ ਹੋਈ ਵਾਰਤਾ ਹਰਮੁਜ਼ ਜਲਮਾਰਗ ਰਾਹੀਂ ਬੇੇੜਿਆਂ ਲਈ ਸੁਰੱਖਿਅਤ ਲਾਂਘਾ ਯਕੀਨੀ ਬਣਾਉਣ ਉੱਤੇ ਕੇਂਦਰਤ ਸੀ। ਅਮਰੀਕਾ ਤੇ ਇਜ਼ਰਾਈਲ ਵੱਲੋਂ ਇਰਾਨ 'ਤੇ ਹਮਲੇ ਮਗਰੋਂ ਤਹਿਰਾਨ ਨੇ ਇਸ ਜਲਮਾਰਗ ਨੂੰ ਅੰਸ਼ਕ ਬੰਦ ਕੀਤਾ ਹੋਇਆ ਹੈ। ਰਣਨੀਤਕ ਪੱਖੋਂ ਅਹਿਮ ਜਲਮਾਰਗ ਬੰਦ ਰਹਿਣ ਕਰਕੇ ਆਲਮੀ ਪੱਧਰ 'ਤੇ ਤੇਲ ਤੇ ਗੈਸ ਸਪਲਾਈ ਪ੍ਰਭਾਵਿਤ ਹੋਈ ਹੈ।

ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਆਪਣੀ ਹਫ਼ਤਾਵਾਰੀ ਮੀਡੀਆ ਬ੍ਰੀਫਿੰਗ ਦੌਰਾਨ ਕਿਹਾ, ''ਜਿੱਥੋਂ ਤੱਕ ਭਾਰਤ ਦੀ ਗੱਲ ਹੈ, ਤੁਸੀਂ ਮੁਕਤ ਤੇ ਮੋਕਲੀ ਵਪਾਰਕ ਸ਼ਿਪਿੰਗ, ਅਤੇ ਕੌਮਾਂਤਰੀ ਕਾਨੂੰਨਾਂ ਮੁਤਾਬਕ ਸਮੁੰਦਰੀ ਸੁਰੱਖਿਆ ਬਾਰੇ ਸਾਡੇ ਸਟੈਂਡ ਤੋਂ ਚੰਗੀ ਤਰ੍ਹਾਂ ਜਾਣੂ ਹੋ। ਅਸੀਂ ਤਰਜੀਹੀ ਮਾਮਲੇ ਵਜੋਂ ਹਰਮੁਜ਼ ਜਲਮਾਰਗ ਰਾਹੀਂ ਸੁਰੱਖਿਅਤ ਤੇ ਮੁਕਤ ਨੇਵੀਗੇਸ਼ਨ ਯਕੀਨੀ ਬਣਾਉਣ ਦਾ ਸੱਦਾ ਦਿੰਦੇ ਰਹਾਂਗੇ।''

ਜੈਸਵਾਲ ਨੇ ਕਿਹਾ ਕਿ ਯੂ ਕੇ ਨੇ ਭਾਰਤ ਸਣੇ ਕਈ ਮੁਲਕਾਂ ਨੂੰ ਹਰਮੁਜ਼ ਜਲਮਾਰਗ ਮੁੜ ਖੋਲ੍ਹਣ ਬਾਰੇ ਚਰਚਾ ਲਈ ਸੱਦਿਆ ਸੀ ਤੇ ਮਿਸਰੀ ਇਸ ਵਿੱਚ ਸ਼ਾਮਲ ਹੋਏ। ਉਨ੍ਹਾਂ ਕਿਹਾ, ''ਅਸੀਂ ਇਰਾਨ ਤੇ ਹੋਰ ਮੁਲਕਾਂ ਦੇ ਸੰਪਰਕ ਵਿੱਚ ਹਾਂ। ਇਸੇ ਗੱਲਬਾਤ ਦੇ ਸਿਰ 'ਤੇ ਅਸੀਂ ਪਿਛਲੇ ਕੁਝ ਦਿਨਾਂ ਦੌਰਾਨ ਭਾਰਤੀ ਝੱਡੇ ਵਾਲੇ ਛੇ ਬੇੜਿਆਂ ਲਈ ਹਰਮੁਜ਼ ਜਲਮਾਰਗ ਰਾਹੀਂ ਸੁਰੱਖਿਅਤ ਲਾਂਘਾ ਯਕੀਨੀ ਬਣਾਉਣ ਵਿੱਚ ਸਫ਼ਲ ਰਹੇ ਹਾਂ। ਅਸੀਂ ਸਬੰਧਤ ਧਿਰਾਂ ਨਾਲ ਰਾਬਤਾ ਬਣਾ ਕੇ ਰੱਖਾਂਗੇ।''

ਇਸ ਦੌਰਾਨ ਵਿਦੇਸ਼ ਮੰਤਰਾਲੇ ਨੇ ਉਨ੍ਹਾਂ ਮੀਡੀਆ ਰਿਪੋਰਟਾਂ ਨੂੰ 'ਕਿਆਸ' ਤੇ 'ਬੇਬੁਨਿਆਦ' ਦੱਸ ਕੇ ਖਾਰਜ ਕਰ ਦਿੱਤਾ ਹੈ ਕਿ ਭਾਰਤ ਨੇ ਰੂਸ ਤੋਂ ਤਰਲ ਕੁਦਰਤੀ ਗੈਸ (ਐੱਲ ਐੱਨ ਜੀ) ਦੀ ਦਰਾਮਦ ਵਾਸਤੇ ਪਾਬੰਦੀਆਂ 'ਚ ਛੋਟ ਲਈ ਅਮਰੀਕਾ ਕੋਲ ਪਹੁੰਚ ਕੀਤੀ ਹੈ। ਤਰਜਮਾਨ ਰਣਧੀਰ ਜੈਸਵਾਲ ਨੇ ਕਿਹਾ ਕਿ ਰਿਪੋਰਟ ਵਿਚਲੇ ਤੱਥਾਂ ਦਾ ਕੋਈ ਆਧਾਰ ਨਹੀਂ ਹੈ।

Dailyhunt
Disclaimer: This content has not been generated, created or edited by Dailyhunt. Publisher: Punjabi Tribune