Dailyhunt Logo
  • Light mode
    Follow system
    Dark mode
    • Play Story
    • App Story

Indian Truck Drivers Arrested: ਅਮਰੀਕਾ 'ਚ ਗ਼ੈਰ-ਕਾਨੂੰਨੀ ਤੌਰ 'ਤੇ ਟਰੱਕ ਚਲਾ ਰਹੇ 30 ਭਾਰਤੀ ਗ੍ਰਿਫ਼ਤਾਰ; ਜਲਦ ਹੋਣਗੇ ਡਿਪੋਰਟ

Indian Truck Drivers Arrested: ਅਮਰੀਕਾ ਵਿੱਚ ਗ਼ੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਅਤੇ ਕਮਰਸ਼ੀਅਲ ਟਰੱਕ ਡਰਾਈਵਰਾਂ ਵਜੋਂ ਕੰਮ ਕਰ ਰਹੇ ਲਗਭਗ 30 ਭਾਰਤੀ ਨਾਗਰਿਕਾਂ ਨੂੰ ਇੱਕ ਵੱਡੀ ਸੰਘੀ ਕਾਰਵਾਈ (Federal Operation) ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਹੈ। ਫ਼ੜੇ ਗਏ ਇਨ੍ਹਾਂ ਸਾਰੇ ਭਾਰਤੀਆਂ ਨੂੰ ਜਲਦੀ ਹੀ ਦੇਸ਼ ਨਿਕਾਲਾ ਦਿੱਤਾ ਜਾਵੇਗਾ (ਡਿਪੋਰਟ ਕੀਤਾ ਜਾਵੇਗਾ)।

ਅਮਰੀਕੀ ਮੌਜੂਦਾ ਪ੍ਰਸ਼ਾਸਨ ਦੇ ਸਖ਼ਤ ਰੁਖ਼ ਦਰਮਿਆਨ 'ਯੂਐੱਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ' (CBP) ਵੱਲੋਂ ਜਾਰੀ ਕੀਤੇ ਗਏ ਅਧਿਕਾਰਤ ਬਿਆਨ ਅਨੁਸਾਰ, ਅਰੀਜ਼ੋਨਾ ਦੇ ਯੂਮਾ ਸੈਕਟਰ (Yuma Sector) ਦੇ ਬਾਰਡਰ ਪੈਟਰੋਲ ਏਜੰਟਾਂ ਨੇ ਅਪਰੇਸ਼ਨ ਚੈੱਕਮੇਟ ਤਹਿਤ 52 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਸਾਰੇ ਅਮਰੀਕਾ ਵਿੱਚ ਗ਼ੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਸਨ, ਜਿਨ੍ਹਾਂ ਵਿੱਚੋਂ 36 ਵਿਅਕਤੀ ਵੱਡੇ ਸੈਮੀ-ਟਰੱਕ (Semi-trucks) ਚਲਾਉਂਦੇ ਫ਼ੜੇ ਗਏ।

ਗ੍ਰਿਫ਼ਤਾਰ ਕੀਤੇ ਗਏ ਡਰਾਈਵਰਾਂ ਵਿੱਚ ਸਭ ਤੋਂ ਵੱਧ ਭਾਰਤੀ

ਜਾਂਚ ਏਜੰਸੀਆਂ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ 36 ਗ਼ੈਰ-ਕਾਨੂੰਨੀ ਡਰਾਈਵਰਾਂ ਵਿੱਚੋਂ 30 ਵਿਅਕਤੀ ਇਕੱਲੇ ਭਾਰਤ ਨਾਲ ਸਬੰਧਤ ਹਨ, ਜਦੋਂ ਕਿ ਬਾਕੀ 6 ਡਰਾਈਵਰ ਮੈਕਸੀਕੋ, ਐਲ ਸਲਵਾਡੋਰ ਅਤੇ ਰੂਸ ਦੇ ਨਾਗਰਿਕ ਹਨ। ਇਨ੍ਹਾਂ ਕੋਲ ਕੈਲੀਫੋਰਨੀਆ, ਨਿਊਯਾਰਕ, ਵਾਸ਼ਿੰਗਟਨ ਅਤੇ ਵਰਜੀਨੀਆ ਵਰਗੇ ਰਾਜਾਂ ਦੇ ਕਮਰਸ਼ੀਅਲ ਡਰਾਈਵਿੰਗ ਲਾਇਸੰਸ ਸਨ, ਜਦੋਂ ਕਿ ਕੁਝ ਕੋਲ ਕਿਸੇ ਵੀ ਤਰ੍ਹਾਂ ਦਾ ਲਾਇਸੈਂਸ ਨਹੀਂ ਸੀ।

ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਨ੍ਹਾਂ ਵਿੱਚੋਂ ਬਹੁਤਿਆਂ ਕੋਲ ਕੰਮ ਕਰਨ ਦੇ ਅਧਿਕਾਰ ਸੰਬੰਧੀ ਦਸਤਾਵੇਜ਼ (Employment Authorisation Documents) ਸਨ, ਜੋ ਪਿਛਲੇ ਜੋ ਬਾਈਡਨ ਪ੍ਰਸ਼ਾਸਨ ਦੌਰਾਨ ਹਾਸਲ ਕੀਤੇ ਗਏ ਸਨ, ਪਰ ਹੁਣ ਉਨ੍ਹਾਂ ਦੀ ਮਿਆਦ ਖ਼ਤਮ ਹੋ ਚੁੱਕੀ ਸੀ। ਬਾਰਡਰ ਪ੍ਰੋਟੈਕਸ਼ਨ ਵਿਭਾਗ ਨੇ ਸਾਰਿਆਂ ਖ਼ਿਲਾਫ਼ ਸੰਘੀ ਕਾਨੂੰਨ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਡਿਪੋਰਟ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।

ਸੜਕ ਸੁਰੱਖਿਆ ਲਈ 'ਅਪਰੇਸ਼ਨ ਚੈੱਕਮੇਟ'

'ਅਪਰੇਸ਼ਨ ਚੈੱਕਮੇਟ' ਦਾ ਮੁੱਖ ਉਦੇਸ਼ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਸਖ਼ਤੀ ਨਾਲ ਲਾਗੂ ਕਰਕੇ ਜਨਤਕ ਸੁਰੱਖਿਆ ਨੂੰ ਮਜ਼ਬੂਤ ਕਰਨਾ ਹੈ, ਤਾਂ ਜੋ ਦੇਸ਼ ਵਿੱਚ ਵਪਾਰਕ ਵਾਹਨ ਚਲਾਉਣ ਵਾਲੇ ਗ਼ੈਰ-ਕਾਨੂੰਨੀ ਲੋਕਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕੇ। ਯੂਮਾ ਸੈਕਟਰ ਦੇ ਐਕਟਿੰਗ ਚੀਫ਼ ਪੈਟਰੋਲ ਏਜੰਟ ਡਸਟਿਨ ਕਾਡਲ ਨੇ ਕਿਹਾ, " ਅਪਰੇਸ਼ਨ ਚੈੱਕਮੇਟ ਸਾਡੀ ਸੜਕਾਂ ਅਤੇ ਭਾਈਚਾਰਿਆਂ ਨੂੰ ਅਜਿਹੇ ਗ਼ੈਰ-ਕਾਨੂੰਨੀ ਡਰਾਈਵਰਾਂ ਤੋਂ ਸੁਰੱਖਿਅਤ ਰੱਖਣ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ, ਜੋ ਜਨਤਕ ਸੁਰੱਖਿਆ ਲਈ ਵੱਡਾ ਖ਼ਤਰਾ ਹਨ।" ਉਨ੍ਹਾਂ ਕਿਹਾ ਕਿ ਸੰਘੀ ਏਜੰਟ ਰੋਜ਼ਾਨਾ ਗਸ਼ਤ ‘ਤੇ ਹਨ ਤਾਂ ਜੋ ਅਮਰੀਕਾ ਭਰ ਦੀਆਂ ਸੜਕਾਂ 'ਤੇ ਹੋਣ ਵਾਲੇ ਜਾਨਲੇਵਾ ਹਾਦਸਿਆਂ ਨੂੰ ਰੋਕਿਆ ਜਾ ਸਕੇ।

ਡੋਨਲਡ ਟਰੰਪ ਪ੍ਰਸ਼ਾਸਨ ਦੀ ਸਖ਼ਤੀ

ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਹੇਠ, ਅਮਰੀਕੀ ਟਰਾਂਸਪੋਰਟ ਵਿਭਾਗ ਨੇ ਗ਼ੈਰ-ਕਾਨੂੰਨੀ ਅਤੇ ਅਣ-ਅਧਿਕਾਰਤ ਵਿਦੇਸ਼ੀ ਡਰਾਈਵਰਾਂ ਨੂੰ ਕਮਰਸ਼ੀਅਲ ਟਰੱਕ ਅਤੇ ਬੱਸਾਂ ਚਲਾਉਣ ਲਈ ਲਾਇਸੰਸ ਜਾਰੀ ਕਰਨ ‘ਤੇ ਮੁਕੰਮਲ ਰੋਕ ਲਗਾਉਣ ਦੇ ਹੁਕਮ ਜਾਰੀ ਕੀਤੇ ਹੋਏ ਹਨ। ਪਿਛਲੇ ਕੁਝ ਮਹੀਨਿਆਂ ਦੌਰਾਨ ਅਮਰੀਕਾ ਵਿੱਚ ਕਈ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿੱਥੇ ਭਾਰਤੀ ਮੂਲ ਦੇ ਟਰੱਕ ਡਰਾਈਵਰਾਂ ਵੱਲੋਂ ਚਲਾਏ ਜਾ ਰਹੇ ਵਪਾਰਕ ਵਾਹਨਾਂ ਕਾਰਨ ਭਿਆਨਕ ਅਤੇ ਜਾਨਲੇਵਾ ਸੜਕ ਹਾਦਸੇ ਵਾਪਰੇ, ਜਿਸ ਤੋਂ ਬਾਅਦ ਅਮਰੀਕੀ ਪ੍ਰਸ਼ਾਸਨ ਨੇ ਇਹ ਸਖ਼ਤ ਮੁਹਿੰਮ ਵਿੱਢੀ ਹੈ।

Dailyhunt
Disclaimer: This content has not been generated, created or edited by Dailyhunt. Publisher: Punjabi Tribune