Dailyhunt

IndiGo: ਹੁਣ ਦਿੱਲੀ ਤੋਂ ਇਸਤਾਂਬੁਲ ਲਈ ਚੱਲੇਗੀ ਹਾਈ-ਟੈਕ ਏਅਰਬੱਸ A321XLR; ਮਿਲਣਗੀਆਂ ਲਗਜ਼ਰੀ ਸਹੂਲਤਾਂ

ਇੰਡੀਗੋ ਏਅਰਲਾਈਨਜ਼ 19 ਅਪਰੈਲ ਤੋਂ ਦਿੱਲੀ ਅਤੇ ਇਸਤਾਂਬੁਲ ਵਿਚਕਾਰ ਆਪਣੇ ਸਭ ਤੋਂ ਆਧੁਨਿਕ ਜਹਾਜ਼ ਏਅਰਬੱਸ A321XLR ਦੀ ਸੇਵਾ ਸ਼ੁਰੂ ਕਰਨ ਜਾ ਰਹੀ ਹੈ। ਇਸ ਨਵੇਂ ਕਦਮ ਨਾਲ ਨਾ ਸਿਰਫ਼ ਯਾਤਰੀਆਂ ਲਈ ਸੀਟਾਂ ਦੀ ਗਿਣਤੀ ਵਧੇਗੀ, ਸਗੋਂ ਸਫ਼ਰ ਵੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਆਰਾਮਦਾਇਕ ਹੋ ਜਾਵੇਗਾ। ਇਸ ਰੂਟ 'ਤੇ ਪਹਿਲੀ ਵਾਰ ਇੰਡੀਗੋ 'ਇੰਡੀਗੋਸਟ੍ਰੈਚ' (IndiGoStretch) ਨਾਂ ਦੀ ਪ੍ਰੀਮੀਅਮ ਬਿਜ਼ਨਸ ਕਲਾਸ ਸ਼ੁਰੂ ਕਰ ਰਹੀ ਹੈ, ਜਿਸ ਵਿੱਚ 12 ਖ਼ਾਸ ਸੀਟਾਂ ਹੋਣਗੀਆਂ।

ਯਾਤਰੀਆਂ ਨੂੰ ਸਫ਼ਰ ਦੌਰਾਨ ਮੁਫ਼ਤ ਗਰਮ ਭੋਜਨ ਅਤੇ ਪੀਣ ਵਾਲੇ ਪਦਾਰਥ ਦਿੱਤੇ ਜਾਣਗੇ, ਜਿਸ ਵਿੱਚ ਸ਼ਾਕਾਹਾਰੀ ਅਤੇ ਮਾਸਾਹਾਰੀ ਦੋਵੇਂ ਤਰ੍ਹਾਂ ਦੇ ਪਕਵਾਨ ਸ਼ਾਮਲ ਹੋਣਗੇ। ਇਸ ਤੋਂ ਇਲਾਵਾ, ਜਹਾਜ਼ ਵਿੱਚ ਇੱਕ ਨਵਾਂ ਡਿਜੀਟਲ ਸਿਸਟਮ ਲਗਾਇਆ ਗਿਆ ਹੈ ਜਿਸ ਰਾਹੀਂ ਯਾਤਰੀ ਆਪਣੇ ਫ਼ੋਨ ਜਾਂ ਟੈਬਲੇਟ ‘ਤੇ ਫ਼ਿਲਮਾਂ, ਗੇਮਾਂ ਅਤੇ ਟੀਵੀ ਸ਼ੋਅ ਦਾ ਆਨੰਦ ਮਾਣ ਸਕਣਗੇ।

ਇਹ ਉਡਾਣਾਂ ਰੋਜ਼ਾਨਾ ਚੱਲਣਗੀਆਂ; ਦਿੱਲੀ ਤੋਂ ਇਹ ਸਵੇਰੇ 7:30 ਵਜੇ ਰਵਾਨਾ ਹੋ ਕੇ ਦੁਪਹਿਰ 1:55 ਵਜੇ ਇਸਤਾਂਬੁਲ ਪਹੁੰਚੇਗੀ ਅਤੇ ਵਾਪਸੀ ‘ਤੇ ਇਸਤਾਂਬੁਲ ਤੋਂ ਸ਼ਾਮ 6:20 ਵਜੇ ਚੱਲ ਕੇ ਅਗਲੀ ਸਵੇਰ 5:20 ਵਜੇ ਦਿੱਲੀ ਉਤਰੇਗੀ। ਤੁਰਕਿਸ਼ ਏਅਰਲਾਈਨਜ਼ ਨਾਲ ਇੰਡੀਗੋ ਦੀ ਸਾਂਝੇਦਾਰੀ ਕਾਰਨ ਹੁਣ ਭਾਰਤੀ ਯਾਤਰੀਆਂ ਲਈ ਇਸਤਾਂਬੁਲ ਰਾਹੀਂ ਦੁਨੀਆ ਦੇ 50 ਹੋਰ ਦੇਸ਼ਾਂ ਤੱਕ ਪਹੁੰਚਣਾ ਬਹੁਤ ਸੌਖਾ ਹੋ ਜਾਵੇਗਾ। ਇਸ ਨਵੇਂ ਜਹਾਜ਼ ਦੀ ਵਰਤੋਂ ਨਾਲ ਇੰਡੀਗੋ ਹੁਣ ਲੰਮੀ ਦੂਰੀ ਦੇ ਕੌਮਾਂਤਰੀ ਬਾਜ਼ਾਰ ਵਿੱਚ ਦੂਜੀਆਂ ਵੱਡੀਆਂ ਏਅਰਲਾਈਨਾਂ ਨੂੰ ਸਖ਼ਤ ਟੱਕਰ ਦੇਣ ਲਈ ਤਿਆਰ ਹੈ।

Dailyhunt
Disclaimer: This content has not been generated, created or edited by Dailyhunt. Publisher: Punjabi Tribune