ਇੰਗਲੈਂਡ ਤੋਂ ਆਪਣੇ ਪਿੰਡ ਡੱਲਾ ਪਰਤੇ ਨੌਜਵਾਨ ਨੇ ਘਰ 'ਚ ਪੱਖੇ ਨਾਲ ਫਾਹਾ ਲੈ ਕੇ ਜਾਨ ਦੇ ਦਿੱਤੀ। ਮ੍ਰਿਤਕ ਦੀ ਪਛਾਣ ਪ੍ਰਗਟ ਸਿੰਘ (30) ਪੁੱਤਰ ਸੁਖਦੇਵ ਸਿੰਘ ਵਜੋਂ ਹੋਈ ਹੈ। ਪਿੰਡ ਦੇ ਸਰਪੰਚ ਗੋਪਾਲ ਸਿੰਘ ਪਾਲੀ ਅਤੇ ਪ੍ਰਧਾਨ ਨਿਰਮਲ ਸਿੰਘ ਨੇ ਦੱਸਿਆ ਕਿ ਪ੍ਰਗਟ ਸਿੰਘ ਲਗਪਗ ਤਿੰਨ ਸਾਲ ਤੋਂ ਆਪਣੀ ਪਤਨੀ ਸਮੇਤ ਇੰਗਲੈਂਡ ਵਿੱਚ ਰਹਿ ਰਿਹਾ ਸੀ।
ਪ੍ਰਗਟ ਸਿੰਘ ਦੀ ਮਾਤਾ ਦੀ ਪਿਛਲੇ ਵਰ੍ਹੇ ਮੌਤ ਹੋਣ ਕਾਰਨ, ਉਸ ਦਾ ਪਿਤਾ ਉਸ ਦੀ ਭੈਣ ਕੋਲ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਪ੍ਰਗਟ ਸਿੰਘ ਚਾਰ-ਪੰਜ ਮਹੀਨਿਆਂ ਬਾਅਦ ਇੰਗਲੈਂਡ ਤੋਂ ਪਿੰਡ ਆਉਂਦਾ-ਜਾਂਦਾ ਰਹਿੰਦਾ ਸੀ। ਹੁਣ ਵੀ ਉਹ ਪਿੰਡ ਆਇਆ ਹੋਇਆ ਸੀ। ਉਸ ਨੇ ਆਪਣੇ ਘਰ ਦੇ ਕਮਰੇ ਨੂੰ ਅੰਦਰੋਂ ਤਾਲਾ ਲਗਾ ਕੇ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਲਿਆ।
ਇਸ ਘਟਨਾ ਬਾਰੇ ਉਸ ਵੇਲੇ ਪਤਾ ਲੱਗਿਆ ਜਦੋਂ ਘਰ ਵਿੱਚ ਕੰਮ ਕਰਨ ਵਾਲੀ ਔਰਤ ਆਈ ਅਤੇ ਉਸ ਨੇ ਕਈ ਵਾਰ ਕਮਰੇ ਦਾ ਦਰਵਾਜ਼ਾ ਖੜਕਾਇਆ। ਜਦੋਂ ਅੰਦਰੋਂ ਕੋਈ ਆਵਾਜ਼ ਨਾ ਆਈ ਤਾਂ ਉਸ ਨੇ ਇਸ ਬਾਰੇ ਪਿੰਡ ਦੇ ਮੋਹਤਬਰ ਵਿਅਕਤੀਆਂ ਨੂੰ ਦੱਸਿਆ। ਜਦੋਂ ਕਮਰੇ ਦਾ ਦਰਵਾਜ਼ਾ ਤੋੜਿਆ ਤਾਂ ਦੇਖਿਆ ਕਿ ਪ੍ਰਗਟ ਸਿੰਘ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਮੌਕੇ 'ਤੇ ਪਹੁੰਚੀ ਪੁਲੀਸ ਨੇ ਲਾਸ਼ ਸਥਾਨਕ ਸਰਕਾਰੀ ਹਸਪਤਾਲ ਵਿੱਚ ਰੱਖਵਾ ਕੇ ਉਸ ਦੀ ਪਤਨੀ ਅਤੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ ਹੈ। ਥਾਣਾ ਹਠੂਰ ਦੇ ਇੰਚਾਰਜ ਗੁਰਸੇਵਕ ਸਿੰਘ ਨੇ ਦੱਸਿਆ ਕਿ ਪ੍ਰਗਟ ਸਿੰਘ ਦੀ ਪਤਨੀ ਦੇ ਇੰਗਲੈਂਡ ਤੋਂ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
