ਹਰਮੁਜ਼ ਜਲ ਮਾਰਗ ਵਿੱਚ ਤਿੰਨ ਸਮੁੰਦਰੀ ਬੇੜਿਆਂ ਉੱਤੇ ਹਮਲਿਆਂ ਮਗਰੋਂ ਅਮਰੀਕਾ ਨੇ ਬੁੱਧਵਾਰ ਤੜਕੇ ਇਰਾਨ 'ਤੇ 'ਜਵਾਬੀ ਹਮਲੇ' ਕੀਤੇ। ਟਰੰਪ ਪ੍ਰਸ਼ਾਸਨ ਨੇ ਇਰਾਨ ਨੂੰ ਆਲਮੀ ਬਾ਼ਜ਼ਾਰ ਵਿੱਚ ਕੱਚਾ ਤੇਲ ਵੇਚਣ ਦੀ ਖੁੱਲ੍ਹ ਵਾਲਾ ਲਾਇਸੈਂਸ ਵੀ ਰੱਦ ਕਰ ਦਿੱਤਾ। ਇਰਾਨ ਨੇ ਅਮਰੀਕਾ ਦੀ ਇਸ ਕਾਰਵਾਈ ਦੇ ਜਵਾਬ ਵਿੱਚ ਬਹਿਰੀਨ ਤੇ ਕੁਵੈਤ 'ਚ ਅਮਰੀਕੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ।
ਇਰਾਨ ਦੀ ਸੰਸਦ ਦੇ ਸਪੀਕਰ ਮੁਹੰਮਦ ਬਾਘੇਰ ਕਲੀਬਾਫ਼ ਨੇ ਐਕਸ 'ਤੇ ਪੋਸਟ ਵਿੱਚ ਕਿਹਾ, ''ਡਰਾਉਣ ਧਮਕਾਉਣ ਤੇ ਜਬਰੀ ਵਸੂਲੀ ਦਾ ਦੌਰ ਖ਼ਤਮ ਹੋ ਚੁੱਕਾ ਹੈ। ਇਸ ਨਾਲ ਕੋਈ ਸਿੱਟਾ ਨਹੀਂ ਨਿਕਲੇਗਾ। ਅਸੀਂ ਨਹੀਂ ਝੁਕਾਂਗੇ।'' ਉਧਰ ਭਾਰਤ ਨੇ ਹਰਮੁਜ਼ ਜਲ ਮਾਰਗ ਵਿੱਚ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਏ ਜਾਣ 'ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਅਤੇ ਸਾਰੀਆਂ ਧਿਰਾਂ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਨ੍ਹਾਂ ਘਟਨਾਵਾਂ ਨਾਲ ਖੇਤਰੀ ਸ਼ਾਂਤੀ, ਸੁਰੱਖਿਆ ਅਤੇ ਸਥਿਰਤਾ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ। ਉੱਧਰ, ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਇਰਾਨ ਨਾਲ ਅੰਤਰਿਮ ਸਮਝੌਤਾ 'ਖ਼ਤਮ' ਹੋ ਗਿਆ ਹੈ, ਪਰ ਉਹ ਗੱਲਬਾਤ ਜਾਰੀ ਰਹਿਣ ਦੇਣਗੇ। ਦੋਵਾਂ ਧਿਰਾਂ ਦੀਆਂ ਪੇਸ਼ਬੰਦੀਆਂ ਨਾਲ ਪੱਛਮੀ ਏਸ਼ੀਆ ਵਿੱਚ ਮੁੜ ਤੋਂ ਟਕਰਾਅ ਵਧਣ ਦਾ ਖ਼ਦਸ਼ਾ ਹੈ।
ਜੰਗਬੰਦੀ ਦੀ ਸਥਿਤੀ ਬਾਰੇ ਪੁੱਛਣ ਉੱਤੇ ਟਰੰਪ ਨੇ ਕਿਹਾ, ''ਮੈਨੂੰ ਲੱਗਦਾ ਹੈ ਕਿ ਇਹ ਹੁਣ ਖ਼ਤਮ ਹੋ ਗਿਆ ਹੈ।'' ਉਨ੍ਹਾਂ ਕਿਹਾ ਕਿ ਅਮਰੀਕੀ ਪ੍ਰਤੀਨਿਧ ਗੱਲਬਾਤ ਜਾਰੀ ਰੱਖ ਸਕਦੇ ਹਨ, ਪਰ ਉਨ੍ਹਾਂ ਇਸ ਦੇ ਨਤੀਜਿਆਂ ਬਾਰੇ ਖਦਸ਼ਾ ਜਤਾਇਆ। ਟਰੰਪ ਦੀਆਂ ਇਨ੍ਹਾਂ ਸੱਜਰੀਆਂ ਟਿੱਪਣੀਆਂ ਨਾਲ ਬੁੱਧਵਾਰ ਨੂੰ ਕੌਮਾਂਤਰੀ ਮਾਨਕ ਬਰੈਂਟ ਕੱਚੇ ਤੇਲ ਦੀ ਕੀਮਤਾਂ ਪੰਜ ਫੀਸਦ ਤੱਕ ਚੜ੍ਹ ਗਈਆਂ। ਦੋਵਾਂ ਧਿਰਾਂ ਵੱਲੋਂ ਹਮਲੇ ਅਜਿਹੇ ਮੌਕੇ ਹੋਏ ਹਨ ਜਦੋਂ ਇਰਾਨ ਦੇ ਮਰਹੂਮ ਸਿਖਰਲੇ ਆਗੂ ਆਇਤੁੱਲਾ ਖਮੇਨੇਈ ਦੀਆਂ ਅੰਤਿਮ ਰਸਮਾਂ ਨਾਲ ਜੁੜੇ ਪ੍ਰੋਗਰਾਮ ਜਾਰੀ ਹਨ।
ਖਮੇਨੇਈ ਨੂੰ ਸਪੁਰਦੇ ਖਾਕ ਕੀਤੇ ਜਾਣ ਮਗਰੋਂ ਅੰਤਰਿਮ ਸਮਝੌਤੇ ਨੂੰ ਅੰਤਿਮ ਰੂਪ ਦੇਣ ਦਾ ਪ੍ਰੋਗਰਾਮ ਸੀ। ਗੱਲਬਾਤ ਦੌਰਾਨ ਹਰਮੁਜ਼ ਜਲ ਮਾਰਗ ਨੂੰ ਪੂਰੀ ਤਰ੍ਹਾਂ ਖੋਲ੍ਹਣ ਤੇ ਤਹਿਰਾਨ ਦੇ ਵਿਵਾਦਤ ਪ੍ਰਮਾਣੂ ਪ੍ਰੋਗਰਾਮ 'ਤੇ ਰੋਕ ਲਗਾਉਣ ਜਿਹੇ ਮੁੱਦਿਆਂ ਉੱਤੇ ਚਰਚਾ ਹੋਣੀ ਸੀ, ਪਰ ਇਨ੍ਹਾਂ ਸੱਜਰੇ ਹਮਲਿਆਂ ਨੇ ਇਸ ਅਮਲ ਨੂੰ ਖ਼ਤਰੇ 'ਚ ਪਾ ਦਿੱਤਾ ਹੈ। ਅਮਰੀਕਾ ਜਾਂ ਇਰਾਨ 'ਚੋਂ ਕਿਸੇ ਨੇ ਵੀ ਅਜੇ ਤੱਕ ਗੱਲਬਾਤ ਤੋਂ ਪਿੱਛੇ ਹਟਣ ਦਾ ਇਸ਼ਾਰਾ ਨਹੀਂ ਕੀਤਾ ਹੈ।
ਅਮਰੀਕੀ ਸੈਂਟਰਲ ਕਮਾਂਡ ਨੇ ਕਿਹਾ ਕਿ ਉਸ ਨੇ ਇਰਾਨ ਦੇ ਕਈ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ, ਜਿਸ ਵਿੱਚ ਹਵਾਈ ਰੱਖਿਆ ਪ੍ਰਣਾਲੀਆਂ, ਰਡਾਰ ਤੇ ਇਰਾਨ ਦੇ ਨੀਮ ਫੌਜੀ ਬਲ ਰੈਵੋਲਿਊਸ਼ਨਰੀ ਗਾਰਡ ਵੱਲੋਂ ਵਰਤੀਆਂ ਜਾਂਦੀਆਂ 60 ਤੋਂ ਵੱਧ ਛੋਟੀਆਂ ਬੇੜੀਆਂ ਸ਼ਾਮਲ ਹਨ। ਕਮਾਂਡ ਨੇ ਕਿਹਾ ਕਿ ਜਲ ਮਾਰਗ ਵਿੱਚ ਸਮੁੰਦਰੀ ਜਹਾਜ਼ਾਂ ਲਈ ਖ਼ਤਰਾ ਪੈਦਾ ਕਰਨ ਵਿੱਚ ਇਨ੍ਹਾਂ ਬੇੜੀਆਂ ਦੀ ਅਹਿਮ ਭੂਮਿਕਾ ਰਹੀ ਹੈ।
ਉੱਧਰ ਇਰਾਨ ਦੇ ਸਰਕਾਰੀ ਮੀਡੀਆ ਨੇ ਬੰਦਰ ਮਹਿਸ਼ਹਿਰ ਸਣੇ ਕਈ ਟਿਕਾਣਿਆਂ 'ਤੇ ਧਮਾਕਿਆਂ ਦਾ ਦਾਅਵਾ ਕੀਤਾ ਹੈ। ਬੰਦਰ ਮਹਿਸ਼ਹਿਰ ਵਿੱਚ ਰੈਵੋਲਿਊਸ਼ਨਰੀ ਗਾਰਡ ਦਾ ਮੈਂਬਰ ਮਾਰਿਆ ਗਿਆ। ਸਰਕਾਰੀ ਮੀਡੀਆ ਨੇ ਬੁਸ਼ਹਿਰ ਉੱਤੇ ਵੀ ਹਮਲਿਆਂ ਦਾ ਦਾਅਵਾ ਕੀਤਾ ਹੈ, ਜਿੱਥੇ ਇਰਾਨ ਦਾ ਪ੍ਰਮਾਣੂ ਊਰਜਾ ਪਲਾਂਟ ਕੰਪਲੈਕਸ ਹੈ। ਰੈਵੋਲਿਊਸ਼ਨਰੀ ਗਾਰਡ ਨੇ ਵੀ ਇਕ ਬਿਆਨ ਵਿੱਚ ਬਹਿਰੀਨ ਤੇ ਕੁਵੈਤ ਵਿੱਚ ਅਮਰੀਕੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕਬੂਲੀ ਹੈ।
ਉਂਝ, ਹਮਲਿਆਂ ਤੋਂ ਪਹਿਲਾਂ ਅਮਰੀਕਾ ਨੇ ਅੰਤਰਿਮ ਸਮਝੌਤੇ ਤਹਿਤ ਇਰਾਨੀ ਤੇਲ ਦੀ ਵਿਕਰੀ ਲਈ ਦਿੱਤੇ ਲਾਇਸੈਂਸ ਨੂੰ ਰੱਦ ਕਰ ਦਿੱਤਾ। ਇਹ ਫੈਸਲਾ ਹਰਮੁਜ਼ ਜਲ ਮਾਰਗ 'ਚ ਸਮੁੰਦਰੀ ਬੇੜਿਆਂ 'ਤੇ ਹਮਲੇ ਮਗਰੋਂ ਲਿਆ ਗਿਆ। ਯੂਨਾਈਟਿਡ ਕਿੰਗਡਮ ਮੈਰੀਟਾਈਮ ਟਰੇਡ ਅਪਰੇਸ਼ਨ ਸੈਂਟਰ ਨੇ ਕਿਹਾ ਕਿ ਓਮਾਨ ਦੇ ਤੱਟ 'ਤੇ ਮੌਜੂਦ ਟੈਂਕਰ 'ਤੇ ਹਮਲੇ ਮਗਰੋਂ ਉਸ ਵਿੱਚ ਅੱਗ ਲੱਗ ਗਈ। ਇਰਾਨ ਦੇ ਸਰਕਾਰੀ ਟੈਲੀਵਿਜ਼ਨ ਨੇ ਕਿਹਾ ਕਿ ਚਿਤਾਵਨੀਆਂ ਨਜ਼ਰਅੰਦਾਜ਼ ਕਰਨ ਮਗਰੋਂ ਟੈਂਕਰ 'ਤੇ ਹਮਲਾ ਕੀਤਾ ਗਿਆ। ਇਰਾਨ ਨੇ ਹਾਲਾਂਕਿ ਹਮਲੇ ਦੀ ਸਿੱਧੀ ਜ਼ਿੰਮੇਵਾਰੀ ਨਹੀਂ ਲਈ। ਕਤਰ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਟੈਂਕਰ ਵਿੱਚ ਕੁਦਰਤੀ ਗੈਸ ਸੀ। ਉਨ੍ਹਾਂ ਇਸ ਹਮਲੇ ਲਈ ਇਰਾਨ ਨੂੰ ਪੂਰੀ ਤਰ੍ਹਾਂ ਜ਼ਿੰਮੇਵਾਰ ਦੱਸਿਆ। ਬ੍ਰਿਟੇਨ ਦੀ ਸਮੁੰਦਰੀ ਏਜੰਸੀ ਨੇ ਦੋ ਹੋਰਨਾਂ ਬੇੜਿਆਂ ਨੂੰ ਨੁਕਸਾਨ ਪੁੱਜਣ ਦੀ ਵੀ ਗੱਲ ਕਹੀ।
