Dailyhunt

ਇਰਾਨ ਨੇ ਅਮਰੀਕੀ ਜੰਗੀ ਜਹਾਜ਼ ਫੁੰਡਿਆ

ਰਾਨ ਨੇ ਸ਼ੁੱਕਰਵਾਰ ਨੂੰ ਮੁਲਕ ਦੇ ਦੱਖਣ-ਪੱਛਮੀ ਹਿੱਸੇ ਵਿੱਚ ਅਮਰੀਕੀ ਜੰਗੀ ਜਹਾਜ਼ ਫੁੁੰਡਣ ਦਾ ਦਾਅਵਾ ਕੀਤਾ ਹੈ। ਤਹਿਰਾਨ ਨੇ ਜਹਾਜ਼ ਦੇ ਮਲਬੇ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ। ਸਰਕਾਰੀ ਟੈਲੀਵਿਜ਼ਨ ਚੈਨਲ ਮੁਤਾਬਕ ਜੰਗੀ ਜਹਾਜ਼ ਡਿੱਗਣ ਤੋਂ ਪਹਿਲਾਂ ਦੋਵੇਂ ਅਮਰੀਕੀ ਪਾਇਲਟ ਬਾਹਰ ਨਿਕਲ ਗਏ ਸਨ। ਹਾਲਾਂਕਿ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਚਲਾਈ ਮੁਹਿੰਮ ਦੌਰਾਨ ਇੱਕ ਪਾਇਲਟ ਨੂੰ ਬਚਾਅ ਲਿਆ ਗਿਆ।

ਉਧਰ ਇਰਾਨ ਨੇ ਲਾਪਤਾ ਪਾਇਲਟਾਂ ਬਾਰੇ ਜਾਣਕਾਰੀ ਦੇਣ ਵਾਲੇ ਲਈ ਇਨਾਮ ਦਾ ਐਲਾਨ ਕੀਤਾ ਸੀ। ਉਧਰ ਅਬੂ ਧਾਬੀ ਵਿੱਚ ਇਰਾਨੀ ਮਿਜ਼ਾਈਲ ਫੁੰਡਣ ਮੌਕੇ ਡਿੱਗੇ ਮਲਬੇ ਕਰ ਕੇ ਪੰਜ ਭਾਰਤੀ ਨਾਗਰਿਕਾਂ ਸਣੇ 12 ਵਿਅਕਤੀ ਜ਼ਖ਼ਮੀ ਹੋ ਗਏ। ਮੁਕਾਮੀ ਅਥਾਰਿਟੀਜ਼ ਮੁਤਾਬਕ ਜ਼ਖ਼ਮੀਆਂ ਦੇ ਮਾਮੂਲੀ ਤੇ ਹਲਕੀ ਸੱਟ ਫੇਟ ਲੱਗੀ ਹੈ। ਜ਼ਖ਼ਮੀਆਂ 'ਚ ਛੇ ਨੇਪਾਲੀ ਨਾਗਰਿਕ ਵੀ ਸ਼ਾਮਲ ਹਨ।

 ਇਰਾਨ ਖ਼ਿਲਾਫ਼ ਦੇ ਅਪਰੇਸ਼ਨ 'ਚ ਮਦਦ ਲਈ ਅਮਰੀਕੀ ਹਵਾਈ ਸੈਨਾ ਦਾ ਐੱਫ-15ਈ ਸਟ੍ਰਾਈਕ ਈਗਲ ਜਹਾਜ਼ ਕਿਸੇ ਅਣਦੱਸੀ ਥਾਂ ਤੋਂ ਉਡਾਣ ਭਰਦਾ ਹੋਇਆ। -ਫੋਟੋਆਂ: ਰਾਇਟਰਜ਼

ਅਮਰੀਕੀ ਜੰਗੀ ਜਹਾਜ਼ ਫੁੰਡਣ ਮਗਰੋਂ ਇਰਾਨੀ ਟੈਲੀਵਿਜ਼ਨ ਚੈਨਲ ਦੇ ਮੇਜ਼ਬਾਨ ਨੇ ਸਥਾਨਕ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ 'ਦੁਸ਼ਮਣ ਪਾਇਲਟ' ਨੂੰ ਪੁਲੀਸ ਦੇ ਹਵਾਲੇ ਕਰਨ ਤੇ ਇਸ ਲਈ ਇਨਾਮ ਵੀ ਦਿੱਤਾ ਜਾਵੇਗਾ। ਇਹ ਚੈਨਲ ਕੋਕਿਲੋਯੇਹ ਤੇ ਬੋਇਰ-ਅਹਿਮਦ ਸੂਬੇ ਵਿੱਚ ਹੈ। ਇਹ ਪੇਂਡੂ ਤੇ ਪਹਾੜੀ ਖੇਤਰ ਹੈ, ਜੋ 15,500 ਵਰਗ ਕਿਲੋਮੀਟਰ ਵਿੱਚ ਫੈਲਿਆ ਹੈ। ਚੈਨਲ ਨੇ ਅਮਰੀਕੀ ਜੰਗੀ ਜਹਾਜ਼ ਡੇਗਣ ਦਾ ਦਾਅਵਾ ਕਰਦਿਆਂ ਪਿਕਅੱਪ ਟਰੱਕ ਦੇ ਪਿੱਛੇ ਧਾਤ ਦਾ ਮਲਬਾ ਦਿਖਾਇਆ ਹੈ, ਪਰ ਫ਼ੌਰੀ ਕੋਈ ਹੋਰ ਜਾਣਕਾਰੀ ਦੇਣ ਤੋਂ ਨਾਂਹ ਕਰ ਦਿੱਤੀ। ਇਸ ਤੋਂ ਪਹਿਲਾਂ ਇਰਾਨ ਨੇ ਸ਼ੁੱਕਰਵਾਰ ਨੂੰ ਮੱਧ ਪੂਰਬ ਵਿੱਚ ਵੱਖ ਵੱਖ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਇਨ੍ਹਾਂ ਹਮਲਿਆਂ ਵਿੱਚ ਸਮੁੰਦਰੀ ਪਾਣੀ ਸੋਧਣ ਵਾਲਾ ਪਲਾਂਟ ਨੁਕਸਾਨਿਆ ਗਿਆ ਜਦੋਂਕਿ ਕੁਵੈਤ ਵਿੱਚ ਰਿਫਾਇਨਰੀ ਨੂੰ ਅੱਗ ਲੱਗ ਗਈ। ਉਧਰ ਅਮਰੀਕਾ ਤੇ ਇਜ਼ਰਾਈਲ ਨੇ ਵੀ ਜਵਾਬੀ ਕਾਰਵਾਈ ਵਿੱਚ ਇਸਲਾਮਿਕ ਗਣਰਾਜ 'ਤੇ ਹਮਲੇ ਕੀਤੇ। ਅਮਰੀਕਾ ਨੇ ਤਹਿਰਾਨ ਤੇ ਕੇਂਦਰੀ ਸ਼ਹਿਰ ਇਸਫ਼ਾਹਨ ਉੱਤੇ ਹਮਲੇ ਕਰਦਿਆਂ ਉਸਾਰੀ ਅਧੀਨ ਪੁਲ ਨੂੰ ਨਿਸ਼ਾਨਾ ਬਣਾਇਆ, ਜਿਸ ਵਿੱਚ ਅੱਠ ਵਿਅਕਤੀ ਮਾਰੇ ਗਏ। ਅਮਰੀਕਾ ਤੇ ਇਜ਼ਰਾਈਲ ਵੱਲੋਂ ਇਰਾਨ ਦੀ ਫ਼ੌਜੀ ਸਮਰੱਥਾ ਨੂੰ ਵੱਡੀ ਢਾਹ ਲਾਉਣ ਦੇ ਦਾਅਵਿਆਂ ਦਰਮਿਆਨ ਤਹਿਰਾਨ ਨੇ ਇਜ਼ਰਾਈਲ ਤੇ ਖਾੜੀ ਵਿਚਲੇ ਆਪਣੇ ਅਰਬ ਗੁਆਂਢੀਆਂ 'ਤੇ ਦਬਾਅ ਬਣਾਇਆ ਹੋਇਆ ਹੈ। ਇਰਾਨ ਵੱਲੋਂ ਖਾੜੀ ਵਿੱਚ ਊਰਜਾ ਢਾਂਚੇ 'ਤੇ ਹਮਲੇ ਜਾਰੀ ਹਨ ਤੇ ਉਸ ਨੇ ਰਣਨੀਤਕ ਪੱਖੋਂ ਅਹਿਮ ਹਰਮੁਜ਼ ਜਲ ਮਾਰਗ ਉੱਤੇ ਆਪਣੀ ਪਕੜ ਬਣਾਈ ਹੋਈ ਹੈ।
ਇਰਾਨ ਨੇ ਸੱਜਰੇ ਹਮਲੇ ਵਿੱਚ ਕੁਵੈਤ ਦੀ ਮੀਨਾ ਅਲ-ਅਹਿਮਦੀ ਤੇਲ ਰਿਫਾਇਨਰੀ ਨੂੰ ਨਿਸ਼ਾਨਾ ਬਣਾਇਆ ਗਿਆ। ਜੰਗ ਦੌਰਾਨ ਇਸ ਰਿਫਾਇਨਰੀ ਉੱਤੇ ਪਹਿਲਾਂ ਵੀ ਕਈ ਹਮਲੇ ਕੀਤੇ ਗਏ ਹਨ। ਕੁਵੈਤ ਨੇ ਕਿਹਾ ਕਿ ਡੀਸਾਲੀਨੇਸ਼ਨ ਪਲਾਂਟ ਉੱਤੇ ਹਮਲੇ ਵਿੱਚ 'ਪਦਾਰਥਕ ਨੁਕਸਾਨ' ਹੋਇਆ। ਇਸ ਦੌਰਾਨ ਬਹਿਰੀਨ ਵਿੱਚ ਵੀ ਸਾਇਰਨ ਸੁਣੇ ਗਏ। ਸਾਊਦੀ ਅਰਬ ਨੇ ਇਰਾਨੀ ਡਰੋਨ ਫੁੰਡਣ ਦਾ ਦਾਅਵਾ ਕੀਤਾ ਹੈ। ਯੂ ਏ ਈ ਨੇ ਮਿਜ਼ਾਈਲ ਫੁੰਡਣ ਮਗਰੋਂ ਗੈਸ ਫੀਲਡ ਬੰਦ ਕਰ ਦਿੱਤੀ ਹੈ। ਇਜ਼ਰਾਈਲ ਨੇ ਵੀ ਤਹਿਰਾਨ ਤੇ ਕੇਂਦਰੀ ਸ਼ਹਿਰ ਇਸਫ਼ਾਹਨ ਉੱਤੇ ਹਮਲੇ ਕੀਤੇ ਹਨ।
ਇਰਾਨ ਦੇ ਸਾਬਕਾ ਵਿਦੇਸ਼ ਮੰਤਰੀ ਤੇ ਤਜਰਬੇਕਾਰ ਸਫ਼ੀਰ ਜਾਵੇਦ ਜ਼ਾਰਿਫ਼ ਨੇ ਸ਼ੁੱਕਰਵਾਰ ਨੂੰ ਵਿਦੇਸ਼ ਮੰਤਰਾਲੇ ਦੇ ਰਸਾਲੇ ਵਿੱਚ ਲਿਖਿਆ ਕਿ ਦੋਵਾਂ ਪਾਸਿਆਂ ਦੇ ਦੁੱਖ ਤਕਲੀਫਾਂ ਨੂੰ ਖ਼ਤਮ ਕਰਨ ਦਾ ਸਮਾਂ ਆ ਗਿਆ ਹੈ। ਜ਼ਾਰਿਫ਼ ਨੇ 2015 ਵਿੱਚ ਆਲਮੀ ਤਾਕਤਾਂ ਨਾਲ ਪਰਮਾਣੂ ਸਮਝੌਤਾ ਸਿਰੇ ਚਾੜ੍ਹਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਅਮਰੀਕਾ ਨੇ ਜੰਗਬੰਦੀ ਤੇ ਹਰਮੁਜ਼ ਜਲ ਮਾਰਗ ਖੋਲ੍ਹਣ ਲਈ ਇਰਾਨ ਅੱਗੇ 15 ਨੁਕਾਤੀ ਯੋਜਨਾ ਰੱਖੀ ਸੀ, ਪਰ ਕੂਟਨੀਤਕ ਯਤਨਾਂ ਵਿੱਚ ਪ੍ਰਗਤੀ ਦੇ ਕੋਈ ਸੰਕੇਤ ਨਹੀਂ ਮਿਲੇ। ਚੇਤੇ ਰਹੇ ਕਿ ਇਰਾਨ ਨੇ ਵੀ ਪੰਜ ਨੁਕਾਤੀ ਤਜਵੀਜ਼ ਰੱਖੀ ਸੀ, ਜਿਸ ਵਿੱਚ ਹਰਮੁਜ਼ ਜਲ ਮਾਰਗ ਉੱਤੇ ਇਰਾਨ ਦੀ ਪ੍ਰਭੂਸੱਤਾ ਨੂੰ ਮਾਨਤਾ ਦੇਣ, ਇਸ ਖੇਤਰ ਵਿੱਚ ਅਮਰੀਕੀ ਟਿਕਾਣਿਆਂ ਨੂੰ ਹਟਾਉਣ, ਜੰਗ ਵਿੱਚ ਹੋਏ ਨੁਕਸਾਨ ਲਈ ਮੁਆਵਜ਼ਾ ਤੇ ਕਿਸੇ ਵੀ ਭਵਿੱਖੀ ਹਮਲੇ ਖਿਲਾਫ਼ ਗਾਰੰਟੀ ਸ਼ਾਮਲ ਸੀ। ਜ਼ਾਰਿਫ ਦੀ ਤਜਵੀਜ਼ ਵਿੱਚ ਦੋਵਾਂ ਯੋਜਨਾਵਾਂ ਦੇ ਤੱਤ ਸ਼ਾਮਲ ਹੋ ਸਕਦੇ ਹਨ।

ਅਮਰੀਕਾ ਹਰਮੁਜ਼ ਜਲ ਮਾਰਗ ਖੋਲ੍ਹ ਸਕਦੈ: ਟਰੰਪ

ਵਾਸ਼ਿੰਗਟਨ: ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਮਰੀਕਾ ਹਰਮੁਜ਼ ਜਲ ਮਾਰਗ ਖੋਲ੍ਹ ਸਕਦਾ ਹੈ, ਪਰ ਇਸ ਕੰਮ ਨੂੰ ਅਜੇ ਥੋੜ੍ਹਾ ਸਮਾਂ ਲੱਗੇਗਾ। ਮੱਧ ਪੂਰਬ ਸੰਕਟ ਦੇ ਹੱਲ ਲਈ ਟਰੰਪ ਪ੍ਰਸ਼ਾਸਨ 'ਤੇ ਲਗਾਤਾਰ ਦਬਾਅ ਵਧ ਰਿਹਾ ਹੈ। ਟਰੰਪ ਨੇ ਟਰੁੱਥ ਸੋਸ਼ਲ ਉੱਤੇ ਪੋਸਟ ਵਿੱਚ ਕਿਹਾ, ''ਥੋੜ੍ਹਾ ਹੋਰ ਸਮਾਂ ਮਿਲਣ ਨਾਲ, ਅਸੀਂ ਹਰਮੁਜ਼ ਜਲ ਮਾਰਗ ਸੌਖਿਆਂ ਹੀ ਖੋਲ੍ਹ ਸਕਦੇ ਹਾਂ, ਤੇਲ ਲੈ ਸਕਦੇ ਹਾਂ ਅਤੇ ਚੰਗਾ ਭਵਿੱਖ ਬਣਾ ਸਕਦੇ ਹਾਂ।'' -ਰਾਇਟਰਜ਼

ਹਰਮੁਜ਼ ਮਤੇ 'ਤੇ ਸਲਾਮਤੀ ਕੌਂਸਲ 'ਚ ਵੋਟਿੰਗ ਅੱਜ

ਸੰਯੁਕਤ ਰਾਸ਼ਟਰ: ਹਰਮੁਜ਼ ਜਲ ਮਾਰਗ ਖੋਲ੍ਹਣ ਬਾਰੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ 'ਚ ਬਹਿਰੀਨ ਵੱਲੋਂ ਪੇਸ਼ ਕੀਤੇ ਗਏ ਮਤੇ 'ਤੇ ਸ਼ਨਿਚਰਵਾਰ ਨੂੰ ਵੋਟਿੰਗ ਹੋਵੇਗੀ। ਚੀਨ ਅਤੇ ਰੂਸ ਨੇ ਮਤੇ ਦੇ ਪਹਿਲੇ ਖਰੜੇ ਦਾ ਵਿਰੋਧ ਕੀਤਾ ਸੀ, ਜਿਸ ਨਾਲ ਮੁਲਕਾਂ ਨੂੰ ਜਲ ਮਾਰਗ ਤਾਕਤ ਦੀ ਵਰਤੋਂ ਨਾਲ ਖੋਲ੍ਹਣ ਦੀ ਇਜਾਜ਼ਤ ਮਿਲ ਸਕਦੀ ਸੀ। ਮਤੇ ਦੇ ਖਰੜੇ 'ਚ ਕਿਹਾ ਗਿਆ ਹੈ ਕਿ ਹਰਮੁਜ਼ ਜਲ ਮਾਰਗ ਸਾਰੇ ਜਹਾਜ਼ਾਂ ਦੀ ਆਵਾਜਾਈ ਲਈ ਖੁੱਲ੍ਹਾ ਹੈ ਅਤੇ ਕਿਸੇ ਵੀ ਮੁਲਕ ਨੂੰ ਇਸ 'ਤੇ ਕਬਜ਼ੇ ਜਾਂ ਉਸ ਨੂੰ ਬੰਦ ਕਰਨ ਦਾ ਕੋਈ ਹੱਕ ਨਹੀਂ ਹੈ। ਸਾਰੇ ਮੁਲਕਾਂ ਨੂੰ ਕੌਮਾਂਤਰੀ ਕਾਨੂੰਨਾਂ ਅਤੇ ਮਾਨਵੀ ਨੇਮਾਂ ਦੀ ਪਾਲਣਾ ਕਰਦਿਆਂ ਸੁਰੱਖਿਅਤ ਲਾਂਘਾ ਦੇਣ ਦਾ ਕਾਨੂੰਨੀ ਆਧਾਰ ਵੀ ਹੈ। -ਪੀਟੀਆਈ

ਕੱਚਾ ਤੇਲ ਲੈ ਕੇ ਭਾਰਤ ਆ ਰਹੇ ਟੈਂਕਰ ਨੇ ਰਾਹ ਬਦਲਿਆ

ਨਵੀਂ ਦਿੱਲੀ: ਅਮਰੀਕੀ ਪਾਬੰਦੀਆਂ ਵਾਲਾ ਟੈਂਕਰ, ਜਿਸ ਉੱਤੇ ਇਰਾਨੀ ਕੱਚਾ ਤੇਲ ਲੱਦਿਆ ਸੀ, ਨੇ ਅੱਧੇ ਰਸਤਿਓਂ ਆਪਣਾ ਰਾਹ ਬਦਲ ਲਿਆ ਹੈ। ਭਾਰਤ ਵੱਲ ਆ ਰਿਹਾ ਟੈਂਕਰ ਇਸ ਦੌਰਾਨ ਚੀਨ ਵੱਲ ਮੁੜ ਗਿਆ। ਪਿਛਲੇ ਸੱਤ ਸਾਲਾਂ ਵਿੱਚ ਭਾਰਤ ਲਈ ਇਹ ਅਜਿਹੀ ਪਹਿਲੀ ਖੇਪ ਹੁੰਦੀ। 2002 ਵਿੱਚ ਬਣੇ ਆਫਰਾਮੈਕਸ ਟੈਂਕਰ ਪਿੰਗ ਸ਼ੁਨ ਉੱਤੇ ਅਮਰੀਕਾ ਨੇ 2025 ਵਿੱਚ ਪਾਬੰਦੀਆਂ ਲਾਈਆਂ ਸਨ। ਪਹਿਲਾਂ ਟੈਂਕਰ ਦੀ ਮੰਜ਼ਿਲ ਗੁਜਰਾਤ ਦਾ ਵਡਿਨਾਰ ਸੀ, ਪਰ ਹੁਣ ਇਸ ਦਾ ਸਿਗਨਲ ਚੀਨ ਦਾ ਦੋਂਗਯਿੰਗ ਦਿਖਾ ਰਿਹਾ ਹੈ। ਲੀਡ ਰਿਸਰਚ ਐਨਾਲਿਸਟ ਸੁਮਿਤ ਰਿਤੋਲੀਆ ਨੇ ਕਿਹਾ ਕਿ ਭੁਗਤਾਨ ਸਬੰਧੀ ਮਸਲੇ ਕਰ ਕੇ ਟੈਂਕਰ ਨੇ ਆਪਣਾ ਰਾਹ ਬਦਲਿਆ ਹੋ ਸਕਦਾ ਹੈ। -ਪੀਟੀਆਈ

ਅਮਰੀਕਾ 'ਚ ਥਲ ਸੈਨਾ ਮੁਖੀ ਅਹੁਦੇ ਤੋਂ ਲਾਂਭੇ

ਵਾਸ਼ਿੰਗਟਨ: ਇਰਾਨ ਖ਼ਿਲਾਫ਼ ਚੱਲ ਰਹੀ ਜੰਗ ਦਰਮਿਆਨ ਅਮਰੀਕਾ ਨੇ ਥਲ ਸੈਨਾ ਦੇ ਚੀਫ ਆਫ ਸਟਾਫ ਜਨਰਲ ਰੈਂਡੀ ਜੌਰਜ ਨੂੰ ਅਹੁਦੇ ਤੋਂ ਲਾਂਭੇ ਕਰ ਦਿੱਤਾ ਹੈ। ਦੋ ਹੋਰ ਫ਼ੌਜੀ ਜਰਨੈਲਾਂ ਡੇਵਿਡ ਹੋਡਨੇ ਤੇ ਮੇਜਰ ਜਨਰਲ ਵਿਲੀਅਮ ਗਰੀਨ ਨੂੰ ਵੀ ਅਹੁਦਿਆਂ ਤੋਂ ਲਾਂਭੇ ਕੀਤਾ ਗਿਆ ਹੈ। ਪੈਂਟਾਗਨ ਦੇ ਅਧਿਕਾਰੀ ਨੇ ਕਿਹਾ ਕਿ ਜਨਰਲ ਕ੍ਰਿਸਟੋਫਰ ਲਨੇਵੇ ਨੂੰ ਥਲ ਸੈਨਾ ਦਾ ਕਾਰਜਕਾਰੀ ਚੀਫ ਆਫ ਸਟਾਫ ਨਿਯੁਕਤ ਕੀਤਾ ਗਿਆ ਹੈ। ਰੱਖਿਆ ਮੰਤਰੀ ਪੀਟ ਹੈਗਸੇਥ ਨੇ ਜਨਰਲ ਰੈਂਡੀ ਨੂੰ ਅਹੁਦੇ ਤੋਂ ਲਾਂਭੇ ਕਰਨ ਦਾ ਕੋਈ ਕਾਰਨ ਨਹੀਂ ਦੱਸਿਆ। ਪੈਂਟਾਗਨ ਦੇ ਤਰਜਮਾਨ ਸੀਨ ਪਾਰਨੇਲ ਨੇ ਕਿਹਾ ਕਿ ਜਨਰਲ ਰੈਂਡੀ ਜੌਰਜ ਥਲ ਸੈਨਾ ਦੇ 41ਵੇਂ ਚੀਫ ਆਫ ਸਟਾਫ ਦੇ ਅਹੁਦੇ ਤੋਂ ਤੁਰੰਤ ਸੇਵਾਮੁਕਤ ਹੋਣਗੇ। ਉਨ੍ਹਾਂ ਦਾ ਚਾਰ ਸਾਲਾਂ ਦਾ ਕਾਰਜਕਾਲ ਸੀ ਅਤੇ ਬਾਇਡਨ ਪ੍ਰਸ਼ਾਸਨ ਸਮੇਂ ਅਗਸਤ 2023 'ਚ ਉਨ੍ਹਾਂ ਨੂੰ ਤਾਇਨਾਤ ਕੀਤਾ ਗਿਆ ਸੀ। ਉਧਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਨੇੜਲੇ ਸਹਿਯੋਗੀਆਂ 'ਚ ਰਹੀ ਅਟਾਰਨੀ ਜਨਰਲ ਪੈਮ ਬੋਂਡੀ ਵੀ ਅਹੁਦੇ ਤੋਂ ਲਾਂਭੇ ਹੋ ਗਈ ਹੈ। ਬੋਂਡੀ ਲਗਾਤਾਰ ਵਿਵਾਦਾਂ 'ਚ ਸੀ। ਜੈਫਰੀ ਐਪਸਟੀਨ ਮਾਮਲੇ ਨਾਲ ਸਬੰਧਤ ਫਾਈਲਾਂ ਨਸ਼ਰ ਹੋਣ ਅਤੇ ਟਰੰਪ ਦੇ ਵਿਰੋਧੀਆਂ ਖ਼ਿਲਾਫ਼ ਅਪਰਾਧਕ ਕੇਸ ਦਰਜ ਨਾ ਕੀਤੇ ਜਾਣ ਕਾਰਨ ਉਸ ਨੂੰ ਅਟਾਰਨੀ ਜਨਰਲ ਦਾ ਅਹੁਦਾ ਛੱਡਣਾ ਪਿਆ ਹੈ। ਡਿਪਟੀ ਅਟਾਰਨੀ ਜਨਰਲ ਟੋਡ ਬਲਾਂਚ ਨੂੰ ਕਾਰਜਕਾਰੀ ਅਟਾਰਨੀ ਜਨਰਲ ਨਿਯੁਕਤ ਕੀਤਾ ਗਿਆ ਹੈ, ਜੋ ਪਹਿਲਾਂ ਉਨ੍ਹਾਂ (ਟਰੰਪ) ਦੇ ਨਿੱਜੀ ਵਕੀਲ ਰਹੇ ਹਨ। -ਏਪੀ

Dailyhunt
Disclaimer: This content has not been generated, created or edited by Dailyhunt. Publisher: Punjabi Tribune