Dailyhunt Logo
  • Light mode
    Follow system
    Dark mode
    • Play Story
    • App Story

ਜਲਾਲਪੁਰ ਦੇ ਸਮਰਥਕਾਂ ਨੇ ਰਾਜਾ ਵੜਿੰਗ ਦਾ ਪੁਤਲਾ ਫੂਕਿਆ

ਪੰਜਾਬ ਕਾਂਗਰਸ ਅੰਦਰ ਚੱਲ ਰਹੀ ਅੰਦਰੂਨੀ ਖਾਨਾਜੰਗੀ ਉਸ ਸਮੇਂ ਚਰਮ ਸੀਮਾ 'ਤੇ ਪਹੁੰਚ ਗਈ, ਜਦੋਂ ਮੁਅੱਤਲ ਕੀਤੇ ਗਏ ਆਗੂ ਮਦਨ ਲਾਲ ਜਲਾਲਪੁਰ ਦੇ ਸਮਰਥਕਾਂ ਨੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਪੁਤਲਾ ਫੂਕ ਦਿੱਤਾ। ਕਾਂਗਰਸ ਦੇ ਇਤਿਹਾਸ ਵਿੱਚ ਇਹ ਪਹਿਲੀ ਘਟਨਾ ਹੈ ਜਿੱਥੇ ਪਾਰਟੀ ਵਰਕਰਾਂ ਵੱਲੋਂ ਆਪਣੇ ਹੀ ਸੂਬਾਈ ਪ੍ਰਧਾਨ ਦਾ ਪੁਤਲਾ ਫੂਕਿਆ ਗਿਆ ਹੋਵੇ।

ਇਹ ਵਿਵਾਦ ਉਸ ਵੇਲੇ ਸ਼ੁਰੂ ਹੋਇਆ ਜਦੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਰਾਜਾ ਵੜਿੰਗ ਨੂੰ ਮੁੜ ਪ੍ਰਧਾਨ ਬਣਾਉਣ ਖ਼ਿਲਾਫ਼ ਮੀਟਿੰਗ ਹੋਈ, ਜਿਸ ਵਿੱਚ ਘਨੌਰ ਤੋਂ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਸਭ ਤੋਂ ਪਹਿਲਾਂ ਮੋਰਚਾ ਖੋਲ੍ਹਦਿਆਂ ਵੜਿੰਗ ਵਿਰੁੱਧ ਸਖ਼ਤ ਬਿਆਨ ਦਿੱਤੇ ਸਨ। ਚਰਨਜੀਤ ਚੰਨੀ ਅਤੇ ਜਲਾਲਪੁਰ 2007 ਤੋਂ ਆਜ਼ਾਦ ਵਿਧਾਇਕ ਬਣ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਸਨ ਅਤੇ ਉਦੋਂ ਤੋਂ ਹੀ ਆਪਸ ਵਿੱਚ ਡੂੰਘੀ ਸਾਂਝ ਰੱਖਦੇ ਹਨ। ਹਾਈਕਮਾਂਡ ਦੇ ਫ਼ੈਸਲੇ 'ਤੇ ਸਵਾਲ ਉਠਾਉਣ ਦੇ ਦੋਸ਼ ਹੇਠ ਜਲਾਲਪੁਰ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਚੰਨੀ ਸਣੇ ਕਈ ਆਗੂ ਉਨ੍ਹਾਂ ਦੇ ਹੱਕ ਵਿੱਚ ਡਟ ਗਏ।
ਘਨੌਰ ਵਿੱਚ ਵੜਿੰਗ ਸਮਰਥਕਾਂ ਵੱਲੋਂ ਜਲਾਲਪੁਰ ਦਾ ਪੁਤਲਾ ਫੂਕਣ ਖ਼ਿਲਾਫ਼ ਸਾਬਕਾ ਵਿਧਾਇਕ ਦੇ ਸਮਰਥਕ ਸਰਪੰਚ ਹਰਸੰਗਤ ਤਖ਼ਤੂਮਾਜਰਾ ਦੀ ਅਗਵਾਈ ਹੇਠ ਕਾਂਗਰਸ ਪ੍ਰਧਾਨ ਦਾ ਪੁਤਲਾ ਫੂਕਿਆ ਗਿਆ। ਪ੍ਰਦਰਸ਼ਨਕਾਰੀਆਂ ਨੇ ਸਪੱਸ਼ਟ ਕੀਤਾ ਕਿ ਉਹ ਹਾਈਕਮਾਂਡ ਅਤੇ ਚੰਨੀ, ਪ੍ਰਗਟ ਸਿੰਘ, ਰੰਧਾਵਾ, ਬਾਜਵਾ ਸਮੇਤ ਸਮੇਤ ਹੋਰ ਸੀਨੀਅਰ ਲੀਡਰਾਂ ਦਾ ਪੂਰਾ ਸਤਿਕਾਰ ਕਰਦੇ ਹਨ, ਪਰ ਉਹ ਕਿਸੇ ਵੀ ਕੀਮਤ 'ਤੇ ਰਾਜਾ ਵੜਿੰਗ ਨੂੰ ਆਪਣਾ ਪ੍ਰਧਾਨ ਨਹੀਂ ਮੰਨਣਗੇ।
ਉਨ੍ਹਾਂ ਦੋਸ਼ ਲਾਇਆ ਕਿ ਜਲਾਲਪੁਰ ਵਰਗੇ ਨਿਧੜਕ ਆਗੂਆਂ ਨੂੰ ਬਾਹਰ ਕੱਢ ਕੇ ਪਾਰਟੀ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਦੂਜੇ ਮਦਨ ਲਾਲ ਜਲਾਲਪੁਰ ਪਹਿਲਾਂ ਹੀ ਰਾਜਾ ਵੜਿੰਗ ਨੂੰ ਪ੍ਰਧਾਨ ਮੰਨਣ ਤੋਂ ਇਨਕਾਰ ਕਰਦਿਆਂ ਉਨ੍ਹਾਂ ਨੂੰ ਘਨੌਰ ਤੋਂ ਚੋਣ ਲੜਨ ਦੀ ਖੁੱਲ੍ਹੀ ਚੁਣੌਤੀ ਦੇ ਚੁੱਕੇ ਹਨ।

ਰਾਜਾ ਵੜਿੰਗ ਪ੍ਰਧਾਨਗੀ ਬਚਾਉਣ ਵੱਲ ਧਿਆਨ ਦੇਣ: ਜਲਾਲਪੁਰ

ਪਟਿਆਲਾ (ਪੱਤਰ ਪ੍ਰੇਰਕ): ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਵਿਚਕਾਰ ਚੱਲ ਰਿਹਾ ਵਿਵਾਦ ਭਖ਼ ਗਿਆ ਹੈ। ਪਟਿਆਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਲਾਲਪੁਰ ਨੇ ਰਾਜਾ ਵੜਿੰਗ ਨੂੰ ਸਿੱਧੀ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਆਪਣੀ ਪ੍ਰਧਾਨਗੀ ਬਚਾਉਣ ਵੱਲ ਧਿਆਨ ਦੇਣ ਅਤੇ ਉਨ੍ਹਾਂ ਬਾਰੇ ਸੋਚਣਾ ਬੰਦ ਕਰਨ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਲੜਾਈ ਆਰ-ਪਾਰ ਦੀ ਹੈ ਅਤੇ ਉਹ ਕਾਂਗਰਸ ਪਾਰਟੀ ਨੂੰ ਰਾਜਾ ਵੜਿੰਗ ਵਰਗੇ ਕਾਂਗਰਸ ਵਿਰੋਧੀ ਲੋਕਾਂ ਤੋਂ ਬਚਾਉਣ ਲਈ ਹਰ ਦਾਅ 'ਤੇ ਲਾਉਣਗੇ। ਜਲਾਲਪੁਰ ਨੇ ਦਾਅਵਾ ਕੀਤਾ ਕਿ ਕਾਂਗਰਸ ਨੇ ਵੜਿੰਗ ਨੂੰ ਬਣਾਇਆ ਹੈ ਨਾ ਕਿ ਵੜਿੰਗ ਨੇ ਕਾਂਗਰਸ ਨੂੰ। ਉਹ ਖ਼ੁਦ ਨੂੰ ਪਾਰਟੀ ਦਾ ਸੱਚਾ ਸਿਪਾਹੀ ਦੱਸਦਿਆਂ ਕਾਂਗਰਸ ਵਿੱਚ ਰਹਿ ਕੇ ਹੀ ਅਜਿਹੇ ਲੋਕਾਂ ਵਿਰੁੱਧ ਸੰਘਰਸ਼ ਜਾਰੀ ਰੱਖਣਗੇ। ਹਾਈਕਮਾਂਡ ਬਾਰੇ ਬੋਲਦਿਆਂ ਜਲਾਲਪੁਰ ਨੇ ਕਿਹਾ ਕਿ ਉਹ ਹਾਈਕਮਾਂਡ ਨਾਲ ਹਨ ਅਤੇ ਬੁਲਾਏ ਜਾਣ 'ਤੇ ਜ਼ਰੂਰ ਜਾਣਗੇ।

Dailyhunt
Disclaimer: This content has not been generated, created or edited by Dailyhunt. Publisher: Punjabi Tribune