ਜਲੰਧਰ ਦੇ 21 ਸਾਲਾ ਕ੍ਰਿਕਟਰ ਕ੍ਰਿਸ਼ ਭਗਤ ਨੇ ਮੁੰਬਈ ਇੰਡੀਅਨਜ਼ ਦੀ ਟੀਮ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ। ਇਹ ਉਸ ਦੇ ਪਰਿਵਾਰ ਅਤੇ ਸ਼ਹਿਰ ਦੇ ਖੇਡ ਜਗਤ ਲਈ ਬਹੁਤ ਮਾਣ ਵਾਲੀ ਗੱਲ ਹੈ। ਕ੍ਰਿਸ਼ ਨੇ ਮਹਿਜ਼ 6 ਸਾਲ ਦੀ ਉਮਰ ਵਿੱਚ ਸਥਾਨਕ ਮੈਦਾਨਾਂ ਤੋਂ ਕ੍ਰਿਕਟ ਖੇਡਣੀ ਸ਼ੁਰੂ ਕੀਤੀ ਸੀ ਅਤੇ ਸਕੂਲ ਤੇ ਕਲੱਬ ਪੱਧਰ ਦੇ ਮੈਚਾਂ ਰਾਹੀਂ ਆਪਣੀ ਖੇਡ ਨੂੰ ਨਿਖਾਰਿਆ।
ਸਮੇਂ ਦੇ ਨਾਲ ਉਸ ਦੀ ਮਿਹਨਤ ਰੰਗ ਲਿਆਈ ਅਤੇ ਉਸ ਨੇ ਸਟੇਟ ਪੱਧਰ ਅਤੇ ਰਣਜੀ ਟਰਾਫੀ ਵਿੱਚ ਵਧੀਆ ਪ੍ਰਦਰਸ਼ਨ ਕੀਤਾ।
ਇੱਕ ਵਪਾਰਕ ਪਰਿਵਾਰ ਨਾਲ ਸਬੰਧ ਰੱਖਣ ਵਾਲਾ ਕ੍ਰਿਸ਼ ਆਪਣੇ ਖਾਨਦਾਨ ਦਾ ਪਹਿਲੇ ਅਜਿਹਾ ਮੈਂਬਰ ਹੈ ਜਿਸ ਨੇ ਖੇਡਾਂ ਵਿੱਚ ਕਰੀਅਰ ਬਣਾਇਆ ਹੈ। ਉਸ ਦੇ ਪਿਤਾ ਅਸ਼ਵਨੀ ਭਗਤ ਨੇ ਦੱਸਿਆ ਕਿ ਪਰਿਵਾਰ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਇਸ ਮੁਕਾਮ ਤੱਕ ਪਹੁੰਚੇਗਾ। ਉਨ੍ਹਾਂ ਨੇ ਕ੍ਰਿਸ਼ ਦੀ ਸਫਲਤਾ ਦਾ ਸਿਹਰਾ ਉਸ ਦੀ ਮਾਂ ਨੂੰ ਦਿੱਤਾ, ਜਿਨ੍ਹਾਂ ਨੇ ਬਚਪਨ ਵਿੱਚ ਉਸ ਨੂੰ ਖੇਡਾਂ ਲਈ ਉਤਸ਼ਾਹਿਤ ਕੀਤਾ ਸੀ। ਪਿਤਾ ਅਨੁਸਾਰ, ਉਹ ਸਿਰਫ ਇਸ ਗੱਲੋਂ ਖੁਸ਼ ਸਨ ਕਿ ਉਨ੍ਹਾਂ ਦਾ ਬੇਟਾ ਕਿਸੇ ਸਕਾਰਾਤਮਕ ਕੰਮ ਵਿੱਚ ਲੱਗਾ ਹੋਇਆ ਹੈ ਪਰ ਇੰਨੀ ਵੱਡੀ ਕਾਮਯਾਬੀ ਦੀ ਉਮੀਦ ਨਹੀਂ ਸੀ।
ਕ੍ਰਿਸ਼ ਦਾ ਇਹ ਸਫ਼ਰ ਚੁਣੌਤੀਆਂ ਭਰਿਆ ਰਿਹਾ ਹੈ। ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਉਸ ਦੀ ਚੋਣ ਅੰਡਰ-19 ਵਿਸ਼ਵ ਕੱਪ ਦੇ ਕੈਂਪ ਲਈ ਹੋਈ ਸੀ ਪਰ ਸੱਟ ਲੱਗਣ ਕਾਰਨ ਉਹ ਇਸ ਸੁਨਹਿਰੀ ਮੌਕੇ ਤੋਂ ਵਾਂਝਾ ਰਹਿ ਗਿਆ। ਇਸ ਘਟਨਾ ਨੇ ਉਸ ਨੂੰ ਕਾਫੀ ਨਿਰਾਸ਼ ਕੀਤਾ ਪਰ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਆਪਣੇ ਟੀਚੇ ਨੂੰ ਹਾਸਲ ਕਰਨ ਲਈ ਮਿਹਨਤ ਜਾਰੀ ਰੱਖੀ। ਮੁੰਬਈ ਇੰਡੀਅਨਜ਼ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਕ੍ਰਿਸ਼ ‘ਰੌਇਲ ਚੈਲੰਜਰਜ਼ ਬੰਗਲੁਰੂ’ (RCB) ਦੇ ਨਾਲ ਬਤੌਰ ਨੈੱਟ ਗੇਂਦਬਾਜ਼ ਵੀ ਜੁੜੇ ਹੋਏ ਸਨ। ਹੁਣ ਮੁੰਬਈ ਇੰਡੀਅਨਜ਼ ਦੀ ਟੀਮ ਵਿੱਚ ਚੁਣੇ ਜਾਣ ਨੂੰ ਉਸ ਦੇ ਕਰੀਅਰ ਦਾ ਇੱਕ ਅਹਿਮ ਮੋੜ ਮੰਨਿਆ ਜਾ ਰਿਹਾ ਹੈ ਅਤੇ ਕੋਚਾਂ ਨੂੰ ਉਮੀਦ ਹੈ ਕਿ ਉਹ ਜਲਦ ਹੀ ਭਾਰਤ ਲਈ ਅੰਤਰਰਾਸ਼ਟਰੀ ਪੱਧਰ ‘ਤੇ ਖੇਡੇਗਾ।
