ਆਮ ਆਦਮੀ ਪਾਰਟੀ ਵੱਲੋਂ ਇੱਥੋਂ ਦੀ ਨਗਰ ਕੌਂਸਲ ਦੇ ਪੰਦਰਾਂ ਵਾਰਡਾਂ ਵਿੱਚੋਂ ਦਸ 'ਤੇ ਕਬਜ਼ਾ ਕੀਤਾ ਗਿਆ ਹੈ। ਜੇਤੂ ਉਮੀਦਵਾਰਾਂ ਵਲੋਂ ਘਰ ਘਰ ਜਾ ਕੇ ਧੰਨਵਾਦ ਕਰਨ ਦਾ ਸਿਲਸਿਲਾ ਜਾਰੀ ਹੈ ਅਤੇ ਉਹ ਆਪਣੇ ਵੋਟਰਾਂ ਦਾ ਮੂੰਹ ਮਿੱਠਾ ਕਰਾ ਰਹੇ ਹਨ। 'ਆਪ' ਲਈ ਇਹ ਖੁਸ਼ੀ ਇਸ ਕਰਕੇ ਵੀ ਦੁੱਗਣੀ ਹੈ ਕਿਉਂਕਿ ਪਿਛਲੀ ਵਾਰ ਉਹ ਪ੍ਰਧਾਨਗੀ ਦੇ ਨੇੜੇ ਹੁੰਦਿਆਂ ਵੀ ਪ੍ਰਧਾਨਗੀ ਨਹੀਂ ਲੈ ਸਕੇ ਸਨ।
ਇਸ ਵਾਰ ਸਪੱਸ਼ਟ ਬਹੁਮਤ ਮਿਲਣ ਕਰਕੇ 'ਆਪ' ਦੇ ਵਿਹੜੇੇ ਚਾਅ ਦਾ ਮਾਹੌਲ ਹੈ। ਆਮ ਆਦਮੀ ਪਾਰਟੀ ਦੇ ਵਾਰਡ ਇੱਕ ਤੋਂ ਵੰਦਨਾ, ਤਿੰਨ ਤੋਂ ਰਾਜਵਿੰਦਰ ਕੌਰ, ਸੱਤ ਤੋਂ ਰਾਜ ਕੁਮਾਰੀ, ਨੌਂ ਤੋਂ ਅਮਰੀਕ ਸਿੰਘ ਸੋਨੂੰ, ਦੱਸ ਤੋਂ ਲਵਲੀਨ ਸੁੰਡਾ, ਬਾਰਾਂ ਤੋਂ ਮਨਜੀਤ ਸਿੰਘ ਬੱਬਲ ਅਤੇ ਪੰਦਰਾਂ ਤੋਂ ਮੀਨਾ ਕੁਮਾਰੀ ਨੇ ਪਹਿਲੀ ਵਾਰ ਜਿੱਤਣ ਦਾ ਸਿਹਰਾ 'ਆਪ' ਸਰਕਾਰ ਦੀਆਂ ਨੀਤੀਆ ਸਿਰ ਬੰਨ੍ਹਿਆ ਹੈ। ਇਸ ਦੇ ਨਾਲ ਹੀ ਦੂਜੀ ਵਾਰ ਚੋਣ ਜਿੱਤੇ ਵਾਰਡ ਛੇ ਤੋਂ ਮੋਨਿਕਾ ਵਾਲੀਆ, ਵਾਰਡ ਤੇਰਾਂ ਤੋਂ ਮੀਨੂੰ ਅਤੇ ਚੌਦਾਂ ਤੋਂ ਨਰਿੰਦਰ ਰੱਤੂ ਦਾ ਕਹਿਣ ਸੀ ਕਿ ਬੰਗਾ ਵਾਸੀਆਂ ਨੇ ਆਪ ਨੂੰ ਭਾਰੀ ਜਿੱਤ ਦੇ ਕੇ ਪਿਛਲੀ ਵਾਰ ਦੇ ਅਧੂਰੇ ਕਾਰਜਾਂ ਨੂੰ ਵੀ ਪੂਰਾ ਕਰਨ ਦਾ ਮੌਕਾ ਪ੍ਰਦਾਨ ਕੀਤਾ ਹੈ। ਇਸ ਜਿੱਤ ਨੂੰ ਬੰਗਾ ਵਾਸੀਆਂ ਦੀ ਜਿੱਤ ਆਖਦਿਆਂ ਹਲਕਾ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਦਾ ਕਹਿਣਾ ਸੀ ਕਿ ਉਹ ਆਮ ਆਦਮੀ ਪਾਰਟੀ ਲਈ ਮੱਤਦਾਨ ਕਰਨ ਵਾਲੇ ਸ਼ਹਿਰ ਵਾਸੀਆਂ ਦੇ ਧੰਨਵਾਦੀ ਹਨ।
