ਥਾਣਾ ਡੇਹਲੋਂ ਦੇ ਇਲਾਕੇ ਪਿੰਡ ਖੇੜਾ ਵਿੱਚ ਲੜਾਈ ਝਗੜੇ ਦੌਰਾਨ ਚੱਲੀ ਗੋਲੀ ਵਿੱਚ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ ਹੈ ਜਿਸਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਪੁਲੀਸ ਵੱਲੋਂ ਦੋਹਾਂ ਧਿਰਾਂ ਨਾਲ ਸਬੰਧਤ 23 ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਕੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪਿੰਡ ਖੇੜਾ ਵਾਸੀ ਵੰਸ਼ ਭਾਰਦਵਾਜ ਆਪਣੇ ਪਿੰਡ ਵਿੱਚ ਦੁੱਧ ਦੀ ਡੇਅਰੀ ਚਲਾ ਰਿਹਾ ਹੈ।
ਕਰੀਬ 4-5 ਦਿਨ ਪਹਿਲਾਂ ਮਨਜਿੰਦਰ ਸਿੰਘ, ਨਵਜੋਤ ਸਿੰਘ, ਜਸ਼ਨਦੀਪ ਸਿੰਘ ਅਤੇ ਗਗਨਦੀਪ ਸਿੰਘ ਨੇ ਆਪਣੀ ਨਵੀਂ ਡੇਅਰ ਖੋਲ ਲਈ ਅਤੇ ਉਸ ਦੇ ਗਾਹਕ ਤੋੜਨ ਦੀ ਕੋਸ਼ਿਸ਼ ਕੀਤੀ। ਇਸ ਕਾਰਨ ਉਨ੍ਹਾਂ ਦੀ ਬਹਿਸ ਹੋ ਗਈ। ਉਨ੍ਹਾਂ ਸ਼ਾਮ ਚਾਰ ਵਜੇ ਦੇ ਕਰੀਬ ਹਥਿਆਰਾਂ ਸਣੇ ਵੰਸ਼ ਦੇ ਘਰ ਦਾਖਲ ਹੋ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਉਸਦੀ ਸਕੂਟਰੀ ਦੀ ਭੰਨ ਤੋੜ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਭੱਜ ਗਏ। ਇਸ ਤੋਂ ਬਾਅਦ ਵੰਸ਼ ਅਤੇ ਉਸਦੀ ਭੂਆ ਦਾ ਲੜਕਾ ਪਰਵੇਸ਼ ਸ਼ਰਮਾ ਆਪਣੇ ਪਿਤਾ ਮਹੇਸ਼ ਸ਼ਰਮਾ ਨਾਲ ਉਨ੍ਹਾਂ ਕੋਲ ਪੁੱਛ-ਪੜਤਾਲ ਕਰਨ ਲਈ ਗਏ ਤਾਂ ਨਵਜੋਤ ਸਿੰਘ ਨੇ ਦਾਤਰ ਨਾਲ ਮਹੇਸ਼ ਸ਼ਰਮਾ ਦੇ ਸਿਰ 'ਤੇ ਵਾਲ ਕੀਤਾ ਜਿਸ ਵਿੱਚ ਉਹ ਜ਼ਖ਼ਮੀ ਹੋ ਗਏ। ਇਸ ਦੌਰਾਨ ਪਰਵੇਸ਼ ਸ਼ਰਮਾ ਨੇ ਆਪਣੇ ਬਚਾਅ ਲਈ ਪਿਸਤੌਲ ਨਾਲ ਹਵਾਈ ਫਾਇਰ ਕੀਤਾ ਜੋ ਨਵਜੋਤ ਸਿੰਘ ਨੂੰ ਲੱਗਾ। ਨਵਜੋਤ ਸਿੰਘ ਅਤੇ ਮਹੇਸ਼ ਸ਼ਰਮਾ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਥਾਣੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਦੋਹਾਂ ਧਿਰਾਂ ਦੀ ਸ਼ਿਕਾਇਤ 'ਤੇ ਮਨਜਿੰਦਰ ਸਿੰਘ, ਨਵਜੋਤ ਸਿੰਘ, ਜਸ਼ਨਦੀਪ ਸਿੰਘ ਵਾਸੀਆਨ ਪਿੰਡ ਖੇੜਾ, ਗਗਨਦੀਪ ਸਿੰਘ ਵਾਸੀ ਪਿੰਡ ਲਹਿਰਾ ਅਤੇ 6 ਅਣਪਛਾਤੇ ਵਿਅਕਤੀਆਂ ਅਤੇ ਵੰਸ਼ ਭਾਰਦਵਾਜ ਵਾਸੀ ਪਿੰਡ ਖੇੜਾ, ਪਰਵੇਸ਼ ਸ਼ਰਮਾ, ਮਹੇਸ਼ ਸ਼ਰਮਾ ਵਾਸੀ ਹੈਬੋਵਾਲ ਕਲਾਂ ਅਤੇ 10 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਗਗਨਦੀਪ ਸਿੰਘ, ਵੰਸ਼ ਭਾਰਦਵਾਜ ਅਤੇ ਪਰਵੇਸ਼ ਸ਼ਰਮਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਦੂਜੇ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ।
