Dailyhunt Logo
  • Light mode
    Follow system
    Dark mode
    • Play Story
    • App Story

ਕਦੇ ਨਹੀਂ ਭੁੱਲਣਾ ਹਰਭਜਨ ਬਾਜਵਾ

ਸਾਲ 1990 'ਚ ਪੰਜਾਬੀ ਭਵਨ ਲੁਧਿਆਣਾ ਵਿਖੇ ਸੰਤ ਸਿੰਘ ਸੇਖੋਂ ਨੂੰ ਇੱਕ ਲੱਖ ਰੁਪਏ ਤੇ ਅਭਿਨੰਦਨ ਗ੍ਰੰਥ ਭੇਟ ਕੀਤਾ ਜਾ ਰਿਹਾ ਸੀ। ਮਹੰਤ ਜਿਹੇ ਹੁਲੀਏ ਵਾਲਾ ਇੱਕ ਬੰਦਾ ਮੂਹਰੇ-ਮੂਹਰੇ ਹੋ ਕੇ ਆਪਣੇ ਕੈਮਰੇ ਨਾਲ ਫੋਟੋਆਂ ਖਿੱਚ ਰਿਹਾ ਸੀ। ਜਿਸ ਦੀ ਵੀ ਉਹ ਫੋਟੋ ਖਿੱਚਦਾ ਸੀ, ਨਾਲ ਹੀ ਉਹਨੂੰ ਮਸ਼ਕਰੀ ਜਿਹੀ ਵੀ ਕਰਦਾ ਸੀ। ਆਪਣੇ ਨਾਲ ਬੈਠੇ ਤਾਇਆ ਫੌਜਾ ਸਿੰਘ ਨਵਰਾਹੀ ਨੂੰ ਮੈਂ ਪੁੱਛਿਆ, "ਤਾਇਆ ਜੀ, ਇਹ ਕੌਣ ਐਂ ਸਾਧ ਜਿਹਾ…?'' ਤਾਏ ਨੇ ਆਖਿਆ, "ਬਟਾਲੇ ਵਾਲਾ ਹਰਭਜਨ ਬਾਜਵਾ ਐ… ਇਹ ਪੰਜਾਬ ਦਾ ਪ੍ਰਸਿੱਧ ਫੋਟੋ-ਕਲਾਕਾਰ ਐ… ਸ. ਸੋਭਾ ਸਿੰਘ ਦਾ ਚੇਲਾ ਐ…।'' ''ਤਾਇਆ ਜੀ… ਇਹ ਇਸ ਤਰ੍ਹਾਂ ਕਿਉਂ ਝਾਕਦੈ ਹਰੇਕ ਵੰਨੀਂ… ਅੱਥਰੇ ਸੁਭਾਅ ਦਾ ਲੱਗਦੈ?" ਤਾਇਆ ਬੋਲਿਆ, "ਇਹਦਾ ਸੁਭਾਅ ਮੁੱਢ ਤੋਂ ਹੀ ਇਹੋ-ਜਿਹਾ ਐ, ਕਿਸੇ ਨੂੰ ਵੀ ਖ਼ਰੀਆਂ-ਖ਼ਰੀਆਂ ਸੁਣਾ ਦੇਵੇ ਤੇ ਭਾਵੇਂ ਕੋਈ ਵੀ ਹੋਵੇ, ਇਹਦਾ ਗੁੱਸਾ ਨਹੀਂ ਕਰਦਾ ਕੋਈ, ਵੈਸੇ ਏਹਦੇ ਢਿੱਡ 'ਚ ਵੀ ਕੁਝ ਨੀਂ।

ਆਵਦੀ ਤੜ੍ਹੀ ਜਿਹੀ 'ਚ ਹੀ ਰਹਿੰਦੈ ਸ਼ੁਰੂ ਤੋਂ।''
ਤਾਏ ਰਾਹੀਂ ਇਉਂ ਹੋਈ ਸੀ ਬਾਜਵੇ ਨਾਲ ਜਾਣ ਪਛਾਣ ਤੇ ਉਹਨੇ ਮੈਨੂੰ ਓਦਣ ਪਛਾਣਿਆ, ਜਿੱਦਣ ਉਸਤਾਦ ਯਮਲਾ ਜੱਟ ਦੇ ਡੇਰੇ ਵਿੱਚ ਮੇਲਾ ਲੱਗਿਆ ਹੋਇਆ ਸੀ ਬਾਬਾ ਪੀਰ ਕਟੋਰੇ ਸ਼ਾਹ ਦਾ ਤੇ ਇਹ ਗੁਰਭਜਨ ਗਿੱਲ ਨਾਲ ਜ਼ਿਦੀ ਜਾਵੇ। ਫਿਰ ਉਹਦੇ ਨਾਲ ਜ਼ਿਦਣੋਂ ਹਟ ਕੇ ਮੇਰੇ ਵੱਲ ਝਾਕਿਆ, "ਓ ਫੌਜਾ ਸਿੰਹੁ ਤੇਰਾ ਡੈਡੀ… ਨਵਰਾਹੀ…?'' ਮੈਂ ਆਖਿਆ, "ਨਹੀਂ, ਅਸੀਂ ਇੱਕੋ ਪਿੰਡ ਦੇ ਆਂ। ਉਹ ਮੇਰਾ ਡੈਡੀ ਨਹੀਂ ਐ।" "ਓਏ, ਜੇ ਉਹ ਨਹੀਂ ਤੇਰਾ ਡੈਡੀ ਤਾਂ ਫੇਰ ਮੈਨੂੰ ਬਣਾ ਲੈ ਤੂੰ ਆਪਣਾ ਡੈਡੀ… ਹੈਂ ਓਏ…?"
ਮੈਨੂੰ ਅਚਾਨਕ ਸ਼ਾਇਦ 1988 ਦੀ ਗੱਲ ਯਾਦ ਆਈ। ਉਸਤਾਦ ਯਮਲਾ ਬਾਰੇ ਬਾਜਵੇ ਦਾ ਇੱਕ ਲੇਖ 'ਪੰਜਾਬੀ ਟ੍ਰਿਬਿਊਨ' ਵਿੱਚ ਛਪਿਆ ਸੀ, ਜਿਸ ਵਿੱਚ ਉਸ ਨੇ ਲਿਖਿਆ ਸੀ: 'ਯਮਲੇ ਜੱਟ ਦੇ ਡੇਰੇ ਉੱਤੇ ਹਰ ਸਾਲ 15 ਹਾੜ੍ਹ ਨੂੰ ਇੱਕ ਭਾਰੀ ਸੱਭਿਆਚਾਰਕ ਮੇਲਾ ਲਗਦੈ, ਦੁਨੀਆ ਭਰ ਦੇ ਕਲਾਕਾਰ ਆਉਂਦੇ ਨੇ, ਤੂੰਬੀਆਂ ਵਜਾ ਕੇ ਗਾਉਂਦੇ ਨੇ ਤੇ ਯਮਲਾ ਜੱਟ ਚਾਅ ਵਿੱਚ ਆਣ ਕੇ ਆਪਣੇ ਨਵੇਂ ਚੇਲਿਆਂ ਨੂੰ ਦੀਖਿਆ ਦਿੰਦੈ।' ਉਹ ਲੇਖ ਪੜ੍ਹ ਕੇ ਹੀ ਮੈਂ ਉਸਤਾਦ ਦਾ ਸ਼ਾਗਿਰਦ ਬਣਨ ਘਰੋਂ ਨਿਕਲਿਆ ਸਾਂ। ਓਦਣ ਵੀ ਉਸਤਾਦ ਦੇ ਸ਼ਾਗਿਰਦਾਂ ਤੇ ਸ਼ਰਧਾਲੂਆਂ ਦੀਆਂ ਫੋਟੋਆਂ ਖਿੱਚੀ ਜਾਵੇ ਬਾਜਵਾ। ਹਰ ਕੋਈ ਉਹਦੇ ਕੰਨ ਕੋਲ ਜਾ ਕੇ ਅਰਜ਼ ਕਰਦਾ, ''ਬਾਬਾ ਜੀ, ਮੇਰੀ ਫੋਟੋ ਵੀ ਖਿੱਚ ਦਿਓ ਗੁਰੂ ਜੀ ਨਾਲ?" ਇਹ ਸੁਣ ਉਹ ਇੱਕ ਵੇਰਾਂ ਤਾਂ ਅਗਲੇ ਨੂੰ ਜਿਵੇਂ ਖਾਣ ਨੂੰ ਹੀ ਪੈਂਦਾ, ਕੌੜ ਕੇ ਦੇਖਦਾ ਤੇ ਆਖਦਾ, ''ਚੱਲ ਚੱਲ… ਬਹਿ… ਬਹਿ… ਚੱਲ… ਤੂੰ ਵੀ ਮਰ ਲੈ…।" ਕੈਮਰੇ ਦੀ ਲਿਸ਼ਕੋਰ ਪੈਂਦੀ ਤੇ ਫੋਟੋ ਖਿਚਵਾਉਣ ਵਾਲਾ ਬਾਗੋ-ਬਾਗ ਹੋ ਜਾਂਦਾ। ਫਿਰ ਆਥਣੇ ਉਹ ਉਸਤਾਦ ਦੇ ਡੇਰੇ ਪਿੱਛੇ ਕੋਚਰ ਮਾਰਕੀਟ ਵੱਲ ਚਲਿਆ ਗਿਆ, ਸਾਰੀਆਂ ਫੋਟੋ ਧੁਆ ਕੇ ਲਿਆਇਆ ਤੇ ਹੱਥੋ-ਹੱਥ ਵੰਡਣ ਲੱਗਿਆ।
ਮੈਨੂੰ ਉਹ ਚੰਗਾ-ਚੰਗਾ ਲੱਗਣ ਲੱਗ ਪਿਆ ਸੀ। ਉਹਦਾ ਕੋਈ ਲੇਖ, ਕਵਿਤਾ ਜਾਂ ਉਹਦੀ ਖਿੱਚੀ ਹੋਈ ਕੋਈ ਫੋਟੋ ਕਿਧਰੇ ਛਪਦੀ ਤਾਂ ਮੈਂ ਉਚੇਚ ਨਾਲ ਪੜ੍ਹਦਾ, ਦੇਖਦਾ। ਉਹਨੂੰ ਪੋਸਟ-ਕਾਰਡ ਲਿਖ ਦਿੰਦਾ। ਉਹਦਾ ਵੀ ਪੋਸਟ ਕਾਰਡ 'ਤੇ ਕਾਲੇ ਅੱਖਰਾਂ 'ਚ ਲਿਖਿਆ ਜਵਾਬ ਆ ਜਾਂਦਾ। ਜਾਪਦਾ ਕਿ ਇਹ ਬੰਦਾ 'ਸੱਚਮੁੱਚ ਦਾ ਕਲਾਕਾਰ' ਐ… ਲਿਖਦਾ ਹੈ ਤਾਂ ਬੋਲੀ ਕਿੰਨੀ ਨਰਮ ਹੈ ਤੇ ਜੇ ਬੋਲਦਾ ਹੈ ਤਾਂ ਸੁਭਾਅ ਦਾ ਕਿੰਨਾ ਗਰਮ ਹੈ… ਉਂਝ ਅੰਦਰੋਂ ਕੂਲਾ ਵੀ ਹੈ ਤੇ ਚੌਗਿਰਦੇ ਤੇ ਕਾਇਨਾਤ ਦੀਆਂ ਫੋਟੋਆਂ ਖਿੱਚ ਕੇ ਲੋਕਾਂ ਲਈ ਛਾਪਦਾ ਹੈ। ਇਹ ਸਿਰਫ਼ ਉਤਲੇ ਮਨੋਂ ਹੀ 'ਕੌੜਾ-ਖੁੰਢਾ (ਖਰ੍ਹਵਾ)' ਹੈ, ਅੰਦਰੋਂ ਨਹੀਂ। ਫਿਰ ਜਣੇ-ਖਣੇ ਨਾਲ 'ਲਾਡ-ਬਾਡੀਆਂ' ਵੀ ਕਰਨ ਲੱਗ ਪੈਂਦਾ ਹੈ। ਪਹਿਲਾਂ ਫੋਟੋ ਖਿੱਚਦਾ। ਫਿਰ ਡਿਵੈਲਪ ਕਰਾਉਂਦਾ ਤੇ ਡਾਕ 'ਚ ਪਾਉਂਦਾ, ਫਿਰ ਫੋਨ ਕਰਕੇ ਪੁੱਛਦਾ, ''ਕਿਉਂ? ਮਿਲ ਗਿਆ ਈ ਲਿਫ਼ਾਫਾ ਕਿ ਨਹੀਂ?'' ਇਹ ਸਭ ਕੁਝ 'ਸੇਵਾ' ਵਿੱਚ ਹੀ ਉਹ ਬੜੇ ਵਰ੍ਹਿਆਂ ਤੋਂ ਬਹੁਤ ਲੋਕਾਂ ਲਈ ਕਰੀ ਗਿਆ। ਉਹ ਜਦ ਵੀ ਮਿਲਦਾ, ਉਹਦਾ ਮੋਹ ਜਿਹਾ ਆਉਂਦਾ। ਉਹਦੀਆਂ ਲਾਡ 'ਚ ਕੱਢੀਆਂ ਗਾਲ੍ਹਾਂ ਬੁਰੀਆਂ ਨਹੀਂ ਸਨ ਲੱਗਦੀਆਂ।
"ਚਾਚੇ ਯਾਰ, ਮੈਨੂੰ ਅਮਰਜੀਤ ਗੁਰਦਾਸਪੁਰੀ ਦੀਆਂ ਫੋਟੋਆਂ ਤਾਂ ਭੇਜ ਦੇ ਮੈਂ ਉਹਦੇ 'ਤੇ ਲਿਖਣੈ…।" ਮੈਂ ਉਹਨੂੰ ਸੁਆਲ ਪਾਇਆ ਸੀ।
''ਦਿੰਨੈ ਤੈਨੂੰ ਫੋਟੋ… ਪਹਿਲੋਂ ਏਥੇ ਆ ਪੁੱਤ ਫਿਰ ਈ ਦੇਊਂ ਬਣਾਕੇ…।''
* * *
ਚਾਚੇ ਬਾਜਵੇ ਨੂੰ ਮਿਲਣ ਇੱਕ ਸ਼ਾਮ ਮੈਂ ਬਟਾਲੇ ਪੁੱਜਿਆ। ਬੱਸ ਅੱਡੇ ਤੋਂ ਰਿਕਸ਼ਾ 'ਤੇ ਬੈਠਿਆ। ਹਨੇਰਾ ਕਾਫ਼ੀ ਉਤਰ ਆਇਆ ਸੀ। ਉਹਦਾ ਫੋਨ 'ਤੇ ਫੋਨ ਆਈ ਜਾਵੇ, "ਓ … …? ਏਨਾ ਨ੍ਹੇਰਾ ਕਰ ਦਿੱਤਾ ਈ ਓਏ, ਜਲਦੀ ਨਈ ਆਈ ਮਰੀਦਾ ਸੀ?"
ਮੈਂ ਰਿਕਸ਼ੇ 'ਤੇ ਬੈਠੇ ਨੇ ਹੀ ਆਖਿਆ, "ਚਾਚਾ, ਮੇਰੇ ਕੋਲ ਕਿਹੜਾ ਹਵਾਈ ਜਹਾਜ਼ ਐ, ਬਈ ਉੱਡ ਕੇ ਆਜਾਂ ਮੈਂ। ਐਵੇਂ ਗਾਲ੍ਹਾਂ ਕੱਢੀ ਜਾਨੈ।"
ਫਿਰ ਜਦ ਉਹਨੇ ਹੋਰ ਦੋ ਕੁ ਗਾਲ੍ਹਾਂ ਕੱਢੀਆਂ ਤਾਂ ਮੈਂ ਆਖ ਦਿੱਤਾ, "ਚਾਚਾ, ਤੇਰੇ 'ਤੇ ਮੈਨੂੰ ਸ਼ਬਦ ਚਿੱਤਰ ਲਿਖਣਾ ਪੈਣਾ ਕਿ 'ਹਰਭਜਨ ਬਾਜਵੇ ਨਾਲ ਵਾਹ, ਗਲ ਵਿੱਚ ਹਾਰ ਤੇ ਸਿਰ 'ਚ ਸੁਆਹ'। ਪਹਿਲਾਂ ਹਾਰ ਪਾਉਂਦਾ ਐਂ, ਅਗਲੇ ਨੂੰ ਪਿਆਰ ਕਰਦੈਂ, ਫਿਰ ਲੜਦਾ ਐਂ ਤੇ ਗਾਲ੍ਹਾਂ ਕੱਢਦਾ ਐਂ।''
ਘਰ ਜਾਂਦਿਆਂ ਨੂੰ ਬੱਤੀ ਬੰਦ। ਗਰਮੀ ਦਾ ਹੁੱਸੜ। ਭੀਂ-ਭੀਂ ਕਰਦਾ ਮੱਛਰ। ਉਹ ਬੈਟਰੀ ਜਗਾਈ ਬਾਹਰ ਖੜ੍ਹਾ ਸੀ। ਕਦੇ ਕਿਸੇ ਰਿਕਸ਼ੇ ਵਾਲੇ 'ਤੇ ਬੈਟਰੀ ਮਾਰਦਾ ਤੇ ਕਦੇ ਕਿਸੇ ਉੱਤੇ।
ਉਹਨੇ ਆਪਣੇ ਘਰ ਤੋਂ ਵੱਖ ਬਣਾਈ ਬੈਠਕ ਵਿੱਚ ਮੇਰਾ ਬੈਗ ਲਿਜਾ ਰੱਖਿਆ। ਇੱਕ ਰੋਟੀ ਵਾਲਾ ਡੱਬਾ ਵੀ। ਆਖਣ ਲੱਗਿਆ, ''ਅਹਿ ਵੇਖ ਭਤੀਜ, ਮੈਂ ਤੇਰੀ ਰੋਟੀ ਵੀ ਬਣਵਾ ਲਈ ਏ, ਅਜੇ ਠਹਿਰ ਕੇ ਖਾਂਦੇ ਆਂ।'' ਦੀਵਾ ਵੀ ਜਲਾ ਦਿੱਤਾ ਸੀ। ਇਹ ਬੈਠਕ ਹੀ ਉਹਦਾ ਰੈਣ-ਬਸੇਰਾ ਸੀ। ਉਸੇ ਵਿੱਚ ਨਿੱਕੀ ਜਿਹੀ ਰਸੋਈ ਤੇ ਗੁਸਲਖਾਨਾ ਸੀ। ਕਿਤਾਬਾਂ ਦਾ ਰੈਕ ਵੀ। ਘਰ ਦੇ ਆਲੇ-ਦੁਆਲੇ ਖੇਤ ਤੇ ਜਾਮਣਾਂ ਦੇ ਦਰੱਖਤ। ਇੱਕ ਪਾਸੇ ਪਾਣੀ ਵਾਲੀ ਬੰਬੀ। ਮੈਂ ਉਹਦੇ ਕੋਲ ਕਈ ਦਿਨ ਰਿਹਾ। ਦਿਲ ਬਹੁਤ ਲੱਗਿਆ ਸੀ। ਉਹਦੇ ਕੋਲ ਬਹੁਤ ਲੋਕ ਆਉਂਦੇ, ਕਈਆਂ ਦੀ ਬੁਰੀ ਤਰ੍ਹਾਂ 'ਰੇਲ' ਬਣਾ ਦਿੰਦਾ, ਪਰ ਉਹਦਾ ਗੁੱਸਾ ਕੋਈ ਨਾ ਕਰਦਾ। ਸਭ ਹੱਸਦੇ ਹੀ ਜਾਂਦੇ। ਆਪਣੇ ਸਟੂਡੀਓ ਦੇ ਨਾਲ ਵਾਲੀਆਂ ਦੁਕਾਨਾਂ ਵਿੱਚ ਬੈਠੇ ਕਿਰਾਏਦਾਰਾਂ ਨਾਲ ਵੀ ਦਿਨ ਵਿੱਚ ਕਈ ਵਾਰ ਆਢਾ ਲਾਉਂਦਾ। ਸਵੇਰੇ ਸਦੇਹਾਂ ਉੱਠਦਾ, ਸਟੂਡੀਓ ਦੀ ਝਾੜ-ਪੂੰਝ ਕਰਕੇ ਬੂਹਾ ਸੁੰਭਰ ਕੇ ਮੇਰੇ ਲਈ ਚਾਹ ਦੀ ਡੋਲਣੀ ਲੈ ਆਉਂਦਾ। ਦਿਨ ਵੇਲੇ ਮੈਂ ਉਹਦੇ ਸਟੂਡੀਓ ਵਿੱਚ ਦੁਨੀਆ ਭਰ ਦੇ ਉੱਘੇ ਲੋਕਾਂ ਦੀਆਂ ਤਸਵੀਰਾਂ ਵੇਖਦਾ ਤੇ ਉਹਦੇ ਨਾਲ ਗੱਲਾਂ ਕਰਦਾ। ਕੰਧਾਂ ਉੱਤੇ ਸਜੀਆਂ ਹੋਈਆਂ ਸਭ ਤਸਵੀਰਾਂ ਆਪੋ-ਆਪਣੇ ਸਮੇਂ ਦਾ ਇਤਿਹਾਸ ਸਨ। ਦੁਨੀਆ ਭਰ ਦੇ ਕਲਾਕਾਰ, ਸਾਹਿਤਕਾਰ, ਚਿੱਤਰਕਾਰ, ਸਿਆਸਤਦਾਨ ਅਤੇ ਖਿਡਾਰੀ, ਉਹਨੇ ਹਰ ਖੇਤਰ ਦੀ ਹਸਤੀ ਆਪਣੇ ਕੈਮਰੇ ਵਿੱਚ ਸਾਂਭ ਲਈ। ਕੰਧ ਉੱਤੇ ਲੱਗੀਆਂ ਤਸਵੀਰਾਂ ਵਿੱਚ ਕਿਧਰੇ ਉਸਤਾਦ ਯਮਲਾ ਜੱਟ ਤੇ ਸੋਹਣ ਸਿੰਘ ਸੀਤਲ ਗਲਵੱਕੜੀ ਪਾਈ ਬੈਠੇ ਨੇ, ਇੰਦਰਾ ਗਾਂਧੀ ਭਾਸ਼ਣ ਦੇ ਰਹੀ ਹੈ.. ਟੌਹੜਾ ਤੇ ਬਾਦਲ ਮੁਸਕਰਾਈ ਜਾਂਦੇ ਨੇ, ਸੰਤ ਲੌਂਗੋਵਾਲ ਗੰਭੀਰ ਮੁਦਰਾ ਵਿੱਚ ਬੈਠੇ ਹਨ। ਸੰਤ ਸਿੰਘ ਸੇਖੋਂ, ਕੁਲਵੰਤ ਸਿੰਘ ਵਿਰਕ, ਕਰਨੈਲ ਸਿੰਘ ਪਾਰਸ, ਅੰਮ੍ਰਿਤਾ ਪ੍ਰੀਤਮ, ਮੋਹਨ ਸਿੰਘ, ਸਾਹਿਰ ਲੁਧਿਆਣਵੀ, ਜਸਵੰਤ ਸਿੰਘ ਕੰਵਲ, ਸਭਨਾਂ ਨੂੰ ਸਾਕਾਰ ਕਰੀ ਬੈਠਾ ਸੀ ਬਾਜਵਾ। ਜਦੋਂ ਮਲਿਕਾ ਐਲਿਜ਼ਬੈੱਥ ਦਰਬਾਰ ਸਾਹਿਬ ਆਈ ਸੀ, ਉਦੋਂ ਦੀ ਖਿੱਚੀ ਫੋਟੋ ਦੇਖ ਮੈਂ ਪੁੱਛ ਲਿਆ, "ਚਾਚਾ, ਆਹ ਵੀ ਤੂੰ ਆਪ ਖਿੱਚੀ ਸੀ?'' ਮੈਨੂੰ ਪੈ ਨਿਕਲਿਆ, ''ਹੋਰ ਤੇਰੇ ਪਿਓ ਨੇ ਖਿੱਚੀ ਸੀ? … ਕਿੱਦਾਂ ਦੇ ਸੁਆਲ ਕਰਦਾ ਏ?'' ਜਦੋਂ ਉਹ … ਦੀ ਗਾਲ੍ਹ ਕੱਢਦਾ ਸੀ ਤਾਂ ਹਰਨਾਮ ਦਾਸ ਸਹਿਰਾਈ ਚੇਤੇ ਆ ਜਾਂਦਾ ਸੀ ਤੇ ਵਾਰ-ਵਾਰ ਉਸ ਨੂੰ ਗਾਲ੍ਹ ਲੈਣ ਖ਼ਾਤਰ ਖਿਝਾਉਂਦਾ ਸਾਂ।
ਮੈਂ ਇਹ ਵੀ ਚਾਹੁੰਦਾ ਸਾਂ ਕਿ ਉਹ ਵੱਧ ਤੋਂ ਵੱਧ ਆਪਣੀ ਫੋਟੋਗ੍ਰਾਫੀ ਬਾਰੇ ਗੱਲਾਂ ਕਰੇ। ਚਾਚਾ ਬਾਜਵਾ ਦੱਸਣ ਲੱਗਿਆ, "ਮੇਰੇ ਪਰਿਵਾਰ ਵਿੱਚ ਫੋਟੋਗ੍ਰਾਫ਼ੀ ਦਾ ਗਿਆਨ ਰੱਖਣ ਵਾਲਾ ਕੋਈ ਨਹੀਂ ਸੀ… ਮੈਂ ਦਸਵੀਂ ਵਿੱਚ ਪੜ੍ਹਦੇ ਸਮੇਂ ਡਰਾਇੰਗ ਦਾ ਵਿਸ਼ਾ ਰੱਖਿਆ ਸੀ। ਇਸੇ ਤੋਂ ਮੈਂ ਏਧਰ ਪ੍ਰੇਰਿਆ ਗਿਆ ਸਾਂ। ਜਦ ਮੇਰਾ ਮੇਲ ਸ. ਸੋਭਾ ਸਿੰਘ ਨਾਲ ਹੋਇਆ ਤਾਂ ਉਨ੍ਹਾਂ ਨਾਲ ਫੋਟੋ ਤੇ ਚਿੱਤਰਕਲਾ ਬਾਰੇ ਵਿਚਾਰ-ਵਟਾਂਦਰਾ ਕਰਦੇ ਰਹਿਣਾ ਤੇ ਤੱਤ ਸਾਰ ਇਹ ਕੱਢਿਆ ਕਿ ਪੇਂਟਿੰਗ ਇੱਕ ਬਹੁਤ ਮਹਿੰਗਾ ਆਰਟ ਏ… ਇਸੇ ਨਾਲ ਜ਼ਿੰਦਗੀ ਤੋਰੀ ਨਈਂ ਜਾ ਸਕਦੀ ਤੇ ਉਨ੍ਹਾਂ ਦਿਨੀਂ ਹੀ ਉਨ੍ਹਾਂ ਕੋਲ ਪਾਲਮਪੁਰ ਤੋਂ ਸ. ਸੁਰਜੀਤ ਸਿੰਘ ਆਇਆ ਕਰਦੇ ਸਨ ਜੋ ਸਟਿੱਲ ਫੋਟੋਗ੍ਰਾਫੀ ਦਾ ਕੰਮ ਕਰਦੇ ਸਨ। ਮੈਂ ਉਨ੍ਹਾਂ ਕੋਲੋਂ ਇਸ ਬਾਰੇ ਪੁੱਛਦਾ ਰਿਹਾ ਕਰਾਂ। ਫਿਰ ਮੈਂ ਗੁਰਦਾਸਪੁਰ ਵਾਲੇ ਬਲਵੰਤ ਸਿੰਘ ਕੋਲੋਂ ਫੋਟੋਗ੍ਰਾਫ਼ੀ ਬਾਰੇ ਕਾਫ਼ੀ ਕੁਝ ਸਿੱਖਿਆ…। ਬਟਾਲੇ ਵੀ ਮੈਂ 'ਸਰਦਾਰ ਸਟੂਡੀਓ' ਵਿੱਚ ਕੁਝ ਮਹੀਨੇ ਨੌਕਰੀ ਕੀਤੀ। ਸੰਨ 1968 ਦੀ ਗੱਲ ਏ। ਮੈਂ ਸਿਨੇਮਾ ਰੋਡ 'ਤੇ ਆਪਣੀ ਦੁਕਾਨ ਖੋਲ੍ਹ ਲਈ। ਵਿਹਲੇ ਵੇਲੇ ਬੈਠਾ ਮੈਂ ਫੋਟੋਗ੍ਰਾਫੀ ਨਾਲ ਸਬੰਧਤ ਕਿਤਾਬਾਂ ਪੜ੍ਹਦਾ ਰਹਿੰਦਾ ਸਾਂ ਤਾਂ ਕਿ ਮੇਰੀ ਫੋਟੋ-ਕਲਾ ਵਿੱਚ ਨਿਖਾਰ ਆ ਸਕੇ।"
"ਚਾਚਾ, ਕਲਾਕਾਰਾਂ ਦੀਆਂ ਗੱਲਾਂ ਵੀ ਸੁਣਾ ਦੇ। ਕਿੰਨੇ ਕਲਾਕਾਰ ਤੇਰੇ ਨੇੜੇ ਦੇ ਬੇਲੀ ਰਹੇ ਨੇ?''
ਇੱਕ ਦਿਨ ਉਹ ਦੱਸਣ ਲੱਗਿਆ, ''ਯਮਲਾ ਮੇਰਾ ਯਾਰ ਸੀ। ਸਭ ਕੁਝ ਨਾਲ ਈ ਲੈ ਗਿਆ… ਉਹਦੀ ਰੂਹ ਦਾ ਪ੍ਰਛਾਵਾਂ ਨਈਂ ਜੇ ਪੈਂਦਾ ਹੁਣ ਉਹਦੇ ਡੇਰੇ ਵਿੱਚ… ਆਹ ਸੁਰਿੰਦਰ ਕੌਰ ਮਰੀ ਜਿੱਦਣ ਮੈਂ ਅੰਦਰ ਵੜ ਕੇ ਬੜਾ ਈ ਰੋਇਆ ਵਾਂ ਨਿੰਦੀ। ਹਾਂ ਸੱਚ, ਤੈਨੂੰ ਦੱਸਾਂ ਉਏ! ਅਹਾਂ ਸੁਰਿੰਦਰ ਕੌਰ ਦਾ ਜਨਮ ਦਿਨ ਮਨਾਇਆ ਏਥੇ… ਬੜੇ ਚਾਈਂ-ਚਾਈਂ ਆਈ ਤੇ ਰਸ਼ ਬੜਾ ਹੋ ਗਿਆ, ਠੰਢ ਵੀ ਦਸੰਬਰ ਦੀ, ਖ਼ੂਬ ਗਾਇਆ ਸੁਰਿੰਦਰ ਕੌਰ ਨੇ। ਸ਼ਿਵ ਦੇ ਸ਼ਹਿਰ ਬਟਾਲੇ ਖਲੋਤੀ ਉਹਨੂੰ ਯਾਦ ਕਰਕੇ ਅੱਖਾਂ ਭਰ ਆਈ। ਮੈਨੂੰ ਇੱਕ ਬੁੱਢੜਾ ਸਰੋਤਾ ਆਂਹਦਾ ਅਖੇ ਬਾਜਵੇ, ਸੁਰਿੰਦਰ ਕੌਰ ਨੂੰ ਕਹੋ ਕਿ ਮੇਰੀ ਫ਼ਰਮਾਇਸ਼ ਪੂਰੀ ਕਰੇ ਤੇ ਗੀਤ ਗਾਵੇ, 'ਵੇ ਲੈ ਦੇ ਮੈਨੂੰ ਮਖ਼ਮਲ ਦੀ ਪੱਖੀ ਘੁੰਗਰੂਆਂ ਵਾਲੀ'। ਮੈਂ ਸਟੇਜ ਦੇ ਲਾਗੇ ਜਾ ਕੇ ਕਿਹਾ ਕਿ ਸੁਰਿੰਦਰ ਇੱਕ ਬੁੱਢਾ ਆਂਹਦਾ ਈ ਬਈ ਪੱਖੀ ਵਾਲਾ ਗੀਤ ਸੁਣਨੈਂ। ਸੁਰਿੰਦਰ ਕੌਰ ਬੋਲੀ, ਵੇ ਇਹੋ ਜਾ ਕਿਹੜਾ ਬੁੱਢੜਾ ਈ… ਜਿਹਨੂੰ ਮਰ ਜਾਣੇ ਨੂੰ ਦਸੰਬਰ ਦੇ ਮਹੀਨੇ ਵਿੱਚ ਵੀ ਗਰਮੀ ਲੱਗਣ ਡਹੀ ਏ। ਲੋਕੀ ਬੜੇ ਹੱਸੇ ਉਹਨੇ ਗੰਵਿਆਂ ਪੱਖੀ ਵਾਲਾ ਗੀਤ… ਫੇ ਆਂਹਦੀ ਕਿ ਬਾਜਵੇ ਦਾ ਆਖਿਆ ਮੈਂ ਕਿੱਦਾਂ ਮੋੜਾਂ? ਏਹ ਮਰ ਜਾਣਾ ਮੇਰਾ ਵੀਰ ਵੀ ਏ… ਮਿੱਤਰ ਵੀ ਏ… ਪੁੱਤ ਵੀ ਏ…। ਲੋਕਾਂ ਤਾੜੀਆਂ ਮਾਰ-ਮਾਰ ਹਾਲ ਗੂੰਜਾ ਦਿੱਤਾ। ਯਮਲੇ ਹੋਰਾਂ ਜਦ ਵੀ ਗੁਰਦਾਸਪੁਰ ਏਰੀਏ ਵਿੱਚ ਆਉਣਾ ਪ੍ਰੋਗਰਾਮ ਤੋਂ ਪਹਿਲਾਂ ਵੀ ਤੇ ਮਗਰੋਂ ਆਖਣਾ, 'ਯਾਰ ਬਾਜਵੇ, ਤੇਰੇ ਡੇਰੇ 'ਚ ਵੀ ਮੇਰਾ ਬੜਾ ਦਿਲ ਲਗਦਾ ਏ…।' ਬਥੇਰੀ ਦੁਨੀਆ ਆਈ ਏ ਏਥੇ ਮੇਰੇ ਕੋਲ ਪੁੱਤ, ਕੀਹਦਾ-ਕੀਹਦਾ ਦੱਸਾਂ ਤੈਨੂੰ? ਕਿਸੇ ਆਏ ਦੀ ਖ਼ੁਸ਼ੀ ਨਹੀਂ, ਗਏ ਦਾ ਗ਼ਮ ਨਹੀਂ। ਮਰ ਗਏ ਬੰਦੇ ਬਾਰੇ ਢੰਡੋਰਾ ਪਿੱਟਣਾ ਚੰਗਾ ਨਈਂ ਜੇ ਹੁੰਦਾ। ਇੱਥੇ ਜਿਹੜੇ ਬੰਦੇ ਸ਼ਿਵ ਨਾਲ ਆਪਣੀ ਨੇੜਤਾ ਦਾ ਢੰਡੋਰਾ ਪਿੱਟ ਰਹੇ ਨੇ, ਉਹ ਉਹਦੀ ਨਿੱਜੀ ਜ਼ਿੰਦਗੀ ਬਾਬਤ ਕੱਖ ਵੀ ਨਈਂ ਜਾਣਦੇ। ਜ਼ਿੰਦਗੀ ਦੇ ਅੰਤਿਮ ਦਿਨਾਂ ਵਿੱਚ ਸ਼ਿਵ ਕਿਸ-ਕਿਸ ਨੂੰ ਮਿਲਦਾ ਰਿਹਾ ਸੀ, ਉਸ ਨਾਲ ਆਪਣੀ ਨੇੜਤਾ ਦਰਸਾਉਣ ਵਾਲਿਆਂ ਦਾ ਵਤੀਰਾ ਸ਼ਿਵ ਨਾਲ ਉਨ੍ਹਾਂ ਦਿਨਾਂ ਵਿੱਚ ਕਿੱਦਾਂ ਦਾ ਸੀ? ਅੰਤਿਮ ਸਮੇਂ ਸ਼ਿਵ ਕਿੱਥੇ ਸੀ? ਘਰੋਂ ਲੜ ਕੇ ਕਿੱਥੇ ਗਿਆ ਸੀ? ਅੰਤਿਮ ਘੜੀ ਉਸ ਕੋਲ ਕੌਣ ਸੀ? ਆਪਣੀ ਉਸ ਨਾਲ ਨੇੜਤਾ ਦੱਸਣ ਵਾਲੇ ਅਖੌਤੀ ਮਿੱਤਰ ਇਹ ਸਭ ਕੁਝ ਨਹੀਂ ਜਾਣਦੇ।
ਸੰਗੀਤਕਾਰਾਂ ਨਾਲ ਮੇਰਾ ਬੜਾ ਲਗਾਅ ਰਿਹਾ ਏ ਸ਼ੁਰੂ ਤੋਂ। ਮੇਰੇ ਕੋਲ ਬਹੁਤ ਸਾਰੇ ਲੋਕ-ਗਾਇਕਾਂ ਦਾ ਰਿਕਾਰਡ ਭੰਡਾਰ ਵੀ ਪਿਆ ਏ। ਕਦੀ-ਕਦੀ ਸੁਣ ਕੇ ਸਕੂਨ ਲੈ ਲੈਨਾ ਵਾਂ ਪਰ ਮੈਂ ਸਮਝਨਾ ਵਾਂ ਕਿ ਗਲੇ ਨਾਲੋਂ ਯੰਤਰਾਂ ਵਿੱਚ ਜ਼ਿਆਦਾ ਸੁਰੀਲਾਪਣ ਹੁੰਦਾ ਏ, ਜਿਵੇਂ ਬੰਸੁਰੀ ਏ, ਇਹ ਮੇਰਾ ਬੜਾ ਪਿਆਰਾ ਸਾਜ਼ ਏ। ਸ਼ਾਇਦ ਇਸ ਲਈ ਕਿ ਇਹ ਮਰ ਜਾਣੀ ਬਾਂਸ ਤੋਂ ਬਣਦੀ ਏ, ਬਾਂਸ ਨਾਲੋਂ ਕੱਟੀ ਜਾਂਦੀ ਏ, ਇਸੇ ਕਾਰਨ ਉਹਦੀ ਸੁਰ ਵੈਰਾਗਮਈ ਹੁੰਦੀ ਏ। ਪਰਿਵਾਰ ਨਾਲੋਂ ਵਿਛੜਨ ਦਾ ਵਿਗੋਚਾ ਤੇ ਦਰਦ ਤੈਨੂੰ ਦੱਸਨਾਂ ਵਾਂ… ਮੈਂ ਇੱਕ ਵਾਰ ਫੁੱਲ ਤੋੜਿਆ ਟਹਿਣੀ ਨਾਲੋਂ ਤੇ ਪਾਣੀ ਦੇ ਤੁਪਕਿਆਂ ਨੂੰ ਤੱਕ ਕੇ ਮੈਂ ਤੜਫ਼ ਉੱਠਿਆ ਸਾਂ। ਮੈਨੂੰ ਜਾਪਿਆ ਸੀ ਕਿ ਮੈਂ ਫੁੱਲ ਨਹੀਂ ਜੇ ਤੋੜਿਆ, ਕਿਸੇ ਦੀ ਜ਼ਿੰਦਗੀ ਹੀ ਤਬਾਹ ਕਰ ਦਿੱਤੀ ਏ। ਜਦ ਕੋਈ ਇਸ ਅਵਸਥਾ ਵਿੱਚ ਪਹੁੰਚ ਜਾਂਦਾ ਏ, ਉਸ ਨੂੰ ਬਨਸਪਤੀ, ਕੁਦਰਤ ਤੇ ਜੀਵ-ਜੰਤੂਆਂ ਦੀ ਮੌਤ 'ਤੇ ਡਾਹਢਾ ਦੁੱਖ ਹੁੰਦਾ ਏ।" ਚਾਚੇ ਬਾਜਵੇ ਦੇ ਇਨ੍ਹਾਂ ਬੋਲਾਂ ਨੇ ਥੋੜ੍ਹੀ-ਥੋੜ੍ਹੀ ਉਦਾਸੀ ਪੈਦਾ ਕਰ ਦਿੱਤੀ ਸੀ।
"ਤੇਰੇ ਜਨੂੰਨ ਦਾ ਕਿਸ-ਕਿਸ ਨੂੰ ਲਾਭ ਹੋਇਆ ਚਾਚਾ?'' "ਡਾ. ਮਹਿੰਦਰ ਸਿੰਘ ਰੰਧਾਵਾ ਨੇ ਵੀ ਪੰਜਾਬੀ ਆਰਟ ਕੌਂਸਲ ਲਈ ਤਸਵੀਰਾਂ ਬਣਵਾਈਆਂ ਸਨ.. ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਨੇ ਵੀ ਕੁਝ ਲੇਖਕਾਂ ਦੀਆਂ ਤਸਵੀਰਾਂ ਬਣਵਾਈਆਂ ਮੈਥੋਂ।''
"ਚਾਚਾ, ਬਦੇਸ਼ ਜਾਇਆ ਕਰ ਵਿਸ਼ਵ ਕਾਨਫਰੰਸਾਂ 'ਤੇ।" ਇਹ ਸੁਣ ਉਹ ਖਿਝ ਗਿਆ, "ਕੀ ਧੱਕੇ ਖਾਣ ਜਾਣੇ ਨੇ ਮੈਂ? ਤੈਨੂੰ ਪਤਾ ਈ ਜਦ ਪਹਿਲੀ ਵਿਸ਼ਵ ਕਾਨਫਰੰਸ ਹੋਈ ਇੰਗਲੈਂਡ 1980 ਵਿੱਚ ਉਦੋਂ ਮੈਂ ਫੋਟੋ ਖਿੱਚੀਆਂ ਜਾ ਕੇ। ਉਸ ਬਾਅਦ ਨਹੀਂ ਗਿਆ ਮੈਂ ਕਿਧਰੇ ਬਦੇਸ਼। ਮੇਰਾ ਤੇ ਜੀਅ ਨਹੀਂ ਕਰਦਾ ਜਾਣ ਨੂੰ। ਮੇਰੇ ਭਾਣਜਿਆਂ ਨੇ ਮੈਨੂੰ ਮੱਲੋ-ਮੱਲੀ ਅਮਰੀਕਾ ਤੋਂ ਸਪਾਂਸਰਸ਼ਿਪ ਭੇਜ ਦਿੱਤੀ। ਮੈਂ ਟਾਲੇ ਲਾ ਛੱਡੇ। ਮੇਰਾ ਮਨ ਕਹੇ ਕਿ ਵੀਜ਼ਾ ਈ ਨਾ ਲੱਗੇ ਤਾਂ ਚੰਗਾ। ਤੇ ਬੜਾ ਈ ਚੰਗਾ ਹੋਇਆ… ਦਿੱਲੀ ਜਦ ਵੀਜ਼ਾ ਲੈਣ ਗਿਆ ਤਾਂ ਇੱਕ ਮੇਮ ਜਿਹੀ ਸੀ ਖਿੜਕੀ 'ਚ ਖਲੋਤੀ। ਮੁਸਕਾ ਕੇ ਆਂਹਦੀ ਕਿ ਬਾਬਾ ਜੀ ਥੋੜ੍ਹਾ ਵੇਟ ਕਰੋ, ਚਿੱਠੀ ਪਾਵਾਂਗੇ। ਮੈਂ ਸ਼ੁਕਰ ਕੀਤਾ… ਭਲਾ ਹੋਇਆ ਮੇਰਾ ਚਰਖਾ ਟੁੱਟਾ, ਜਿੰਦ ਅਜ਼ਾਬੋਂ ਛੁੱਟੀ। ਮੈਂ ਕੀ ਕਰਨਾ ਸੀ ਜਾ ਕੇ। ਸੁਣ ਭਤੀਜ, ਮੇਰੀਆਂ ਤਿੰਨ ਕਿਤਾਬਾਂ ਛਪੀਆਂ ਨੇ ਕਵਿਤਾ ਦੀਆਂ, ਪਹਿਲੀ ਛਪੀ 'ਸੁੱਕੇ ਕੱਖਾਂ ਥੱਲੇ ਅੱਗ', ਫਿਰ ਦੂਜੀ ਛਪੀ 'ਮੌਤ ਇੱਕ ਸੋਚ ਦੀ' ਤੇ ਤੀਜੀ 'ਤਰੇਲ ਦੀ ਇੱਕ ਬੂੰਦ'… ਇਹ ਸਿੰਘ ਬ੍ਰਦਰਜ਼ ਨੇ ਛਾਪੀ। ਚੇਤਨਾ ਵਾਲੇ ਸਤੀਸ਼ ਨੇ ਮੇਰੀਆਂ ਫੋਟੋਆਂ ਦੀ ਕਿਤਾਬ ਅੰਗਰੇਜ਼ੀ ਵਿੱਚ ਛਾਪੀ… ਕੋਈ ਪੈਹਾ ਨੀ ਲਿਆ। ਅੰਮ੍ਰਿਤਸਰ ਵਾਲਾ ਗੁਰਸਾਗਰ ਸਿੰਘ ਤੇ ਹੁਣ ਵੀ ਆਂਹਦਾ ਏ ਕਿ ਬਾਜਵਾ ਅਗਲੀ ਕਿਤਾਬ ਦਾ ਖਰੜਾ ਘੱਲੋ। ਕਿਹੜਾ ਘੱਲੇ ਪਿਆ? ਕੀ ਲੈਣਾ ਇਆਂ…।"
* * *
ਬਾਜਵਾ ਸਾਰੀ ਉਮਰ ਸਾਧੂਆ ਭੇਸ ਵਿੱਚ ਰਿਹਾ। ਸੱਚਮੁੱਚ ਦਾ ਸਾਧੂ ਹੀ ਸੀ। ਜਿਵੇਂ ਡਾਕਟਰ ਦੇ ਗਲ 'ਚ ਹਮੇਸ਼ਾ ਸਟੈਥੋਸਕੋਪ ਟੰਗਿਆ ਦੇਖਣ ਨੂੰ ਮਿਲਦੈ ਇਵੇਂ ਬਾਜਵੇ ਦੇ ਗਲ 'ਚ ਹਰ ਵੇਲੇ ਕੈਮਰਾ ਦਿਸਦਾ। ਉਹ ਆਪਣੇ ਕੈਮਰੇ ਦਾ ਰਤਾ ਵਸਾਹ ਨਹੀਂ ਸੀ ਖਾਂਦਾ। ਉਹਨੇ ਸੱਚੀਉਂ ਹੀ ਆਪਣੀ ਫੋਟੋ ਕਲਾ ਨਾਲ ਲੇਖਕਾਂ ਦੇ ਅਸਲੀ ਚਿਹਰੇ ਕੈਮਰੇ 'ਚ ਕੈਦ ਕੀਤੇ। ਉਹ ਘੁਮੱਕੜ ਸੀ। ਕਈ ਵਾਰ ਕਿਰਾਏ 'ਤੇ ਕਾਰ ਕਰਵਾ ਕੇ ਦੂਰ ਤੀਕ ਜਾ ਪਹੁੰਚਦਾ ਸੀ… ਨਹੀਂ ਫਿਰ ਬੱਸਾਂ 'ਤੇ ਚੜ੍ਹਦਾ।
1979 'ਚ ਬਾਲ ਦਿਵਸ ਮੌਕੇ ਬਾਜਵੇ ਦੀਆਂ ਤਸਵੀਰਾਂ ਦੀ ਪ੍ਰਦਰਸ਼ਨੀ ਚੰਡੀਗੜ੍ਹ ਲੱਗੀ। ਮੌਕੇ ਦੇ ਮੰਤਰੀ ਉਦਘਾਟਨ ਕਰਨ ਆਏ ਕਹਿੰਦੇ, ''ਬਾਜਵਾ, ਅਸੀਂ ਤੈਨੂੰ ਪੰਜਾਬ ਸਰਕਾਰ ਵੱਲੋਂ ਸਨਮਾਨਿਤ ਕਰਾਂਗੇ।'' ਰੀਬਨ ਕੱਟਣ ਮਗਰੋਂ ਜਦ ਉਹ ਤਸਵੀਰਾਂ ਦੇਖਣ ਗਏ ਤਾਂ ਕਹਿੰਦੇ, "ਬਾਜਵਾ, ਅਸੀਂ ਤੇਰਾ ਸਨਮਾਨ ਕਿਵੇਂ ਕਰਾਂਗੇ, ਤੂੰ ਸਾਡੀ ਸਰਕਾਰ ਦਾ ਸਾਰੀ ਸਟੇਟ ਦਾ ਜਲੂਸ ਕੱਢ ਰੱਖਿਐ।''
ਦਰਅਸਲ, ਬਾਜਵੇ ਨੇ ਉਨ੍ਹਾਂ ਬਾਲ ਮਜ਼ਦੂਰਾਂ ਦੀਆਂ ਤਸਵੀਰਾਂ ਖਿੱਚੀਆਂ ਤੇ ਪ੍ਰਦਰਸ਼ਨੀ ਦਾ ਸ਼ਿੰਗਾਰ ਬਣਾਈਆਂ ਹੋਈਆਂ ਸਨ, ਜਿਹੜੇ ਬਾਲ ਦਿਨ-ਰਾਤ ਢਾਬਿਆਂ 'ਤੇ ਜੂਠੇ ਬਰਤਨ ਮਾਂਜਦੇ ਨੇ, ਗਲੀਆਂ ਦੇ ਕੱਖ ਚੁਗਦੇ ਨੇ, ਭੀਖ ਮੰਗਦੇ ਫਿਰਦੇ ਨੇ ਅੱਡਿਆਂ ਤੇ ਸਟੇਸ਼ਨਾਂ ਉੱਤੇ ਅਤੇ ਜਿਹੜੇ ਬਾਲਾਂ ਨੂੰ ਪੇਟ ਭਰ ਖਾਣਾ ਨਹੀਂ ਮਿਲਦਾ ਤੇ ਉਹ ਰੱਜੇ ਹੋਏ ਲੋਕਾਂ ਵੱਲ ਲਲਚਾਈਆਂ ਨਜ਼ਰਾਂ ਨਾਲ ਦੇਖਦੇ ਨੇ। ਇਹ ਬਾਜਵੇ ਦੀ ਫੋਟੋ ਕਲਾ ਦਾ ਕਮਾਲ ਸੀ।
* * *
ਬਾਜਵਾ ਹੁਣ ਹੌਲੀ ਹੌਲੀ ਬੁਝ ਰਿਹਾ ਸੀ। ਉਮਰ ਦੇ ਹਿਸਾਬ ਨਾਲ ਠੀਕ ਸੀ ਤੇ ਫੋਨ ਸੁਣ ਲੈਂਦਾ ਸੀ। ਸ਼ੂਗਰ ਨੇ ਖਹਿੜਾ ਨਾ ਛੱਡਿਆ। ਕਦੇ ਕਦੇ ਲੂਹਰੀ ਜਿਹੀ ਉੱਠਦੀ ਮਿਲਣ ਨੂੰ। ਫੋਨ ਕਰਨਾ ਤਾਂ ਚਾਚੇ ਬਾਜਵੇ ਨੇ ਮੋਹ ਨਾਲ ਗਾਲ੍ਹ ਕੱਢ ਕੇ ਚਿੱਤ ਕਰਾਰਾ ਕਰ ਲੈਣਾ।
ਚਾਚਾ, ਤੂੰ ਤੁਰ ਗਿਓਂ ਪਰ ਤੇਰੀਆਂ ਯਾਦਾਂ ਨੇ ਕਿਤੇ ਨਹੀਂ ਤੁਰਨਾ। ਨਾ ਤੇਰੀਆਂ ਖਿੱਚੀਆਂ ਫੋਟੋਆਂ ਦਾ ਦੁਰਲੱਭ ਖ਼ਜ਼ਾਨਾ ਹੀ ਕਿਧਰੇ ਗੁਆਚੇਗਾ, ਹਮੇਸ਼ਾ ਸਾਡੇ ਅੰਗ ਸੰਗ ਰਹਿਣਗੀਆਂ ਤੇਰੀਆਂ ਯਾਦਾਂ ਤੇ ਤੂੰ ਸਾਨੂੰ ਕਦੀ ਨਹੀਂ ਭੁੱਲਣਾ।
ਸੰਪਰਕ: 94174-21700

Dailyhunt
Disclaimer: This content has not been generated, created or edited by Dailyhunt. Publisher: Punjabi Tribune