Dailyhunt Logo
  • Light mode
    Follow system
    Dark mode
    • Play Story
    • App Story

ਕੈਨੇਡਾ ਡੇਅ.ਕੈਨੇਡਾ ਡੇਅ.ਹੇਅ..ਹੇਅ.

ਕੈਲਗਰੀ: ਕੈਲਗਰੀ ਲੇਖਕ ਸਭਾ ਦੀ ਜੁਲਾਈ ਮਹੀਨੇ ਦੀ ਮੀਟਿੰਗ ਕੋਸੋ ਹਾਲ ਵਿੱਚ ਪ੍ਰਧਾਨ ਜਸਵੀਰ ਸਿੰਘ ਸਿਹੋਤਾ ਅਤੇ ਮਨਮੋਹਨ ਸਿੰਘ ਬਾਠ ਦੀ ਪ੍ਰਧਾਨਗੀ ਹੇਠ ਹੋਈ। ਸਕੱਤਰ ਗੁਰਚਰਨ ਥਿੰਦ ਨੇ ਜੁਲਾਈ ਮਹੀਨੇ ਦੇ ਮੁੱਖ ਦਿਹਾੜੇ ਕੈਨੇਡਾ ਡੇਅ ਦੇ ਇਤਿਹਾਸ ਤੇ ਮਹੱਤਵ ਬਾਰੇ ਸੰਖੇਪ ਜਾਣਕਾਰੀ ਸਾਂਝੀ ਕਰਦਿਆਂ, ਕੈਲਗਰੀ ਵਿੱਚ ਅੰਤਰ-ਰਾਸ਼ਟਰੀ ਪੱਧਰ ਦੇ ਦਸ ਦਿਨ ਤੱਕ ਮਨਾਏ ਜਾ ਰਹੇ ਸਟੈਂਪੀਡ ਮੇਲੇ ਅਤੇ ਗਿਆਰਾਂ ਜੁਲਾਈ ਨੂੰ ਯੂ.ਐੱਨ.ਓ. ਵੱਲੋਂ 'ਵਿਸ਼ਵ ਆਜ਼ਾਦੀ ਦਿਵਸ' ਮਨਾਏ ਜਾਣ ਦੀ ਲੋੜ ਅਤੇ ਮਹੱਤਵ ਬਾਰੇ ਚਾਨਣਾ ਪਾਇਆ।

ਸੁਖਮੰਦਰ ਗਿੱਲ ਅਤੇ ਸੋਹਣ ਸਿੰਘ ਭੁੱਚੋ ਨੇ ਕੈਨੇਡਾ ਡੇਅ ਦੀਆਂ ਖੁਸ਼ੀਆਂ ਮਨਾਉਣ ਦੇ ਸੰਦਰਭ ਵਿੱਚ ਆਪਣੇ ਰਚਿਤ ਗੀਤ ਗਾ ਕੇ ਰੰਗ ਬੰਨ੍ਹ ਦਿੱਤਾ। ਸਭਾ ਦੇ ਉਪ-ਪ੍ਰਧਾਨ ਸੁਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਕੈਨੇਡਾ ਇੱਕ ਅਪਰਾਧ-ਮੁਕਤ ਦੇਸ਼ ਵਜੋਂ ਜਾਣਿਆ ਜਾਂਦਾ ਹੈ, ਪਰ ਅਜੋਕੇ ਸਮੇਂ ਦੇ ਵਿਗੜਦੇ ਹਾਲਾਤ ਚਿੰਤਾ ਦਾ ਵਿਸ਼ਾ ਹਨ। ਪ੍ਰਧਾਨ ਸਿਹੋਤਾ ਨੇ ਵੀ ਕੈਨੇਡਾ ਡੇ ਬਾਰੇ ਗੱਲ ਕੀਤੀ ਅਤੇ ਆਪਣੀ ਰਚਨਾ, 'ਕੈਨੇਡਾ ਡੇਅ…ਕੈਨੇਡਾ ਡੇਅ…ਹੇਅ..ਹੇਅ…, ਚਾਰੇ ਕੋਨੇ ਇਸ ਦੇ ਉਤਮ, ਉੱਤਰ ਦੱਖਣ ਪੂਰਬ ਪੱਛਮ' ਸਾਂਝੀ ਕੀਤੀ। ਜੀਰ ਸਿੰਘ ਬਰਾੜ ਨੇ ਅਲਬਰਟਾ ਵਿੱਚ ਅਕਤੂਬਰ ਵਿੱਚ ਹੋਣ ਵਾਲੇ ਰਿਫਰੈਂਡਮ ਬਾਰੇ ਵੀ ਸਾਂਝ ਪਾਈ। ਗੁਰਦੀਪ ਸਿੰਘ ਆਲੀਵਾਲ ਨੇ 'ਸਟੈਂਪੀਡ ਨੂੰ ਸਲਾਮ' ਕਵਿਤਾ ਸਾਂਝੀ ਕਰਦਿਆਂ ਕਿਹਾ ਕਿ ਸਾਹਿਤ ਉਹ ਦਰਪਣ ਹੈ ਜੋ ਸਮਾਜ ਨੂੰ ਉਸ ਦਾ ਚਿਹਰਾ ਵਿਖਾਉਂਦਾ ਹੈ। ਜਗਦੇਵ ਸਿੰਘ ਸਿੱਧੂ ਨੇ ਕਿਹਾ ਕਿ ਕੈਨੇਡਾ ਡੇਅ ਕੇਵਲ ਗੀਤਾਂ ਤੇ ਕਵਿਤਾਵਾਂ ਨਾਲ ਹੀ ਨਾ ਮਨਾਈਏ, ਬਲਕਿ ਸਾਨੂੰ ਇੱਥੇ ਵਸਣ ਵਾਲੇ ਹੋਰ ਕੈਨੇਡਾ ਵਾਸੀਆਂ ਨਾਲ ਸਹਿਚਾਰ ਵੀ ਵਧਾਉਣਾ ਚਾਹੀਦਾ ਹੈ।
ਚਰਨਦੀਪ ਕੌਰ ਨੇ ਰੱਬ ਨੂੰ ਆਪਣੇ ਹੀ ਢੰਗ ਨਾਲ ਪ੍ਰਸ਼ਨ ਕਰਦੀ ਆਪਣੀ ਰਚਨਾ 'ਰੱਬ ਦਾ ਰੱਬ' ਅਤੇ ਗੁਰਚਰਨ ਹੇਅਰ ਨੇ 'ਲੋਕਾਂ ਦੀਆਂ ਕਲਮਾਂ 'ਚੋਂ ਮੁੱਕਦੀ ਸਿਆਹੀ ਜਦੋਂ, ਗੀਤਾਂ ਸਾਡਿਆਂ ਦੀ ਸ਼ੁਰੂਆਤ ਹੁੰਦੀ ਹੈ' ਕਵਿਤਾਵਾਂ ਨਾਲ ਹਾਜ਼ਰੀ ਲੁਆਈ। ਹਰਮਿੰਦਰ ਗਿੱਲ ਨੇ ਸੁਰਿੰਦਰ ਕੌਰ ਅਤੇ ਆਸਾ ਸਿੰਘ ਮਸਤਾਨਾ ਦਾ ਗਾਇਆ ਗੀਤ 'ਪੰਡਤ ਜੀ ਕੀ ਇਹ ਲਾਲ ਮੇਰਾ ਮਾਂ ਪਿਓ ਦਾ ਨਾਂ ਚਮਕਾਏਗਾ' ਅਤੇ ਮਨਮੋਹਨ ਸਿੰਘ ਬਾਠ ਨੇ 'ਏਧਰ ਕਣਕਾਂ ਓਧਰ ਕਣਕਾਂ ਵਿੱਚ ਕਣਕਾਂ ਦੇ ਬੂਰ ਪਿਆ, ਮੁਟਿਆਰੇ ਜਾਣਾ ਦੂਰ ਪਿਆ' ਸੁਰ ਵਿੱਚ ਗਾ ਕੇ ਪੁਰਾਣੇ ਗੀਤਾਂ ਦੀ ਯਾਦ ਤਾਜ਼ਾ ਕਰਵਾ ਦਿੱਤੀ। ਮਨਮੋਹਨ ਸਿੰਘ ਪਪਰਾਲਾ ਨੇ ਹਾਸਰਸ ਕਵਿਤਾ 'ਸੀਟੀ' ਅਤੇ ਦਰਸ਼ਨ ਸਿੰਘ ਬਰਾੜ ਨੇ 'ਬੰਦਾ ਜੋੜੇ ਪਲ਼ੀ ਪਲ਼ੀ ਤੇ ਰਾਮ ਡੁੱਲ੍ਹਾਵੇ ਕੁੱਪਾ' ਸੁਣਾ ਕੇ ਵਾਹ ਵਾਹ ਖੱਟ ਲਈ। ਲਖਵਿੰਦਰ ਸਿੰਘ ਪਟਿਆਲਾ ਨੇ ਆਪਣੀ ਇੱਕ ਪੁਰਾਣੀ ਤੇ ਇੱਕ ਨਵੀਂ ਨਜ਼ਮ ਨਾਲ ਸਾਂਝ ਪਾਈ। ਅਮਰੀਕ ਸਿੰਘ ਨੇ ਵੀ ਨਜ਼ਮ ਸੁਣਾਈ।
ਡਾ. ਸੁਖਵਿੰਦਰ ਸਿੰਘ ਥਿੰਦ ਨੇ ਇੱਕ ਕਾਵਿ-ਟੋਟੇ ਰਾਹੀਂ ਧਰਤੀ ਹੇਠਾਂ ਮੁੱਕਦੇ ਜਾ ਰਹੇ ਪਾਣੀ ਦੀ ਬਾਤ ਪਾਈ। ਗੁਰਮੀਤ ਸਿੰਘ ਤੰਬੜ ਨੇ ਧਰਤੀ ਦੇ ਲਗਾਤਰ ਵਧ ਰਹੇ ਤਾਪਮਾਨ ਨੂੰ ਧਰਤੀ ਨੂੰ ਚੜ੍ਹ ਰਹੇ ਤਾਪ ਨਾਲ ਤੁਲਨਾਉਂਦਿਆ ਪ੍ਰਦੂਸ਼ਣ ਦੇ ਦੁਸ਼-ਪ੍ਰਭਾਵਾਂ ਦਾ ਵਰਨਣ ਕੀਤਾ। ਤਿਰਲੋਕ ਸਿੰਘ 'ਚੁੱਘ' ਨੇ ਬੱਸਾਂ ਵਿੱਚ ਵੰਨ ਸੁਵੰਨੀਆਂ ਚੀਜ਼ਾਂ ਵੇਚਣ ਵਾਲਿਆਂ ਦੀ ਕਲਾ ਨੂੰ ਹਾਸਰਸ ਕਵਿਤਾ ਦੇ ਰੂਪ ਵਿੱਚ ਪੇਸ਼ ਕਰ ਹਾਸਾ ਪਾਇਆ। ਅੰਤ ਵਿੱਚ ਗੁਰਚਰਨ ਥਿੰਦ ਨੇ ਆਪਣੀ ਰਚਨਾ 'ਗੱਲ ਸੁਣ ਨੀਂ ਬਚਨ ਕੁਰੇ, ਚੱਲ ਉੱਠ ਖੇਤਾਂ ਨੂੰ ਚੱਲੀਏ' ਸੁਣਾਈ।
ਖ਼ਬਰ ਸਰੋਤ: ਕੈਲਗਰੀ ਲੇਖਕ ਸਭਾ

Dailyhunt
Disclaimer: This content has not been generated, created or edited by Dailyhunt. Publisher: Punjabi Tribune