ਵਿਰਾਟ ਕੋਹਲੀ ਦਾ ਕੋਈ ਸਾਨੀ ਨਹੀਂ। ਕ੍ਰਿਕਟ ਦੀ ਦੁਨੀਆ ਵਿੱਚ 2008 ਤੋਂ ਉਹਦੀ ਬੱਲੇ-ਬੱਲੇ ਹੈ। 38ਵੇਂ ਸਾਲ ਦੀ ਉਮਰੇ ਵੀ ਉਹ ਚੌਕਿਆਂ ਛੱਕਿਆਂ ਦੀ ਹਨੇਰੀ ਲਿਆਈ ਜਾ ਰਿਹੈ। ਚੀਕੂ, ਕਿੰਗ ਕੋਹਲੀ, ਚੇਜ਼ ਮਾਸਟਰ, ਰਨ ਮਸ਼ੀਨ, ਵੀ.ਕੇ, ਉਹਦੇ ਨਿੱਕਨੇਮ ਹਨ। ਉਹ ਕਮਾਲ ਦਾ ਕ੍ਰਿਕਟਰ, ਕਮਾਲ ਦਾ ਬੱਲੇਬਾਜ਼, ਗੇਂਦਬਾਜ਼, ਕੈਚਬਾਜ਼ ਤੇ ਕਪਤਾਨਾਂ ਦਾ ਕਪਤਾਨ ਹੈ।
ਉਹ ਏਨੇ ਮੈਚ ਖੇਡ ਚੁੱਕੈ, ਏਨੇ ਰਿਕਾਰਡ ਰੱਖ ਚੁੱਕੈ ਤੇ ਏਨੀਆਂ ਜਿੱਤਾਂ ਜਿੱਤ ਚੁੱਕੈ ਕਿ ਉਹਦੀ ਵਾਹ-ਵਾਹ ਦਾ ਕੋਈ ਅੰਤ ਨਹੀਂ। ਅੰਤਰਰਾਰਸ਼ਟਰੀ ਪੱਧਰ 'ਤੇ 2011 ਤੋਂ 2020 ਤੱਕ 20 ਹਜ਼ਾਰ ਤੋਂ ਵੱਧ ਦੌੜਾਂ ਬਣਾਉਣ ਵਾਲਾ ਵਿਸ਼ਵ ਦਾ ਉਹ ਪਹਿਲਾਂ ਕ੍ਰਿਕਟਰ ਹੈ। ਉਸ ਨੇ ਸੈਂਕੜੇ ਅਰਧ ਸੈਂਚਰੀਆਂ, ਸੈਂਚਰੀਆਂ ਤੇ ਦੂਹਰੀਆਂ ਸੈਂਚਰੀਆਂ ਮਾਰੀਆਂ ਹਨ। ਅਜੇ ਕਿਹੜਾ ਬਸ ਹੈ!
ਉਸ ਨੂੰ ਦਸ ਵਾਰ ਆਈਸੀਸੀ ਐਵਾਰਡ ਮਿਲੇ ਜੋ ਕ੍ਰਿਕਟ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਹਨ। ਉਹ 2012, 2017, 2018 ਤੇ 2023 ਵਿੱਚ 'ਓਡੀਆਈ ਪਲੇਅਰ ਆਫ ਦਿ ਯੀਅਰ' ਦੇ ਐਵਾਰਡ ਜਿੱਤਿਆ। 2019 'ਚ ਉਸ ਨੂੰ 'ਸਪਿਰਟ ਆਫ ਦਿ ਡੀਕੇਡ' ਦੇ ਐਵਾਰਡ ਨਾਲ ਸਨਮਾਨਿਆ ਗਿਆ। ਤਿੰਨ ਸਾਲ ਉਸ ਨੂੰ 'ਵਿਜ਼ਡਨ ਲੀਡਿੰਗ ਕ੍ਰਿਕਟਰ ਇਨ ਦਿ ਵਰਲਡ' ਐਲਾਨਿਆ ਜਾਂਦਾ ਰਿਹਾ। ਪੰਜੇ ਮਹਾਦੀਪਾਂ ਵਿੱਚ ਉਸ ਦੀ ਝੰਡੀ ਹੈ। 'ਟਾਈਮ' ਤੇ 'ਫੋਰਬਸ' ਵਰਗੇ ਵਿਸ਼ਵ ਮੈਗਜ਼ੀਨਾਂ ਨੇ ਉਹਦੀਆਂ ਤਸਵੀਰਾਂ ਮੁੱਖ ਪੰਨਿਆਂ 'ਤੇ ਲਾਈਆਂ ਹਨ। 2022 ਦੇ ਸਾਲ 'ਚ ਉਹਦੀ ਕ੍ਰਿਕਟ ਦੀ ਕਮਾਈ 66 ਮਿਲੀਅਨ ਅਮਰੀਕਨ ਡਾਲਰ ਹੋ ਗਈ ਸੀ ਜਿਸ ਦੇ 634 ਕਰੋੜ ਰੁਪਏ ਬਣਦੇ ਹਨ। ਉਹਦਾ ਪਿਛੋਕੜ ਪੰਜਾਬ ਦਾ, ਜੰਮਪਲ ਦਿੱਲੀ ਦਾ ਤੇ ਅਜੋਕਾ ਵਾਸੀ ਗੁਰੂਗ੍ਰਾਮ ਦਾ ਹੈ। ਕੋਹਲੀ ਪਰਿਵਾਰ 2015 ਤੱਕ ਮੀਰਾ ਬਾਗ, ਪੱਛਮ ਵਿਹਾਰ, ਦਿੱਲੀ ਰਹਿੰਦਾ ਰਿਹਾ ਤੇ ਫਿਰ ਗੁੜਗਾਓਂ ਜਾ ਵਸਿਆ।
ਉਹਦੀਆਂ ਖੇਡ ਪ੍ਰਾਪਤੀਆਂ ਸਦਕਾ ਭਾਰਤ ਸਰਕਾਰ ਵੱਲੋਂ ਉਸ ਨੂੰ ਅਰਜਨ ਐਵਾਰਡ, ਖੇਲ ਰਤਨ ਐਵਾਰਡ ਤੇ ਪਦਮ ਸ਼੍ਰੀ ਪੁਰਸਕਾਰ ਪਹਿਲਾਂ ਹੀ ਦਿੱਤੇ ਜਾ ਚੁੱਕੇ ਹਨ। ਸਚਿਨ ਤੇਂਦੁਲਕਰ ਵਾਂਗ ਭਾਰਤ ਰਤਨ ਦੇਣਾ ਹੀ ਬਾਕੀ ਹੈ ਜੋ ਜਾਪਦੈ ਕਦੇ ਨਾ ਕਦੇ ਮਿਲ ਹੀ ਜਾਵੇਗਾ। ਇਹ ਵੱਖਰੀ ਗੱਲ ਹੈ ਕਿ ਓਲੰਪਿਕ ਖੇਡਾਂ 'ਚ ਗੋਲਡ ਮੈਡਲਾਂ ਦੇ ਗੋਲਡਨ ਹੈਟ੍ਰਿਕ ਮਾਰਨ ਵਾਲੇ ਧਿਆਨ ਚੰਦ ਤੇ ਬਲਬੀਰ ਸਿੰਘ ਵਰਗੇ ਹਾਕੀ ਦੇ ਕਿਸੇ ਭਾਰਤੀ ਖਿਡਾਰੀ ਨੂੰ ਅਜੇ ਤੱਕ ਭਾਰਤ ਰਤਨ ਪੁਰਸਕਾਰ ਨਹੀਂ ਮਿਲਿਆ, ਪਰ ਕਾਰਪੋਰੇਟਾਂ ਨੂੰ ਵਾਰਾ ਖਾਂਦੀ ਖੇਡ ਕ੍ਰਿਕਟ ਦੇ ਖਿਡਾਰੀ ਵਿਰਾਟ ਕੋਹਲੀ ਨੂੰ ਉਹਦੇ ਜਿਉਂਦੇ ਜੀਅ ਭਾਰਤ ਰਤਨ ਮਿਲਣ ਦੀ ਕਾਫ਼ੀ ਸੰਭਾਵਨਾ ਹੈ। ਕਦੇ ਕ੍ਰਿਕਟ ਦੀ ਖੇਡ ਇੰਗਲੈਂਡ ਦੇ ਲਾਰਡਾਂ ਤੇ ਇੰਡੀਆ ਦੇ ਰਾਜਿਆਂ, ਮਹਾਰਾਜਿਆਂ, ਨਵਾਬਾਂ ਤੇ ਰਈਸਾਂ ਦੀ ਖੇਡ ਹੁੰਦੀ ਸੀ ਜੋ ਮੰਡੀ ਤੇ ਮੁਨਾਫ਼ੇ ਦੀ ਦੌੜ 'ਚ ਰੁੱਝੀ ਖਲਕਤ ਦੀ ਖੇਡ ਬਣਾ ਦਿੱਤੀ ਗਈ ਹੈ।
ਪੋਠੋਹਾਰੀ ਮੂਲ ਦਾ ਵਿਰਾਟ ਕੋਹਲੀ ਦਿੱਲੀ ਦਾ ਜੰਮਪਲ ਹੈ। 1947 'ਚ ਦੇਸ਼ ਦੀ ਵੰਡ ਵੇਲੇ ਲੱਖਾਂ ਪੰਜਾਬੀ, ਪੱਛਮੀ ਪੰਜਾਬ 'ਚੋਂ ਉੱਜੜ ਕੇ ਪੂਰਬੀ ਪੰਜਾਬ, ਪੈਪਸੂ ਤੇ ਦਿੱਲੀ ਆਣ ਵਸੇ ਸਨ। ਉਨ੍ਹਾਂ ਸ਼ਰਨਾਰਥੀਆਂ ਵਿੱਚ ਹੀ ਵਿਰਾਟ ਕੋਹਲੀ ਦੇ ਵਡੇਰੇ ਦਿੱਲੀ ਪਹੁੰਚੇ ਸਨ। ਉਦੋਂ ਰੋਹਤਕ, ਗੁੜਗਾਵਾਂ ਤੇ ਮਹਿੰਦਰਗੜ੍ਹ ਪੂਰਬੀ ਪੰਜਾਬ ਦੇ ਜ਼ਿਲ੍ਹੇ ਸਨ। ਪੱਛਮੀ ਪੰਜਾਬ ਦੇ ਬਸ਼ਿੰਦਿਆਂ ਨਾਲ ਭਰਪੂਰ ਦਿੱਲੀ ਨੂੰ ਪੰਜਾਬੀਆਂ ਦਾ ਸ਼ਹਿਰ ਮੰਨਿਆ ਜਾਣ ਲੱਗ ਪਿਆ ਸੀ ਤੇ ਦਿੱਲੀ ਦਾ ਮਾਹੌਲ ਲਾਹੌਰ ਵਰਗਾ ਬਣ ਗਿਆ ਸੀ। ਉਦੋਂ ਦਿੱਲੀ ਦੇ ਅੱਧੋਂ ਵੱਧ ਵਾਸੀਆਂ ਦੀ ਮਾਤ ਭਾਸ਼ਾ ਪੰਜਾਬੀ ਸੀ। ਉਰਦੂ ਤੇ ਹਿੰਦੀ ਦੋਮ ਭਾਸ਼ਾਵਾਂ ਸਨ। 1947-48 ਦੌਰਾਨ ਦਿੱਲੀ ਦਾ ਡਿਪਟੀ ਕਮਿਸ਼ਨਰ ਡਾ. ਮਹਿੰਦਰ ਸਿੰਘ ਰੰਧਾਵਾ ਸੀ ਜਿਸ ਨੇ ਪੰਜਾਬੀ ਸ਼ਰਨਾਰਥੀਆਂ ਨੂੰ ਦਿੱਲੀ ਵਸਾਉਣ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ ਸੀ।
ਜਿਵੇਂ ਵਿਰਾਟ ਕੋਹਲੀ ਦਾ ਪਿਛੋਕੜ ਪੋਠੋਹਾਰ ਦੇ ਸ਼ਹਿਰ ਹਜ਼ਾਰੇ ਤੇ ਰਾਵਲਪਿੰਡੀ ਵੱਲ ਦਾ ਸੀ, ਉਵੇਂ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਕੋਹਲੀ ਦਾ ਜਨਮ ਸਥਾਨ ਵੀ ਪੋਠੋਹਾਰ ਦੇ ਪਿੰਡ ਗਾਹ ਜ਼ਿਲ੍ਹਾ ਚਕਵਾਲ ਦਾ ਸੀ। ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਤੇ ਫਿਲਮੀ ਅਦਾਕਾਰ ਬਲਰਾਜ ਸਾਹਨੀ ਵੀ ਪੋਠੋਹਾਰ ਦੇ ਜੰਮਪਲ ਸਨ। ਐਕਟਰ ਦਲੀਪ ਕੁਮਾਰ ਤੇ ਪ੍ਰਿਥਵੀ ਰਾਜ ਕਪੂਰ ਦਾ ਖਾਨਦਾਨ ਵੀ ਪੱਛਮੀ ਪੰਜਾਬ 'ਚੋਂ ਆਇਆ ਸੀ। ਉਨ੍ਹਾਂ ਸਭਨਾਂ ਦੀ ਸ਼ੋਭਾ ਕੌਮਾਂਤਰੀ ਪੱਧਰ 'ਤੇ ਹੋਈ। ਪੱਛਮੀ ਪੰਜਾਬ ਦੇ ਜ਼ਿਲ੍ਹਾ ਮੁਜ਼ੱਫਰਗੜ੍ਹ ਦੇ ਜੰਮੇ ਜਾਏ ਫਲਾਈਂਗ ਸਿੱਖ ਮਿਲਖਾ ਸਿੰਘ, ਲਾਇਲਪੁਰ ਜ਼ਿਲ੍ਹੇ ਦੇ ਜੰਮੇ ਫੁੱਟਬਾਲਰ ਜਰਨੈਲ ਸਿੰਘ ਤੇ ਨਨਕਾਣਾ ਸਾਹਿਬ ਦੇ ਜਾਏ ਹਾਕੀ ਖਿਡਾਰੀ ਪ੍ਰਿਥੀਪਾਲ ਸਿੰਘ ਹੋਰੀਂ ਸਭ ਓਧਰੋਂ ਏਧਰ ਆਏ ਸਨ।
ਕੋਹਲੀ ਪ੍ਰਾਕ੍ਰਿਤ ਦੇ ਸ਼ਬਦ 'ਕੋਹ' ਦਾ ਵਧਵਾਂ ਰੂਪ ਹੈ। ਕੋਹ ਦਾ ਅਰਥ ਹੈ ਪਹਾੜ। ਪੋਠੋਹਾਰ ਦੇ ਨੀਮ ਪਹਾੜੀ ਇਲਾਕਿਆਂ 'ਚ ਵਸਦੇ ਲੋਕ ਕੋਹਲੀ ਅਖਵਾਏ। ਚੜ੍ਹਾਈਆਂ ਚੜ੍ਹਨਾ ਕੋਹਲੀਆਂ ਦਾ ਵਿਰਸਾ ਸੀ। ਵਿਰਾਟ ਕੋਹਲੀ ਨੇ ਕ੍ਰਿਕਟ ਦੇ ਉੱਚੇ ਨੀਵੇਂ ਸਾਰੇ ਪਹਾੜ ਸਰ ਕਰ ਲਏ ਹਨ। ਉਹਦਾ ਜਨਮ 5 ਨਵੰਬਰ 1988 ਨੂੰ ਮਾਤਾ ਸਰੋਜ ਕੋਹਲੀ ਦੀ ਕੁੱਖੋਂ ਪ੍ਰੇਮ ਜੀ ਕੋਹਲੀ ਦੇ ਘਰ ਭਾਰਤ ਦੀ ਰਾਜਧਾਨੀ ਦਿੱਲੀ ਵਿਖੇ ਹੋਇਆ ਸੀ। ਉਹਦੀ ਮਾਤਾ ਘਰੇਲੂ ਸੁਆਣੀ ਤੇ ਪਿਤਾ ਵਕੀਲ ਸੀ। ਉਨ੍ਹਾਂ ਦੇ ਤਿੰਨ ਬੱਚੇ ਸਨ। ਵਿਕਾਸ ਕੋਹਲੀ, ਭਾਵਨਾ ਤੇ ਵਿਰਾਟ ਕੋਹਲੀ। ਉਹ ਸਾਰੇ ਵਿਆਹੇ ਤੇ ਬਾਲ ਬੱਚੇਦਾਰ ਹਨ। ਉਨ੍ਹਾਂ ਦੇ ਪਿਤਾ ਦੀ ਮੌਤ ਦਸੰਬਰ 2006 ਵਿੱਚ ਹੋ ਗਈ ਸੀ।
ਵਿਰਾਟ ਕੋਹਲੀ ਦਾ ਜੁੱਸਾ ਛਾਂਟਵਾਂ ਤੇ ਕੱਦ 5 ਫੁੱਟ 9 ਇੰਚ ਹੈ। ਉਹਦੇ ਵਿਆਹ ਦੀ ਕਹਾਣੀ ਫਿਲਮੀ ਹੀਰੋਆਂ ਵਰਗੀ ਹੀ ਹੈ। ਕ੍ਰਿਕਟ ਸਟਾਰਾਂ ਦੇ ਵਧੇਰੇ ਵਿਆਹ ਫਿਲਮਾਂ ਵਾਲੀਆਂ ਕੁੜੀਆਂ ਨਾਲ ਹੀ ਹੁੰਦੇ ਆ ਰਹੇ ਹਨ। ਪਹਿਲਾਂ ਪਹਿਲ ਵਿਰਾਟ ਕੋਹਲੀ ਦੇ ਵੀ ਦੋ ਅਭਿਨੇਤਰੀਆਂ ਨਾਲ ਦੋਸਤੀਆਂ ਦੇ ਕਿੱਸੇ ਛਿੜੇ ਸਨ ਜੋ ਵਿਆਹ ਲਈ ਸਿਰੇ ਨਾ ਚੜ੍ਹੇ। 2013 'ਚ ਅਭਿਨੇਤਰੀ ਅਨੁਸ਼ਕਾ ਸ਼ਰਮਾ ਉਹਦੇ ਸੰਪਰਕ ਵਿੱਚ ਆਈ। ਪਹਿਲੀ ਵਾਰ ਉਹ ਕਿਸੇ ਇਨਾਮ ਵੰਡ ਸਮਾਗਮ ਵਿੱਚ ਮਿਲੇ ਤਾਂ ਇੱਕ-ਦੂਜੇ ਵੱਲ ਖਿੱਚੇ ਗਏ। ਫਿਰ ਮਾਡਰਨ ਤੌਰ ਤਰੀਕਿਆਂ ਮੁਤਾਬਿਕ ਉਨ੍ਹਾਂ ਵਿਚਕਾਰ ਡੇਟਿੰਗ ਸ਼ੁਰੂ ਹੋਈ ਜੋ ਵਿਆਹ ਕਰਾਉਣ ਦੇ ਵਾਅਦੇ ਤੱਕ ਅੱਪੜ ਗਈ। ਉਨ੍ਹਾਂ ਦਾ ਰੁਮਾਂਸ ਮੀਡੀਆ ਦੀ ਚਰਚਾ ਬਣਦਾ ਰਿਹਾ। ਨਾਲ ਦੀ ਨਾਲ ਦੋਹੇਂ ਆਪੋ ਆਪਣੇ ਖੇਤਰਾਂ ਭਾਵ ਖੇਡ ਤੇ ਅਦਾਕਾਰੀ ਵਿੱਚ ਵੀ ਰੁੱਝੇ ਰਹੇ। ਆਖ਼ਰ ਵਿਆਹ ਕਰਾਉਣ ਦਾ ਦਿਨ ਮਿਥ ਲਿਆ ਗਿਆ। ਉਨ੍ਹਾਂ ਦਾ ਵਿਆਹ 11 ਦਸੰਬਰ 2017 ਨੂੰ ਇਟਲੀ ਦੇ ਮਿਲਾਨ ਸ਼ਹਿਰ ਵਿੱਚ ਹੋਇਆ ਤੇ ਉਨ੍ਹਾਂ ਦੇ ਘਰ ਇੱਕ ਧੀ ਤੇ ਇੱਕ ਪੁੱਤਰ ਨੇ ਜਨਮ ਲਿਆ।
23 ਅਕਤੂਬਰ 2022 ਨੂੰ ਜੋ ਸੰਦੇਸ਼ ਅਨੁਸ਼ਕਾ ਨੇ ਵਿਰਾਟ ਨੂੰ ਭੇਜਿਆ ਉਹਦੀ ਇਬਾਰਤ ਕੁਝ ਇਸ ਤਰ੍ਹਾਂ ਦੀ ਸੀ: ਸੋਹਣਿਆਂ! ਅੱਜ ਰਾਤ ਤੁਸੀਂ ਭਾਰਤੀ ਲੋਕਾਂ ਦੇ ਦਿਲਾਂ ਵਿੱਚ ਖ਼ਾਸ ਖ਼ੁਸ਼ੀ ਦੀ ਲਹਿਰ ਪੈਦਾ ਕੀਤੀ ਤੇ ਉਹ ਵੀ ਖ਼ੁਸ਼ੀਆਂ ਦੇ ਤਿਉਹਾਰ ਦੀਵਾਲੀ ਦੇ ਮੌਕੇ। ਮੇਰੇ ਪਿਆਰੇ, ਤੂੰ ਕਮਾਲ ਦਾ ਕ੍ਰਿਕਟਰ ਹੈਂ। ਤੇਰਾ ਸਾਹਸ ਤੇ ਅਕੀਦਾ ਅਤੇ ਦ੍ਰਿੜਤਾ ਤੇ ਦਮ, ਦਿਲਾਂ-ਦਿਮਾਗ਼ਾਂ ਨੂੰ ਟੁੰਬਣ ਵਾਲੇ ਹਨ। ਅੱਜ ਮੈਂ ਆਪਣੀ ਜ਼ਿੰਦਗੀ ਦਾ ਬਿਹਤਰੀਨ ਮੈਚ ਵੇਖਿਆ ਹੈ। ਤੁਹਾਡੀ ਸ਼ਾਨਦਾਰ ਪਾਰੀ ਦੀ ਬਦੌਲਤ ਮੈਲਬੌਰਨ 'ਚ ਖੇਡੇ ਬੇਹੱਦ ਰੁਮਾਂਚਿਕ ਮੈਚ ਵਿੱਚ ਭਾਰਤੀ ਟੀਮ ਨੇ ਪਾਕਿਸਤਾਨ ਦੀ ਟੀਮ ਨੂੰ ਚਾਰ ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਨੂੰ ਜਿੱਤਣ ਲਈ ਆਖ਼ਰੀ ਓਵਰ ਵਿੱਚ 16 ਦੌੜਾਂ ਬਣਾਉਣੀਆਂ ਪੈਣੀਆਂ ਸਨ ਜੋ ਬਣਦੀਆਂ ਨਜ਼ਰ ਨਹੀਂ ਸਨ ਆ ਰਹੀਆਂ, ਪਰ ਤੁਹਾਡੇ ਬੱਲੇ ਦੀ ਆਖ਼ਰੀ ਛੋਹ ਨਾਲ ਐਸੀ ਕਰਾਮਾਤ ਵਾਪਰੀ ਕਿ ਭਾਰਤ ਨੇ ਜਿੱਤ ਦਾ ਟੀਚਾ ਹਾਸਲ ਕਰ ਲਿਆ।
ਅਨੁਸ਼ਕਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਉੱਪਰ ਇਹ ਸਤਰਾਂ ਲਿਖੀਆਂ, "ਭਾਵੇਂ ਸਾਡੀ ਬੱਚੀ ਅਜੇ ਬਹੁਤ ਨਿਆਣੀ ਹੈ ਅਤੇ ਉਸ ਨੂੰ ਇਹ ਸਮਝ ਨਹੀਂ ਕਿ ਉਸ ਦੀ ਮਾਂ ਕਮਰੇ ਵਿੱਚ ਕਿਉਂ ਨੱਚਦੀ-ਗਾਉਂਦੀ ਫਿਰਦੀ ਹੈ! ਪਰ ਰਤਾ ਵੱਡੀ ਹੋ ਕੇ ਉਹ ਸਮਝ ਜਾਵੇਗੀ ਕਿ ਉਸ ਦੇ ਪਿਤਾ ਨੇ ਉਸ ਰਾਤ ਆਪਣੇ ਜੀਵਨ ਦੀ ਬਿਹਤਰੀਨ ਪਾਰੀ ਖੇਡੀ ਸੀ। ਉਹ ਵੀ ਉਸ ਪੜਾਅ 'ਤੇ ਜਦੋਂ ਉਹਦੀ ਸਭ ਤੋਂ ਵੱਧ ਲੋੜ ਸੀ। ਉਦੋਂ ਉਸ ਦਾ ਪਿਆਰਾ ਪਿਤਾ ਤੇ ਮੇਰਾ ਪਤੀ ਉਸ ਫੈਸਲਾਕੁਨ ਸਥਿਤੀ ਵਿੱਚ ਹੋਰ ਸੁਚੇਤ ਤੇ ਹੋਰ ਮਜ਼ਬੂਤ ਬਣ ਕੇ ਉੱਭਰਿਆ।"
ਵਿਰਾਟ ਅਜੇ ਤਿੰਨ ਸਾਲ ਦਾ ਬੱਚਾ ਸੀ ਜਦੋਂ ਗਲੀ ਮੁਹੱਲੇ ਵਿੱਚ ਹਾਣੀਆਂ ਨਾਲ ਕ੍ਰਿਕਟ ਖੇਡਣ ਲੱਗ ਪਿਆ ਸੀ। ਫਿਰ ਸਕੂਲੇ ਪੜ੍ਹਦਿਆਂ ਉਸ ਨੇ ਪੱਛਮੀ ਦਿੱਲੀ ਦੀ ਕ੍ਰਿਕਟ ਅਕੈਡਮੀ ਵਿੱਚ ਸਿਖਲਾਈ ਲੈਣੀ ਸ਼ੁਰੂ ਕੀਤੀ। ਪਠੀਰ ਉਮਰੇ ਉਹ ਦਿੱਲੀ ਦੀ ਅੰਡਰ-15 ਸਾਲਾ ਟੀਮ ਵਿੱਚ ਚੁਣਿਆ ਗਿਆ। ਉਸ ਨੂੰ ਸਟੇਟ ਤੇ ਫਿਰ ਦੇਸ਼ ਪੱਧਰ ਦੇ ਕ੍ਰਿਕਟ ਟੂਰਨਾਮੈਂਟ ਖੇਡਣ ਦੇ ਮੌਕੇ ਮਿਲਣ ਲੱਗੇ। 2008 ਵਿੱਚ ਉਹ ਅੰਤਰਰਾਸ਼ਟਰੀ ਪੱਧਰ 'ਤੇ ਕ੍ਰਿਕਟ ਖੇਡਣ ਲੱਗਾ ਤੇ ਇੱਕ-ਦੋ ਸਾਲਾਂ ਵਿੱਚ ਹੀ ਭਾਰਤੀ ਟੀਮ ਦਾ ਪ੍ਰਮੁੱਖ ਖਿਡਾਰੀ ਬਣ ਗਿਆ। 2010 'ਚ ਉਹ ਭਾਰਤ ਵੱਲੋਂ 20 ਓਵਰਾਂ ਵਾਲਾ ਮੈਚ ਤੇ 2011 ਵਿੱਚ ਪਹਿਲਾ ਟੈਸਟ ਮੈਚ ਖੇਡਿਆ। 2013 ਵਿੱਚ ਉਹ ਵਨ ਡੇਅ ਬੱਲੇਬਾਜ਼ਾਂ ਲਈ ਆਈਸੀਸੀ ਰੈਂਕਿਗ 'ਚ ਪਹਿਲੇ ਨੰਬਰ ਉਤੇ ਜਾ ਪਹੁੰਚਿਆ। 2014 ਦੇ ਟੀ-20 ਵਿਸ਼ਵ ਕੱਪ ਦੌਰਾਨ ਉਸ ਨੇ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਰੱਖਿਆ।
ਸਾਲ 2018 ਵਿੱਚ ਉਸ ਨੇ ਇੱਕ ਹੋਰ ਮੀਲ ਪੱਥਰ ਗੱਡਿਆ। ਉਹ ਵਿਸ਼ਵ ਭਰ 'ਚ ਚੋਟੀ ਦਾ ਦਰਜਾ ਪ੍ਰਾਪਤ ਕਰਨ ਵਾਲਾ ਟੈਸਟ ਬੱਲੇਬਾਜ਼ ਬਣ ਗਿਆ। ਭਾਰਤ ਦਾ ਉਹ ਇਕਲੌਤਾ ਖਿਡਾਰੀ ਸੀ ਜੋ ਕ੍ਰਿਕਟ ਦੇ ਤਿੰਨੇ ਫਾਰਮੈਟਾਂ, ਟੈਸਟ ਮੈਚਾਂ, ਵਨ ਡੇ ਮੈਚਾਂ ਤੇ ਟੀ-20 ਮੈਚਾਂ ਵਿੱਚ ਚੋਟੀ 'ਤੇ ਪੁੱਜਾ। ਉਸ ਦੀ ਇਹ ਕਾਰਗੁਜ਼ਾਰੀ 2020 ਤੱਕ ਜਾਰੀ ਰਹੀ। ਉਹ 2010-20 ਦੇ ਦਹਾਕੇ ਦੌਰਾਨ 20 ਹਜ਼ਾਰ ਦੌੜਾਂ ਬਣਾਉਣ ਵਾਲਾ ਦੁਨੀਆ ਦਾ ਪਹਿਲਾ ਬੱਲੇਬਾਜ਼ ਬਣਿਆ। ਤਦ ਤੱਕ ਉਹ ਭਾਰਤੀ ਟੀਮਾਂ ਦੀਆਂ ਕਈ ਵਾਰ ਕਪਤਾਨੀਆਂ ਕਰ ਚੁੱਕਾ ਸੀ। 2021 'ਚ ਉਹਨੇ ਟੀ-20 ਲਈ ਭਾਰਤੀ ਕ੍ਰਿਕਟ ਟੀਮ ਦੀ ਕਪਤਾਨੀ ਛੱਡ ਦਿੱਤੀ ਤੇ 2022 ਦੇ ਆਰੰਭ ਵਿੱਚ ਭਾਰਤੀ ਟੈਸਟ ਟੀਮ ਦੀ ਕਪਤਾਨੀ ਵੀ ਕਿਸੇ ਹੋਰ ਖਿਡਾਰੀ ਨੂੰ ਸੌਂਪਣ ਲਈ ਕਿਹਾ। ਉਸ ਪਿੱਛੋਂ ਉਹ ਬੇਸ਼ੱਕ ਭਾਰਤੀ ਕ੍ਰਿਕਟ ਟੀਮਾਂ ਦਾ ਕਪਤਾਨ ਨਹੀਂ ਸੀ ਹੁੰਦਾ, ਪਰ ਖੇਡਦਾ ਕਪਤਾਨਾਂ ਵਾਂਗ ਹੀ ਰਿਹਾ। 2025 ਤੇ 2026 ਦੀਆਂ ਆਈਪੀਐੱਲ ਟੀ-20 ਦੀਆਂ ਟਰਾਫੀਆਂ ਉਸ ਦੀ ਟੀਮ ਰਾਇਲ ਚੈਲੰਜਰਜ਼ ਬੰਗਲੂਰੂ ਨੇ ਹੀ ਜਿੱਤੀਆਂ।
ਕ੍ਰਿਕਟ ਅਜਿਹੀ ਖੇਡ ਹੈ ਜਿਸ ਦੇ ਵੱਖ ਵੱਖ ਤਰ੍ਹਾਂ ਦੇ ਰਿਕਾਰਡਾਂ ਦਾ ਅੰਤ ਨਹੀਂ। ਉਨ੍ਹਾਂ ਦੀ ਵੰਨਗੀ ਬੇਸ਼ੁਮਾਰ ਹੈ। ਇਸ ਲਈ ਉਸ ਦੇ ਸਾਰੇ ਰਿਕਾਰਡਾਂ ਦਾ ਇੱਕੋ ਅਖ਼ਬਾਰੀ ਲੇਖ ਵਿੱਚ ਵੇਰਵਾ ਦੇਣਾ ਦਰਕਾਰ ਨਹੀਂ। 2010 ਤੋਂ 2026 ਤੱਕ ਅੰਤਰਰਾਸ਼ਟਰੀ ਪੱਧਰ 'ਤੇ ਖੇਡਦਿਆਂ ਉਸ ਨੇ ਅਨੇਕ ਰਿਕਾਰਡ ਬਣਾਏ ਤੇ ਅਨੇਕ ਮਾਣ ਸਨਮਾਨ ਹਾਸਲ ਕੀਤੇ। 2012 ਵਿੱਚ ਉਸ ਨੂੰ ਆਈਸੀਸੀ ਵਨ ਡੇ ਪਲੇਅਰ ਆਫ ਦਿ ਯੀਅਰ ਵਜੋਂ ਮਾਨਤਾ ਦਿੱਤੀ ਗਈ ਸੀ। 2017 ਤੇ 2018 ਵਿੱਚ ਫਿਰ ਆਈਸੀਸੀ ਵਨ ਡੇ ਪਲੇਅਰ ਆਫ ਦਿ ਯੀਅਰ ਮਾਨਤਾ ਨਾਲ ਸਰ ਗਾਰਫੀਲਡ ਸੋਬਰਸ ਟਰਾਫੀ ਜਿੱਤੀ। 2018 ਵਿੱਚ ਉਹ ਆਈਸੀਸੀ ਟੈਸਟ ਮੈਚਾਂ ਦਾ ਵੀ ਪਲੇਅਰ ਆਫ ਦਿ ਯੀਅਰ ਬਣ ਗਿਆ। ਉਹ ਇੱਕੋ ਸਾਲ ਟੀ-20 ਤੇ ਟੈਸਟ ਮੈਚ ਦੋਵੇਂ ਮੀਰੀ ਐਵਾਰਡ ਜਿੱਤਣ ਵਾਲਾ ਪਹਿਲਾ ਕ੍ਰਿਕਟ ਖਿਡਾਰੀ ਹੈ। 2013 ਵਿੱਚ ਭਾਰਤ ਸਰਕਾਰ ਨੇ ਉਸ ਨੂੰ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ। 2017 ਵਿੱਚ ਪਦਮ ਸ਼੍ਰੀ ਦੀ ਉਪਾਧੀ ਦਿੱਤੀ ਤੇ 2018 ਵਿੱਚ ਭਾਰਤ ਦੇ ਸਰਵਉੱਚ ਖੇਡ ਸਨਮਾਨ ਖੇਡ ਰਤਨ ਨਾਲ ਸਨਮਾਨਿਤ ਕੀਤਾ। 2016 'ਚ ਉਸ ਨੂੰ ਈਐੱਸਪੀਐੱਨ ਵੱਲੋਂ ਦੁਨੀਆ ਦੇ ਸਭ ਤੋਂ ਮਸ਼ਹੂਰ ਖਿਡਾਰੀਆਂ ਵਿੱਚੋਂ ਇੱਕ ਅਤੇ ਵਿਸ਼ਵ ਪੱਧਰੀ ਵਪਾਰਕ ਮੈਗਜ਼ੀਨ 'ਫੋਰਬਸ' ਦੁਆਰਾ ਸਭ ਤੋਂ ਕੀਮਤੀ ਐਥਲੀਟ ਬ੍ਰਾਂਡਾਂ ਵਿੱਚੋਂ ਇੱਕ ਦਾ ਦਰਜਾ ਦਿੱਤਾ ਗਿਆ। 2018 ਵਿੱਚ ਵਿਸ਼ਵ ਪ੍ਰਸਿੱਧ ਮੈਗਜ਼ੀਨ 'ਟਾਈਮ' ਨੇ ਵਿਰਾਟ ਕੋਹਲੀ ਦਾ ਨਾਂ ਵਿਸ਼ਵ ਦੇ 100 ਸਭ ਤੋਂ ਪ੍ਰਭਾਵਸ਼ਾਲੀ ਵਿਅਕਤੀਆਂ ਦੀ ਸੂਚੀ ਵਿੱਚ ਪ੍ਰਕਾਸ਼ਿਤ ਕੀਤਾ।
ਵਿਰਾਟ ਕੋਹਲੀ ਦੀ ਉਸਤਤ ਵਿੱਚ ਲੱਖਾਂ ਲਫ਼ਜ਼ ਲਿਖੇ ਗਏ ਤੇ ਬਿਜਲਈ ਮੀਡੀਆ ਤੋਂ ਉਹਦੇ ਚੌਕੇ ਛਿੱਕੇ ਵਿਖਾਉਂਦਿਆਂ ਲੱਖਾਂ ਵਾਰ ਉਹਦਾ ਨਾਂ ਉਚਾਰਿਆ। ਉਸ ਨੇ ਟੈਸਟ ਮੈਚਾਂ ਤੋਂ ਲੈ ਕੇ ਟੀ-20 ਤੇ 50 ਓਵਰਾਂ ਦੇ ਇੱਕ ਰੋਜ਼ਾ ਮੈਚਾਂ, ਵਰਲਡ ਕੱਪਾਂ, ਚੈਂਪੀਅਨਜ਼ ਟਰਾਫੀਆਂ, ਕ੍ਰਿਕਟ ਲੀਗਾਂ, ਗੱਲ ਕੀ ਹਰ ਤਰ੍ਹਾਂ ਦੇ ਮੁਕਾਬਲਿਆਂ 'ਚ ਭਾਗ ਲਿਆ। ਉਹਨੇ ਐਨੀਆਂ ਟੀਮਾਂ ਦੀ ਕਪਤਾਨੀ ਕੀਤੀ ਕਿ ਉਸ ਨੂੰ ਕ੍ਰਿਕਟ ਦੇ ਕਪਤਾਨਾਂ ਦਾ ਕਪਤਾਨ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ।
ਆਈਪੀਐੱਲ-2025 ਦੀ ਟਰਾਫੀ ਜਿੱਤਣ ਲਈ ਉਹ ਆਰਸੀਬੀ ਦਾ ਅੰਗ ਬਣ ਕੇ 18 ਸਾਲਾਂ ਤੋਂ ਜੂਝ ਰਿਹਾ ਸੀ। ਚਾਰ ਵਾਰ ਉਨ੍ਹਾਂ ਦੀ ਟੀਮ ਫਾਈਨਲ ਵਿੱਚ ਪਹੁੰਚੀ। ਫਾਈਨਲ ਵਿੱਚ ਮੁਕਾਬਲਾ ਪੰਜਾਬ ਕਿੰਗਜ਼ ਦੀ ਟੀਮ ਨਾਲ ਸੀ ਜੋ ਬੜਾ ਫਸਵਾਂ ਹੋਇਆ। ਪੰਜਾਬ ਕਿੰਗਜ਼ ਦੀ ਟੀਮ ਮੈਚ ਜਿੱਤਦੀ-ਜਿੱਤਦੀ ਕੇਵਲ 6 ਦੌੜਾਂ 'ਤੇ ਹਾਰ ਗਈ। ਆਖ਼ਰ 18 ਸਾਲਾਂ ਦੀ ਲੰਮੀ ਉਡੀਕ ਬਾਅਦ ਆਈਪੀਐੱਲ ਦੀ ਟਰਾਫੀ ਕੋਹਲੀ ਹੋਰਾਂ ਦੇ ਹੱਥ ਆਈ ਜਿਸ ਨੂੰ ਵਰ੍ਹਿਆਂ ਤੋਂ ਵਿੱਛੜੇ ਮਹਿਬੂਬ ਵਾਂਗ ਉਸ ਨੇ ਚੁੰਮਿਆ ਤੇ ਬੇਹੱਦ ਭਾਵੁਕ ਹੋਇਆ। ਉਹਦੀਆਂ ਅੱਖਾਂ 'ਚ ਮਸੀਂ ਮਿਲੇ ਮਹਿਬੂਬ ਵਾਂਗ ਹੰਝੂਆਂ ਦੇ ਹੜ੍ਹ ਵੀ ਆਏ ਤੇ ਹੱਸਦੇ ਦੇ ਮੁੱਖੋਂ ਖ਼ੁਸ਼ੀਆਂ ਦੇ ਮੋਤੀ ਵੀ ਝੜਦੇ ਦਿਸੇ। ਵਿਰਾਟ ਕੋਹਲੀ ਨੇ ਇਸ ਇਤਿਹਾਸਕ ਜਿੱਤ ਤੋਂ ਬਾਅਦ ਭਾਵੁਕ ਹੁੰਦਿਆਂ ਕਿਹਾ ਸੀ, "ਇਹ ਜਿੱਤ ਮੇਰੇ ਲਈ ਖ਼ਾਸ ਹੈ। ਇਹ ਸਿਰਫ਼ ਇੱਕ ਟੀਮ ਦੀ ਜਿੱਤ ਨਹੀਂ ਬਲਕਿ ਸਾਰੇ ਆਰਸੀਬੀ ਪਰਿਵਾਰ ਦੀ ਜਿੱਤ ਹੈ। ਮੇਰੀ 18 ਸਾਲ ਦੀ ਤਪੱਸਿਆ ਸਫਲ ਹੋਈ ਹੈ। ਅੱਜ ਦੀ ਰਾਤ ਮੈਂ ਬੱਚੇ ਵਾਂਗ ਬੇਫਿਕਰ ਸੌਵਾਂਗਾ।" ਉਸ ਨੇ ਆਪਣੇ ਸਾਥੀ ਖਿਡਾਰੀਆਂ, ਕੋਚਿੰਗ ਸਟਾਫ ਤੇ ਹਰ ਰੋਜ਼ ਹੌਸਲਾ ਦੇਣ ਵਾਲੇ ਦਰਸ਼ਕਾਂ ਦਾ ਵੀ ਤਹਿਦਿਲੋਂ ਧੰਨਵਾਦ ਕੀਤਾ।
4 ਜੂਨ 2025 ਦੀ ਡੂੰਘੀ ਸ਼ਾਮ ਤੇ ਰੰਗੀਨ ਰਾਤ ਨੂੰ ਜੋ ਦ੍ਰਿਸ਼ ਅਹਿਮਦਾਬਾਦ ਦੇ ਕ੍ਰਿਕਟ ਸਟੇਡੀਅਮ ਵਿੱਚ ਵੇਖਣ ਨੂੰ ਮਿਲੇ ਉਹ ਦੇਰ ਤੱਕ ਨਹੀਂ ਭੁੱਲ ਸਕਣਗੇ। ਤੇ ਨਾ ਉਹ ਦੁਖਾਂਤ ਭੁੱਲੇਗਾ ਜਦੋਂ ਆਰਸੀਬੀ ਦੀ ਟੀਮ ਦਾ ਸਵਾਗਤ ਕਰਨ ਲਈ ਬੰਗਲੂਰੂ ਦੇ ਚਿੰਨਾਸਵਾਮੀ ਸਟੇਡੀਅਮ ਮੂਹਰੇ ਬੇਮੁਹਾਰੀਆਂ ਭੀੜਾਂ 'ਚ ਧੱਕਾ ਪਿਆ ਤੇ 11 ਜਣੇ ਅਣਿਆਈ ਮੌਤ ਮਾਰੇ ਗਏ। ਜਿਵੇਂ ਜਿੱਤ ਦੀ ਖ਼ੁਸੀ ਮਿਲੀ ਸੀ ਉਵੇਂ ਕ੍ਰਿਕਟ ਦੇ ਭਮੱਕੜਾਂ ਦੀ ਅਣਿਆਈ ਮੌਤ ਨਾਲ ਗ਼ਮੀ ਵੀ ਓਨੀ ਹੀ ਹੋਈ। ਵਿਰਾਟ ਕੋਹਲੀ ਨੇ ਵਿੱਛੜ ਗਿਆਂ ਦਾ ਦੁੱਖ ਵੰਡਾਇਆ ਤੇ ਆਪਣੀ ਟੀਮ ਵੱਲੋਂ ਸ਼ਰਧਾਂਜਲੀ ਭੇਟ ਕੀਤੀ।
ਫਿਰ ਆਈਪੀਐੱਲ-2026 'ਚ ਲਗਾਤਾਰ ਦੂਜੀ ਵਾਰ ਰਾਇਲ ਚੈਲੰਜਰਜ਼ ਬੰਗਲੂਰੂ ਵੱਲੋਂ ਟਰਾਫੀ ਜਿੱਤਣਾ ਕੋਹਲੀ ਦਾ ਹੋਰ ਵੱਡਾ ਕਮਾਲ ਸੀ। ਕੋਹਲੀ ਦੀ ਸਫਲਤਾ ਸਿਰਫ਼ ਦੌੜਾਂ ਬਣਾਉਣ ਤੱਕ ਹੀ ਨਹੀਂ, ਗੇਂਦਬਾਜ਼ੀ ਕਰਨ ਜਾਂ ਕੈਚ ਲੈਣ ਤਾਈਂ ਹੀ ਨਹੀਂ ਬਲਕਿ ਇੱਕ ਆਦਰਸ਼ਕ ਖਿਡਾਰੀ ਦੇ ਸਾਲਾਂ-ਬੱਧੀ ਜੂਝਦੇ ਰਹਿਣ ਦੀ ਮਾਣ-ਮੱਤੀ ਗਾਥਾ ਹੈ ਜਿਸ ਨੇ ਲੱਖਾਂ ਲੋਕਾਂ ਦੇ ਦਿਲਾਂ ਵਿੱਚ ਹਿੰਮਤ ਤੇ ਹੌਸਲੇ ਦੀ ਅੱਗ ਬਾਲੀ। ਕਈ ਇਸ ਨੂੰ ਵਿਰਾਟ ਕੋਹਲੀ ਦੀ ਸੰਪੂਰਨ ਜਿੱਤ ਅਤੇ ਉਹਦੀ ਸਫਲ ਖੇਡ ਯਾਤਰਾ ਮੰਨਣ ਲੱਗ ਪਏ ਸਨ। ਅਜੇ ਵੀ ਵਿਰਾਟ ਕੋਹਲੀ ਅੰਦਰ ਅੱਗ ਮਘ ਰਹੀ ਹੈ, ਵੇਖਦੇ ਹਾਂ ਕਦੋਂ ਤੱਕ ਮਘਦੀ ਹੈ?
ਈ-ਮੇਲ: principalsarwansingh@gmail.com
