Dailyhunt Logo
  • Light mode
    Follow system
    Dark mode
    • Play Story
    • App Story

ਕੰਪਿਊਟਰ ਅਧਿਆਪਕ ਸਰਕਾਰ ਖ਼ਿਲਾਫ਼ ਗਰਜੇ

ਕਰਮਜੀਤ ਸਿੰਘ ਚਿੱਲਾ ਕੰਪਿਊਟਰ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਅੱਜ ਸਿੱਖਿਆ ਵਿਭਾਗ ਦੇ ਮੁਹਾਲੀ ਵਿਚਲੇ ਡੀ ਜੀ ਐੱਸ ਈ ਦਫ਼ਤਰ ਦਾ ਤਿੰਨ ਘੰਟੇ ਘਿਰਾਓ ਕੀਤਾ ਗਿਆ। ਇਸ ਦੌਰਾਨ ਪੰਜਾਬ ਭਰ ਤੋਂ ਆਏ ਕੰਪਿਊਟਰ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਧਰਨੇ ਤੋਂ ਬਾਅਦ ਕੰਪਿਊਟਰ ਅਧਿਆਪਕਾਂ ਨੇ ਚੰਡੀਗੜ੍ਹ ਵੱਲ ਕੂਚ ਕੀਤਾ ਪਰ ਚੰਡੀਗੜ੍ਹ ਪੁਲੀਸ ਵੱਲੋਂ ਕੀਤੀ ਗਈ ਬੈਰੀਕੇਡਿੰਗ ਅਤੇ ਭਾਰੀ ਪੁਲੀਸ ਫੋਰਸ ਕਾਰਨ ਕੰਪਿਊਟਰ ਅਧਿਆਪਕ ਚੰਡੀਗੜ੍ਹ ਵਿੱਚ ਦਾਖ਼ਲ ਨਹੀਂ ਹੋ ਸਕੇ।

ਅਧਿਆਪਕਾਂ ਅਤੇ ਪੁਲੀਸ ਦਰਮਿਆਨ ਕੁਝ ਸਮਾਂ ਖਿੱਚੋਤਾਣ ਚੱਲਦੀ ਰਹੀ, ਪਰ ਇਸ ਮਗਰੋਂ ਕੰਪਿਊਟਰ ਅਧਿਆਪਕਾਂ ਨੇ ਚੰਡੀਗੜ੍ਹ ਸਰਹੱਦ ਦੇ ਨੇੜੇ ਪੰਜਾਬ ਵਾਲੇ ਪਾਸੇ ਹੀ ਧਰਨਾ ਲਾ ਦਿੱਤਾ। ਪੁਲੀਸ ਅਤੇ ਪ੍ਰਸ਼ਾਸਨ ਵੱਲੋਂ ਯੂਨੀਅਨ ਦੀ ਤਿੰਨ ਜੂਨ ਨੂੰ ਸਬ-ਕਮੇਟੀ ਨਾਲ ਮੀਟਿੰਗ ਤੈਅ ਕਰਵਾਉਣ ਤੋਂ ਬਾਅਦ ਅਧਿਆਪਕਾਂ ਨੇ ਇਹ ਧਰਨਾ ਖ਼ਤਮ ਕਰ ਦਿੱਤਾ। ਰੈਲੀ ਵਿੱਚ ਯੂਨੀਅਨ ਆਗੂਆਂ ਗੁਰਵਿੰਦਰ ਸਿੰਘ ਤਰਨ ਤਾਰਨ, ਜੋਨੀ ਸਿੰਗਲਾ, ਹਰਜੀਤ ਸਿੰਘ, ਨਰਦੀਪ ਸ਼ਰਮਾ, ਹਰਪ੍ਰੀਤ ਸਿੰਘ, ਸੁਨੀਤ ਸਰੀਨ, ਅਨਿਲ ਐਰੀ, ਪਰਮਿੰਦਰ ਸਿੰਘ ਅਤੇ ਗਗਨਦੀਪ ਸਿੰਘ ਨੇ ਕਿਹਾ ਕਿ ਸੂਬੇ ਦੇ 6640 ਕੰਪਿਊਟਰ ਅਧਿਆਪਕਾਂ ਨੂੰ 2 ਦਸੰਬਰ 2010 ਵਿੱਚ ਰਾਜਪਾਲ ਦੀ ਪ੍ਰਵਾਨਗੀ ਨਾਲ ਪੰਜਾਬ ਸਰਕਾਰ ਵੱਲੋਂ ਜਾਰੀ ਰੈਗੂਲਰ ਨੋਟੀਫਿਕੇਸ਼ਨ ਅਤੇ 2011 ਵਿੱਚ ਰੈਗੂਲਰ ਨਿਯੁਕਤੀ ਪੱਤਰ ਮਿਲਣ ਦੇ ਬਾਵਜੂਦ ਹਾਲੇ ਤੱਕ ਸੁਸਾਇਟੀ (ਪਿਕਟਸ) ਦੇ ਨਾਂ ਹੇਠ ਹੀ ਰੱਖਿਆ ਹੋਇਆ ਹੈ। ਅਧਿਆਪਕਾਂ ਨੇ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਦੀਆਂ ਮੰਗਾਂ ਪ੍ਰਵਾਨ ਨਾ ਹੋਈਆਂ ਤਾਂ ਉਹ ਤਿੱਖਾ ਸੰਘਰਸ਼ ਵਿੱਢਣ ਤੋਂ ਗੁਰੇਜ਼ ਨਹੀਂ ਕਰਨਗੇ।

Dailyhunt
Disclaimer: This content has not been generated, created or edited by Dailyhunt. Publisher: Punjabi Tribune