ਬਰਤਾਨਵੀ ਸਿੱਖ ਸਮੂਹਾਂ ਨੇ ਯੂ ਕੇ ਵਿੱਚ ਕਿਰਪਾਨ 'ਤੇ ਪਾਬੰਦੀ ਲਾਉਣ ਦੀ ਮੰਗ ਦਾ ਵਿਰੋਧ ਕੀਤਾ ਹੈ। ਬ੍ਰਿਟਿਸ਼ ਸਿੱਖ ਜਥੇਬੰਦੀਆਂ ਨੇ ਚਿਤਾਵਨੀ ਦਿੱਤੀ ਕਿ ਧਾਰਮਿਕ ਚਿੰਨ੍ਹ ਵਜੋਂ ਚਾਕੂ ਰੱਖਣ ਦਾ ਦਾਅਵਾ ਕਰਨ ਵਾਲੇ ਕਿਸੇ ਵਿਅਕਤੀ ਨੂੰ ਕਤਲ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਯੂ ਕੇ ਵਿੱਚ ਕਿਰਪਾਨ 'ਤੇ ਪਾਬੰਦੀ ਲਾਉਣ ਦੀਆਂ ਮੰਗਾਂ ਇਸ ਅਪਰਾਧੀ ਦੀ ਕਾਰਵਾਈ ਲਈ ਪੂਰੇ ਭਾਈਚਾਰੇ ਨੂੰ ਨਾਜਾਇਜ਼ ਨਿਸ਼ਾਨਾ ਬਣਾ ਰਹੀਆਂ ਹਨ।
ਵਿਕਰਮ ਦਿਗਵਾ (23) ਨੂੰ ਪਿਛਲੇ ਸਾਲ ਦਸੰਬਰ ਵਿੱਚ 21 ਸੈਂਟੀਮੀਟਰ ਦੇ ਖੰਜਰ ਨਾਲ ਹੈਨਰੀ ਨੋਵਾਕ (18) ਦਾ ਬੇਰਹਿਮੀ ਨਾਲ ਕਤਲ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਵੀਰਵਾਰ ਨੂੰ ਸਾਊਥੈਂਪਟਨ ਕਰਾਊਨ ਕੋਰਟ ਵਿੱਚ ਉਸ ਦੀ ਮਾਂ ਕਿਰਨ ਕੌਰ (53) ਨੂੰ ਵੀ ਅਪਰਾਧੀ ਦੀ ਮਦਦ ਕਰਨ ਦਾ ਦੋਸ਼ੀ ਕਰਾਰ ਦਿੱਤਾ ਗਿਆ।
ਮੁਕੱਦਮੇ ਦੌਰਾਨ ਦਿਗਵਾ ਨੇ ਕਤਲ ਦੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਦਾਅਵਾ ਕੀਤਾ ਸੀ ਕਿ ਉਸ ਨੇ ਆਤਮ-ਰੱਖਿਆ ਵਿੱਚ ਚਾਕੂ ਦੀ ਵਰਤੋਂ ਕੀਤੀ ਸੀ, ਜੋ ਉਹ ਧਾਰਮਿਕ ਚਿੰਨ੍ਹ ਵਜੋਂ ਆਪਣੇ ਕੋਲ ਰੱਖਦਾ ਸੀ। ਇਸ ਮਾਮਲੇ ਨੇ ਕਿਰਪਾਨ ਨੂੰ ਸੁਰਖ਼ੀਆਂ ਵਿੱਚ ਲਿਆ ਦਿੱਤਾ ਹੈ ਅਤੇ ਰੀਸਟੋਰ ਬ੍ਰਿਟੇਨ ਵਰਗੀਆਂ ਸੱਜੇ-ਪੱਖੀ ਪਾਰਟੀਆਂ ਕਿਰਪਾਨ 'ਤੇ ਪਾਬੰਦੀ ਲਾਉਣ ਦੀ ਮੰਗ ਕਰ ਰਹੀਆਂ ਹਨ।
ਸਿਟੀ ਸਿੱਖਜ਼ ਫਾਊਂਡੇਸ਼ਨ ਨੇ ਬਿਆਨ ਵਿੱਚ ਕਿਹਾ ਕਿ ਕਿਸੇ ਵਿਅਕਤੀ ਦੇ ਕੰਮਾਂ ਨੂੰ ਕਦੇ ਵੀ ਅਤੇ ਕਿਸੇ ਵੀ ਹਾਲਤ ਵਿੱਚ ਪੂਰੇ ਧਾਰਮਿਕ ਭਾਈਚਾਰੇ ਨੂੰ ਪਰਿਭਾਸ਼ਿਤ ਕਰਨ ਲਈ ਨਹੀਂ ਵਰਤਿਆ ਜਾਣਾ ਚਾਹੀਦਾ। ਸਿੱਖ ਸੰਸਥਾ ਨੇ ਪੀੜਤ ਪਰਿਵਾਰ ਨਾਲ ਹਮਦਰਦੀ ਜ਼ਾਹਿਰ ਕਰਦਿਆਂ ਕਤਲ ਲਈ ਜ਼ਿੰਮੇਵਾਰ ਮੁਲਜ਼ਮ ਦੀ ਕਾਰਵਾਈ ਦੀ ਨਿਖੇਧੀ ਕੀਤੀ ਹੈ।
