ਸਥਾਨਕ ਨਗਰ ਕੌਂਸਲ ਦੀਆਂ ਚੋਣਾਂ ਦੇ ਨਤੀਜੇ ਅੱਜ ਐਲਾਨੇ ਗਏ। ਸ਼ਹਿਰ ਦੇ 17 ਵਾਰਡਾਂ ਵਿੱਚੋਂ 6 ਸੀਟਾਂ ਹਾਸਲ ਕਰ ਕੇ ਸੱਤਾਧਾਰੀ 'ਆਪ' ਸਭ ਵੱਡੀ ਪਾਰਟੀ ਬਣੀ ਪਰ ਬਹੁਮਤ ਹਾਸਲ ਕਰਨ ਵਿੱਚ ਸਫ਼ਲ ਨਹੀਂ ਹੋ ਸਕੀ। ਪਿਛਲੇ ਪੰਜ ਸਾਲ ਕੌਂਸਲ ਦੀ ਪ੍ਰਧਾਨਗੀ ਕਰਨ ਵਾਲੀ ਕਾਂਗਰਸ ਨੂੰ ਪੰਜ ਸੀਟਾਂ ਮਿਲੀਆਂ ਜਦਕਿ ਅਕਾਲੀ ਦਲ ਤੇ ਭਾਜਪਾ ਦੇ ਹਿੱਸੇ ਇੱਕ-ਇੱਕ ਸੀਟ ਆਈ।
ਚਾਰ ਆਜ਼ਾਦ ਉਮੀਦਵਾਰ ਜਿੱਤ ਹਾਸਲ ਕਰਨ ਵਿੱਚ ਸਫ਼ਲ ਰਹੇ ਹਨ।
ਸਥਾਨਕ ਨਗਰ ਕੌਂਸਲ ਦੇ ਕਮਿਊਨਿਟੀ ਸੈਂਟਰ ਵਿੱਚ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਹੋਇਆ। ਪਹਿਲੇ ਗੇੜ ਵਿੱਚ 11 ਵਾਰਡਾਂ ਦੀ ਗਿਣਤੀ ਕੀਤੀ ਗਈ ਜਦਕਿ ਦੂਜੇ ਗੇੜ ਵਿੱਚ ਛੇ ਵਾਰਡਾਂ ਦੀ ਗਿਣਤੀ ਕੀਤੀ ਗਈ। ਨਤੀਜਿਆਂ ਵਿਚੋਂ ਵਾਰਡ ਨੰਬਰ 1 ਤੇ 2 'ਚੋਂ ਕ੍ਰਮਵਾਰ ਕਾਂਗਰਸ ਦੀ ਸ਼ਾਲੂ ਧੀਮਾਨ ਅਤੇ ਭਾਰਤ ਭੂਸ਼ਨ, ਵਾਰਡ ਨੰਬਰ 3 ਅਤੇ 4 ਤੋਂ ਦੋਵੇਂ ਆਜ਼ਾਦ ਉਮੀਦਵਾਰ ਕ੍ਰਮਵਾਰ ਸ਼ਮ੍ਹਾਂ ਕਾਲੀਆ ਅਤੇ ਅਸ਼ੀਸ਼ ਕੁਮਾਰ, ਵਾਰਡ ਨੰਬਰ 5 ਅਤੇ 6 ਤੋਂ 'ਆਪ' ਦੇ ਉਮੀਦਵਾਰ ਹਰਪ੍ਰੀਤ ਕੌਰ ਅਤੇ ਬਹਾਦਰ ਸਿੰਘ ਓਕੇ, ਵਾਰਡ 7 ਤੋਂ ਕੁਲਵੰਤ ਕੌਰ (ਆਜ਼ਾਦ) ਅਤੇ ਵਾਰਡ ਨੰਬਰ 8 ਤੋਂ ਅਕਾਲੀ ਦਲ ਦੇ ਪਰਦੀਪ ਰੂੜਾ, ਵਾਰਡ ਨੰਬਰ 9 'ਚੋਂ 'ਆਪ' ਦੀ ਉਮੀਦਵਾਰ ਨੀਰਜ ਰਾਠੌਰ, ਵਾਰਡ ਨੰਬਰ 10 ਤੋਂ ਡਾ. ਅਸ਼ਵਨੀ ਸ਼ਰਮਾ, ਵਾਰਡ ਨੰਬਰ 11 ਤੋਂ 'ਆਪ' ਦੀ ਮਹਿੰਦਰ ਕੌਰ, ਵਾਰਡ ਨੰਬਰ 12 ਤੋਂ ਆਜ਼ਾਦ ਉਮੀਦਵਾਰ ਖੁਸ਼ਬੀਰ ਸਿੰਘ, ਵਾਰਡ ਨੰਬਰ 13 ਤੋਂ ਕਾਂਗਰਸ ਦੀ ਨੀਤੀ ਕਾਲੀਆ, ਵਾਰਡ ਨੰਬਰ 14 ਤੋਂ ਕਾਂਗਰਸ ਦੇ ਦਿਨੇਸ਼ ਗੌਤਮ, ਵਾਰਡ ਨੰਬਰ 15 ਤੋਂ ਭਾਜਪਾ ਦੀ ਕਰਮਜੀਤ ਕੌਰ, ਵਾਰਡ ਨੰਬਰ 16 ਤੋਂ 'ਆਪ' ਦਾ ਜੀਤਾ ਅਤੇ ਵਾਰਡ ਨੰਬਰ 17 ਤੋਂ ਕਾਂਗਰਸ ਦੇ ਰਾਜੇਸ਼ ਰਾਠੌਰ ਜੇਤੂ ਰਹੇ। ਵਾਰਡ ਨੰਬਰ 6 ਵਿੱਚ ਬਹਾਦਰ ਸਿੰਘ ਓਕੇ ਆਪਣੇ ਵਿਰੋਧੀ ਕਾਂਗਰਸ ਦੇ ਉਮੀਦਵਾਰ ਰਣਜੀਤ ਸਿੰਘ ਨੂੰ 316 ਵੋਟਾਂ ਨਾਲ ਹਰਾ ਕੇ ਦੂਜੀ ਵਾਰ ਕੌਂਸਲਰ ਬਣੇ।
