ਬਹਾਦਰਜੀਤ ਸਿੰਘ ਕਾਠਗੜ੍ਹ ਪੁਲੀਸ ਨੇ ਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ, ਪੰਜਾਬ ਦੇ ਸਾਬਕਾ ਚਾਂਸਲਰ ਡਾ. ਸੰਦੀਪ ਸਿੰਘ ਕੌੜਾ ਖ਼ਿਲਾਫ਼ ਵਿੱਤੀ ਬੇਨਿਯਮੀਆਂ ਅਤੇ ਯੂਨੀਵਰਸਿਟੀ ਫੰਡਾਂ ਦੀ ਦੁਰਵਰਤੋਂ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਇਹ ਕੇਸ ਯੂਨੀਵਰਸਿਟੀ ਦੇ ਮਾਲਕ ਅਤੇ ਪ੍ਰਮੋਟਰ ਨਿਰਮਲ ਸਿੰਘ ਰਿਆਤ ਦੀ ਸ਼ਿਕਾਇਤ 'ਤੇ ਬੀ ਐੱਨ ਐੱਸ ਦੀ ਧਾਰਾ 316(4) ਅਤੇ 318(4) ਤਹਿਤ ਦਰਜ ਕੀਤਾ ਗਿਆ ਹੈ।
ਸ਼ਿਕਾਇਤ ਅਨੁਸਾਰ ਮੁਲਜ਼ਮ ਨੇ ਯੂਨੀਵਰਸਿਟੀ ਵਿੱਚ ਆਪਣੇ ਕਾਰਜਕਾਲ ਦੌਰਾਨ ਕਥਿਤ ਤੌਰ 'ਤੇ ਤਕਰੀਬਨ 13.46 ਕਰੋੜ ਰੁਪਏ ਦੇ ਕਾਗਜ਼ੀ ਲੈਣ-ਦੇਣ ਕੀਤੇ ਅਤੇ ਤਕਰੀਬਨ 36 ਕਰੋੜ ਰੁਪਏ ਦੀਆਂ ਕਥਿਤ ਵਿੱਤੀ ਗੜਬੜੀਆਂ ਕੀਤੀਆਂ ਸਨ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਰਾਸ਼ਟਰੀ ਹੁਨਰ ਵਿਕਾਸ ਨਿਗਮ (ਐੱਨ ਐੱਸ ਡੀ ਸੀ), ਨਵੀਂ ਦਿੱਲੀ ਤੋਂ ਪ੍ਰਾਪਤ 5 ਕਰੋੜ ਰੁਪਏ ਵਿੱਚੋਂ 1.10 ਕਰੋੜ ਰੁਪਏ ਦੀ ਰਕਮ ਯੂਨੀਵਰਸਿਟੀ ਦੇ ਬੈਂਕ ਖਾਤੇ ਤੋਂ ਨਿੱਜੀ ਬੈਂਕ ਖਾਤੇ ਵਿੱਚ ਕਥਿਤ ਤੌਰ 'ਤੇ ਤਬਦੀਲ ਕੀਤੀ ਗਈ ਸੀ। ਸ਼ਿਕਾਇਤਕਰਤਾ ਨੇ ਯੂਨੀਵਰਸਿਟੀ ਕੈਂਪਸ ਨਾਲ ਲਗਦੀ 51 ਕਨਾਲ ਅਤੇ 19 ਮਰਲੇ ਜ਼ਮੀਨ ਦੀ ਖਰੀਦ ਵਿੱਚ ਬੇਨਿਯਮੀਆਂ ਦਾ ਵੀ ਦੋਸ਼ ਲਾਇਆ ਹੈ। ਪੁਲੀਸ ਅਨੁਸਾਰ ਇਸ ਮਾਮਲੇ ਦੀ ਜਾਂਚ ਏ ਐੱਸ ਆਈ ਸੰਦੀਪ ਕੁਮਾਰ ਨੂੰ ਸੌਂਪੀ ਗਈ ਹੈ, ਜਿਨ੍ਹਾਂ ਮਾਮਲੇ ਨਾਲ ਜੁੜੇ ਵਿੱਤੀ ਰਿਕਾਰਡਾਂ ਅਤੇ ਹੋਰ ਦਸਤਾਵੇਜ਼ੀ ਸਬੂਤਾਂ ਦੀ ਪੜਚੋਲ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਜਾਂਚ ਅੱਗੇ ਵਧਣ ਦੇ ਨਾਲ-ਨਾਲ ਹੋਰ ਧਾਰਾਵਾਂ ਜੋੜੀਆਂ ਜਾ ਸਕਦੀਆਂ ਹਨ।
