ਪੰਜਾਬ ਵਿੱਚ ਔੜ ਵਰਗੀ ਸਥਿਤੀ ਤੋਂ ਉਸ ਵੇਲੇ ਛੁਟਕਾਰਾ ਮਿਲਿਆ ਜਦੋਂ ਲਗਾਤਾਰ ਪੈ ਰਹੀ ਭਾਰੀ ਗਰਮੀ ਤੋਂ ਬਾਅਦ ਅੱਜ ਸਵੇਰੇ ਦਰਮਿਆਨੇ ਦਰਜੇ ਦਾ ਮੀਂਹ ਪੈਣ ਲੱਗਿਆ। ਮੌਸਮ ਦਾ ਮਿਜ਼ਾਜ ਬਦਲਣ ਨਾਲ ਲੋਕਾਂ ਨੂੰ ਗਰਮੀ ਤੋਂ ਭਾਰੀ ਰਾਹਤ ਮਿਲੀ ਹੈ। ਮਾਲਵੇ ਖੇਤਰ ਦੇ ਬਹੁਤੇ ਜ਼ਿਲ੍ਹਿਆਂ ਵਿੱਚ ਤੜਕੇ ਮੀਂਹ ਅਤੇ ਕਣੀਆਂ ਤੋਂ ਬਾਅਦ ਚੱਲੀਆਂ ਤੇਜ਼ ਹਵਾਵਾਂ ਨੇ ਪਾਰੇ ਨੂੰ ਹੇਠਾਂ ਸੁੱਟ ਦਿੱਤਾ ਹੈ।
ਲੋਕਾਂ ਨੂੰ ਅੱਜ ਜਿੱਥੇ ਠੰਡੀਆਂ ਹਵਾਵਾਂ ਨੇ ਰਾਹਤ ਦਿੱਤੀ ਹੈ, ਉਥੇ ਲੋਕਾਂ ਦੀ ਘਰਾਂ 'ਚ ਬਾਹਰ ਨਿਕਲਣ ਦੀ ਚਹਿਲ ਕਦਮੀ ਆਮ ਨਾਲੋਂ ਜ਼ਿਆਦਾ ਸੀ।
ਗ੍ਰਾਮੀਣ ਕ੍ਰਿਸ਼ੀ ਮੌਸਮ ਸੇਵਾ (ਭਾਰਤੀ ਮੌਸਮ ਵਿਭਾਗ) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮੀ ਸਲਾਹ ਬੁਲੇਟਿਨ ਅਨੁਸਾਰ ਅਗਲੇ ਦੋ-ਤਿੰਨ ਦਿਨ ਹਲਕੀ ਤੋਂ ਦਰਮਿਆਨੀ ਬਾਰਸ਼ ਦੀ ਸੰਭਾਵਨਾ ਹੈ। ਰਿਪੋਰਟ ਮੁਤਾਬਕ ਮਾਲਵਾ ਖੇਤਰ ਵਿੱਚ ਮੌਨਸੂਨ ਨੇ ਦਸਤਕ ਦੇ ਦਿੱਤੀ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਦੇ ਵਿਗਿਆਨੀ ਨੇ ਦੱਸਿਆ ਕਿ ਮੌਸਮ ਦੇ ਇਸ ਬਦਲੇ ਮਿਜ਼ਾਜ ਦਾ ਸ਼ਹਿਰੀ ਲੋਕਾਂ ਨੇ ਖੂਬ ਲੁਤਫ਼ ਲਿਆ, ਜਦੋਂ ਕਿ ਪੇਂਡੂ ਖੇਤਰ ਵਿੱਚ ਅੱਜ ਝੋਨਾ ਲਾਉਣ ਖੇਤਾਂ ਵਿੱਚ ਖੂਬ ਰੌਣਕ ਮੇਲਾ ਲੱਗਿਆ ਰਿਹਾ।
ਉਨ੍ਹਾਂ ਦੱਸਿਆ ਕਿ ਮੌਸਮ ਮਹਿਕਮੇ ਅਨੁਸਾਰ ਦੋ ਦਿਨ ਮਾਲਵਾ ਪੱਟੀ ਵਿੱਚ ਬੱਦਲ ਛਾਏ ਰਹਿਣਗੇ ਅਤੇ ਮਾਨਸੂਨ ਨਾਲ ਕਿਤੇ ਮੋਟੀਆਂ ਅਤੇ ਕਿਤੇ ਹਲਕੀਆਂ ਕਣੀਆਂ ਜਾਰੀ ਰਹਿਣਗੀਆਂ। ਮੀਂਹ ਤੋਂ ਮਗਰੋਂ ਨਰਮਾ, ਮੱਕੀ, ਪਸ਼ੂਆਂ ਦਾ ਹਰਾ-ਚਾਰਾ, ਸਬਜ਼ੀਆਂ ਅਤੇ ਬਾਗਾਂ ਵਿੱਚ ਰੌਣਕ ਪਰਤ ਆਈ ਹੈ।
