ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਲੁਧਿਆਣਾ ਦੀ ਮੀਟਿੰਗ ਪਿੰਡ ਮਾਣੂੰਕੇ ਵਿੱਚ ਜਗਰੂਪ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਸਾਧੂ ਸਿੰਘ ਅੱਚਰਵਾਲ ਤੇ ਜ਼ਿਲ੍ਹਾ ਸਕੱਤਰ ਬਲਵਿੰਦਰ ਸਿੰਘ ਕੋਠੇ ਪੋਨਾ ਨੇ ਦੱਸਿਆ ਕਿ ਸਯੁੰਕਤ ਕਿਸਾਨ ਮੋਰਚੇ ਵਲੋਂ ਕਿਸਾਨੀ ਮੁਦਿਆਂ 'ਤੇ ਪੰਜਾਬ ਭਰ ਵਿੱਚ 6 ਅਪਰੈਲ ਨੂੰ ਮੁੱਖ ਜ਼ਿਲ੍ਹਾ ਅਧਿਕਾਰੀਆਂ ਦੇ ਦਫ਼ਤਰ ਅੱਗੇ ਧਰਨੇ ਦਿੱਤੇ ਜਾਣਗੇ।
ਉਨ੍ਹਾਂ ਕਿਹਾ ਕਿ ਸੀਡ ਬਿੱਲ, ਸਮਾਰਟ ਮੀਟਰ ਤੇ ਮੋਦੀ ਸਰਕਾਰ ਵਲੋਂ ਲਿਆਂਦੇ ਨਵੇਂ ਲੇਬਰ ਕੋਡ ਖ਼ਿਲਾਫ਼ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਦਿੱਤੇ ਜਾਣ ਵਾਲੇ ਧਰਨੇ ਵਿੱਚ ਜਥੇਬੰਦੀ ਦੇ ਕਾਰਕੁਨ ਵੱਧ ਚੜ੍ਹ ਕੇ ਸ਼ਮੂਲੀਅਤ ਕਰਨਗੇ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਮੰਡੀਆਂ ਵਿੱਚ ਕਿਸਾਨਾਂ ਦੇ ਅੰਗੂਠੇ ਦੇ ਨਿਸ਼ਾਨ ਲੈ ਕੇ ਫ਼ਸਲ ਖਰੀਦ ਰਹੀ ਹੈ ਤੇ ਬਹੁਤ ਸਾਰੇ ਕਿਸਾਨਾਂ ਦੇ ਅੰਗੂਠੇ ਦੇ ਨਿਸ਼ਾਨ ਨਹੀਂ ਆ ਰਹੇ, ਜਿਸ ਕਰ ਕੇ ਕਿਸਾਨਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ। ਇਸੇ ਤਰ੍ਹਾਂ ਪੰਜਾਬ ਵਿੱਚ ਵੀ ਆੜ੍ਹਤੀਆਂ ਦੀ ਹੜਤਾਲ ਚੱਲ ਰਹੀ ਹੈ। ਇਹ ਸਾਰੇ ਕਦਮ ਕਿਸਾਨਾਂ ਨੂੰ ਖੁਆਰ ਕਰਨ ਵਾਲੇ ਹਨ ਜਿਨ੍ਹਾਂ ਨੂੰ ਸੰਯੁਕਤ ਕਿਸਾਨ ਮੋਰਚੇ ਨਾਲ ਜੁੜੀਆਂ ਜਥੇਬੰਦੀਆਂ ਸਹਿਣ ਨਹੀਂ ਕਰਨਗੀਆਂ। ਕਣਕ ਦੀ ਆਮਦ ਤੋਂ ਪਹਿਲਾਂ ਮੰਡੀਆਂ ਵਿੱਚ ਖਰੀਦ ਸਣੇ ਸਾਰੇ ਪ੍ਰਬੰਧ ਮੁਕੰਮਲ ਕਰਨ 'ਤੇ ਜ਼ੋਰ ਦਿੱਤਾ ਗਿਆ। ਮੀਟਿੰਗ ਦੌਰਾਨ ਅਮਰੀਕਾ ਇਜ਼ਰਾਈਲ ਵਲੋਂ ਇਰਾਨ ਨਾਲ ਸ਼ੁਰੂ ਕੀਤੀ ਜੰਗ ਦਾ ਵਿਰੋਧ ਕੀਤਾ ਗਿਆ। ਇਸ ਮੌਕੇ ਮੀਤ ਪ੍ਰਧਾਨ ਰਮਨਜੀਤ ਝੋਰੜਾਂ, ਜਿੰਦਰ ਮਾਣੂੰਕੇ, ਗੁਰਮੇਲ ਸਿੰਘ ਰਸੂਲਪੁਰ, ਚਰਨਜੀਤ ਸਿੰਘ ਭੰਮੀਪੁਰਾ, ਤੇਜਾ ਸਿੰਘ ਪੱਬੀਆਂ, ਗੁਰਚਰਨ ਸਿੰਘ, ਸੁਖਦੇਵ ਸਿੰਘ ਚਕਰ, ਬਚਨ ਸਿੰਘ ਹਾਜ਼ਰ ਸਨ।
