Dailyhunt Logo
  • Light mode
    Follow system
    Dark mode
    • Play Story
    • App Story

Miri Piri Khalsa March: ਸਿੱਖਾਂ ਨਾਲ ਜੁੜੇ ਮਸਲਿਆਂ 'ਤੇ ਸਰਕਾਰ ਗੰਭੀਰ ਨਹੀਂ: ਜਥੇਦਾਰ

ਬੇਅਦਬੀ ਰੋਕੂ ਕਾਨੂੰਨ ਵਿੱਚ ਬਦਲਾਅ ਕਰਨ ਲਈ ਅਕਾਲ ਤਖ਼ਤ ਵੱਲੋਂ ਪੰਜਾਬ ਸਰਕਾਰ ਨੂੰ ਦਿੱਤਾ ਗਿਆ ਸਮਾਂ ਪੂਰਾ ਹੋ ਗਿਆ ਹੈ। ਸਰਕਾਰ ਵੱਲੋਂ ਮੁੜ ਕੋਈ ਰਾਬਤਾ ਨਾ ਕਰਨਾ ਉਸ ਦੀ ਸਿੱਖ ਭਾਵਨਾਵਾਂ ਪ੍ਰਤੀ ਗੈਰ-ਗੰਭੀਰਤਾ ਨੂੰ ਦਰਸਾਉਂਦਾ ਹੈ। ਇਹ ਪ੍ਰਗਟਾਵਾ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਮੋਗਾ ਵਿੱਚ ਮੀਰੀ ਪੀਰੀ ਖਾਲਸਾ ਮਾਰਚ ਦੌਰਾਨ ਕੀਤਾ।

ਉਨ੍ਹਾਂ ਕਿਹਾ ਕਿ ਸਿੱਖ ਕੌਮ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਾਨਤਾ ਅਤੇ ਸਿੱਖੀ ਦੇ ਸਿਧਾਂਤ ਸਰਵਉੱਚ ਹਨ। ਇਨ੍ਹਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਕਾਨੂੰਨੀ ਮਦਾਂ ਕਦੇ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ। ਸਰਕਾਰ ਨੂੰ ਇੱਕ ਮਹੀਨੇ ਦਾ ਸਮਾਂ ਦਿੱਤਾ ਗਿਆ ਸੀ ਪਰ ਉਸ ਦੀ ਚੁੱਪੀ ਚਿੰਤਾਜਨਕ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਗੁਰੂ ਦੀ ਗੋਲਕ, ਸੰਸਥਾਵਾਂ ਅਤੇ ਸਿਧਾਂਤਾਂ ਨੂੰ ਚੁਣੌਤੀ ਦੇਣ ਵਾਲਿਆਂ ਨੂੰ ਕੌਮ ਕਦੇ ਮੁਆਫ਼ ਨਹੀਂ ਕਰੇਗੀ। ਉਨ੍ਹਾਂ ਪੰਜਾਬ ਸਰਕਾਰ ਨੂੰ ਤੁਰੰਤ ਸੋਧਾਂ ਕਰ ਕੇ ਮਸਲੇ ਦਾ ਹੱਲ ਕੱਢਣ ਦੀ ਤਾਕੀਦ ਕੀਤੀ। ਰਵਾਨਗੀ ਤੋਂ ਪਹਿਲਾਂ ਸਮਾਗਮ ਵਿੱਚ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਪਰਵਿੰਦਰਪਾਲ ਸਿੰਘ ਨੇ ਸੰਗਤ ਨੂੰ ਇਤਿਹਾਸ ਨਾਲ ਜੋੜਿਆ। ਮਾਰਚ ਦੌਰਾਨ ਗੁਰੂ ਸਾਹਿਬਾਨ ਦੇ ਸ਼ਸਤਰਾਂ ਵਾਲੀ ਬੱਸ ਅਤੇ ਸ਼ਹੀਦਾਂ ਦੇ ਚਿੱਤਰ ਸੰਗਤ ਲਈ ਖਿੱਚ ਦਾ ਕੇਂਦਰ ਰਹੇ।

ਬਾਬਾ ਟੇਕ ਸਿੰਘ ਨੇ ਬੇਅਦਬੀ ਦੀ ਘਟਨਾ ਦਾ ਨੋਟਿਸ ਲਿਆ
ਬਠਿੰਡਾ (ਪੱਤਰ ਪ੍ਰੇਰਕ): ਪਿੰਡ ਕੋਟ ਭਾਈ ਵਿੱਚ ਗੁਰਦੁਆਰੇ ਤੋਂ ਗੁਟਕਾ ਸਾਹਿਬ ਚੁੱਕ ਕੇ ਮਿੱਟੀ ਵਿੱਚ ਦੱਬਣ ਦੀ ਘਟਨਾ ਦਾ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਨੇ ਗੰਭੀਰ ਨੋਟਿਸ ਲਿਆ ਹੈ। ਉਨ੍ਹਾਂ ਇਸ ਘਟਨਾ ਦੀ ਨਿਖੇਧੀ ਕਰਦਿਆਂ ਪੁਲੀਸ ਅਤੇ ਪ੍ਰਸ਼ਾਸਨ ਨੂੰ ਮੁਲਜ਼ਮਾਂ ਖ਼ਿਲਾਫ਼ ਤੁਰੰਤ ਸਖ਼ਤ ਕਾਨੂੰਨੀ ਕਾਰਵਾਈ ਕਰਨ ਲਈ ਕਿਹਾ। ਸਿੰਘ ਸਾਹਿਬ ਨੇ ਕਿਹਾ ਕਿ ਇਹ ਕੋਈ ਆਮ ਘਟਨਾ ਨਹੀਂ ਜਾਪਦੀ, ਸਗੋਂ ਇਸ ਪਿੱਛੇ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਢਾਹ ਲਾਉਣ ਦੀ ਡੂੰਘੀ ਸਾਜ਼ਿਸ਼ ਪ੍ਰਤੀਤ ਹੁੰਦੀ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਆਖਿਆ ਕਿ ਸਿਰਫ਼ ਬੱਚੇ ਨੂੰ ਫੜ ਕੇ ਮਾਮਲਾ ਰਫ਼ਾ-ਦਫ਼ਾ ਨਾ ਕੀਤਾ ਜਾਵੇ, ਸਗੋਂ ਪਿੱਛੇ ਲੁਕੇ ਅਸਲ ਮਾਸਟਰਮਾਈਂਡ ਬੇਨਕਾਬ ਕੀਤੇ ਜਾਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਮੁਲਜ਼ਮਾਂ ਨੂੰ ਮਿਸਾਲੀ ਸਜ਼ਾਵਾਂ ਨਾ ਮਿਲਣ 'ਤੇ ਸੰਗਤ ਦਾ ਰੋਸ ਵੱਡਾ ਰੂਪ ਧਾਰਨ ਕਰ ਸਕਦਾ ਹੈ। ਨਾਲ ਹੀ ਉਨ੍ਹਾਂ ਗੁਰਦੁਆਰਾ ਕਮੇਟੀਆਂ ਅਤੇ ਸੰਗਤਾਂ ਨੂੰ ਸੁਰੱਖਿਆ ਪ੍ਰਬੰਧ ਹੋਰ ਪੁਖ਼ਤਾ ਕਰਨ ਦੀ ਅਪੀਲ ਕੀਤੀ ਹੈ।

Dailyhunt
Disclaimer: This content has not been generated, created or edited by Dailyhunt. Publisher: Punjabi Tribune