Dailyhunt Logo
  • Light mode
    Follow system
    Dark mode
    • Play Story
    • App Story

Mississauga Car Theft: ਵਾਹਨ ਚੋਰੀ ਕਰਨ ਦੇ ਦੋਸ਼ ਹੇਠ ਪੰਜਾਬੀ ਸਣੇ ਦੋ ਕਾਬੂ

ਪੀਲ੍ਹ ਰਿਜਨਲ ਪੁਲੀਸ ਨੇ ਮਿਸੀਸਾਗਾ ਵਿੱਚ ਰਿਹਾਇਸ਼ੀ ਇਮਾਰਤਾਂ ਦੇ ਅੰਡਰਗਰਾਊਂਡ ਪਾਰਕਿੰਗ ਗਰਾਜਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਇੱਕ ਕਥਿਤ ਵਾਹਨ ਚੋਰ ਗਰੋਹ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਇੱਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਦੂਜੇ ਸ਼ੱਕੀ ਦੀ ਭਾਲ ਕੀਤੀ ਜਾ ਰਹੀ ਹੈ। ਪੁਲੀਸ ਨੇ ਦੋਵਾਂ ਖ਼ਿਲਾਫ਼ ਕੁੱਲ 44 ਅਪਰਾਧਿਕ ਕੇਸ ਦਰਜ ਕੀਤੇ ਹਨ। ਪੁਲੀਸ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਮਈ 2026 ਦੌਰਾਨ ਮਿਸੀਸਾਗਾ ਦੇ ਹੁਰਾਂਟਾਰੀਓ ਸਟਰੀਟ ਅਤੇ ਬਰਨਹੈਮਥੋਰਪ ਰੋਡ ਈਸਟ ਇਲਾਕੇ ਵਿੱਚ ਸਥਿਤ ਕਈ ਉੱਚੀਆਂ ਰਿਹਾਇਸ਼ੀ ਇਮਾਰਤਾਂ ਦੀਆਂ ਅੰਡਰਗਰਾਊਂਡ ਪਾਰਕਿੰਗ ਵਿੱਚ ਵਾਹਨ ਚੋਰੀਆਂ ਅਤੇ ਚੋਰੀ ਦੀਆਂ ਕੋਸ਼ਿਸ਼ਾਂ ਦੀ ਲੜੀ ਸਾਹਮਣੇ ਆਈ ਸੀ।

ਵਧ ਰਹੀਆਂ ਘਟਨਾਵਾਂ ਤੋਂ ਬਾਅਦ ਪੀਲ੍ਹ ਪੁਲੀਸ ਦੇ ਕਮਰਸ਼ੀਅਲ ਆਟੋ ਕ੍ਰਾਈਮ ਬਿਊਰੋ ਨੇ ''ਪ੍ਰੋਜੈਕਟ ਟੇਲ ਲਾਈਟ'' ਨਾਮੀ ਵਿਸ਼ੇਸ਼ ਜਾਂਚ ਸ਼ੁਰੂ ਕੀਤੀ।
ਜਾਂਚ ਦੌਰਾਨ ਪੁਲੀਸ ਨੇ ਸੀ ਸੀ ਟੀ ਵੀ ਫੁਟੇਜ, ਆਟੋਮੇਟਿਡ ਲਾਇਸੈਂਸ ਪਲੇਟ ਰਿਕੋਗਨੀਸ਼ਨ ਤਕਨਾਲੋਜੀ, ਡਿਜੀਟਲ ਸਬੂਤਾਂ ਅਤੇ ਹੋਰ ਖ਼ੁਫ਼ੀਆ ਜਾਣਕਾਰੀ ਦੀ ਮਦਦ ਨਾਲ ਦੋ ਸ਼ੱਕੀਆਂ ਦੀ ਪਛਾਣ ਕੀਤੀ। ਪੁਲੀਸ ਦਾ ਦਾਅਵਾ ਹੈ ਕਿ ਦੋਵੇਂ ਮੁਲਜ਼ਮ ਯੋਜਨਾਬੱਧ ਢੰਗ ਨਾਲ ਪਾਰਕਿੰਗ ਗਰਾਜਾਂ ਵਿੱਚ ਦਾਖ਼ਲ ਹੋ ਕੇ ਵਾਹਨਾਂ ਨੂੰ ਨਿਸ਼ਾਨਾ ਬਣਾਉਂਦੇ ਸਨ ਅਤੇ ਉਨ੍ਹਾਂ ਦੀਆਂ ਸੁਰੱਖਿਆ ਪ੍ਰਣਾਲੀਆਂ ਨੂੰ ਬਾਈਪਾਸ ਕਰਨ ਲਈ ਖ਼ਾਸ ਇਲੈੱਕਟ੍ਰਾਨਿਕ ਸਾਜ਼ੋ-ਸਾਮਾਨ ਦੀ ਵਰਤੋਂ ਕਰਦੇ ਸਨ।

ਜਾਂਚ ਦੇ ਅਗਲੇ ਪੜਾਅ ਵਿੱਚ ਮਿਸੀਸਾਗਾ ਅਤੇ ਏਰਿਨ (ਓਨਟਾਰੀਓ) ਵਿੱਚ ਤਲਾਸ਼ੀ ਵਾਰੰਟ ਲਾਗੂ ਕੀਤੇ ਗਏ। ਇਨ੍ਹਾਂ ਛਾਪਿਆਂ ਦੌਰਾਨ ਪੁਲੀਸ ਨੇ ਕਈ ਮੋਬਾਈਲ ਫ਼ੋਨ, ਵਾਹਨਾਂ ਦੀਆਂ ਚਾਬੀਆਂ, ਚਾਬੀਆਂ ਨੂੰ ਪ੍ਰੋਗਰਾਮ ਕਰਨ ਵਾਲੇ ਇਲੈੱਕਟ੍ਰਾਨਿਕ ਉਪਕਰਨ, ਵਾਹਨਾਂ ਨਾਲ ਸਬੰਧਿਤ ਦਸਤਾਵੇਜ਼ ਅਤੇ 1,465 ਡਾਲਰ ਦੀ ਨਕਦੀ ਬਰਾਮਦ ਕੀਤੀ।
ਪੁਲੀਸ ਨੇ ਮਿਸੀਸਾਗਾ ਦੇ 21 ਸਾਲਾ ਪ੍ਰਿੰਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਖ਼ਿਲਾਫ਼ 22 ਦੋਸ਼ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚ ਸੱਤ ਵਾਹਨ ਚੋਰੀਆਂ, ਚੋਰੀ ਲਈ ਵਰਤੇ ਜਾਣ ਵਾਲੇ ਸੰਦ ਰੱਖਣਾ, 5,000 ਡਾਲਰ ਤੋਂ ਵੱਧ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣਾ, ਧੋਖਾਧੜੀ ਅਤੇ ਅਪਰਾਧ ਤੋਂ ਪ੍ਰਾਪਤ ਸੰਪਤੀ ਰੱਖਣ ਵਰਗੇ ਗੰਭੀਰ ਦੋਸ਼ ਸ਼ਾਮਲ ਹਨ। ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ ਬਰੈਂਪਟਨ ਦੀ ਅਦਾਲਤ ਵਿੱਚ ਜ਼ਮਾਨਤ ਸੁਣਵਾਈ ਲਈ ਪੇਸ਼ ਕੀਤਾ ਗਿਆ।
ਇਸੇ ਮਾਮਲੇ ਵਿੱਚ ਮਿਸੀਸਾਗਾ ਦੇ 23 ਸਾਲਾ ਗੁਰਜੀਤ ਸਿੰਘ ਵਿਰਕ ਖ਼ਿਲਾਫ਼ ਵੀ 22 ਦੋਸ਼ਾਂ ਸਬੰਧੀ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਪੁਲੀਸ ਨੇ ਉਸ ਨੂੰ ਖ਼ੁਦ ਅੱਗੇ ਆ ਕੇ ਨਜ਼ਦੀਕੀ ਪੁਲੀਸ ਥਾਣੇ ਵਿੱਚ ਆਤਮ ਸਮਰਪਣ ਕਰਨ ਦੀ ਅਪੀਲ ਕੀਤੀ ਹੈ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਵਿਰਕ ਮਾਮਲੇ ਦਾ ਅਹਿਮ ਸ਼ੱਕੀ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਨਾਲ ਹੋਰ ਜਾਣਕਾਰੀ ਸਾਹਮਣੇ ਆ ਸਕਦੀ ਹੈ।
ਪੁਲੀਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਗੁਰਜੀਤ ਸਿੰਘ ਵਿਰਕ ਜਾਂ ਇਸ ਮਾਮਲੇ ਨਾਲ ਸਬੰਧਿਤ ਕੋਈ ਜਾਣਕਾਰੀ ਹੋਵੇ ਤਾਂ ਉਹ ਜਾਂਚ ਅਧਿਕਾਰੀਆਂ ਨਾਲ ਸੰਪਰਕ ਕਰਨ।
ਫ਼ੋਟੋ-ਗੁਰਜੀਤ ਸਿੰਘ ਵਿਰਕ

Dailyhunt
Disclaimer: This content has not been generated, created or edited by Dailyhunt. Publisher: Punjabi Tribune