Dailyhunt Logo
  • Light mode
    Follow system
    Dark mode
    • Play Story
    • App Story

Mumbai Runway Incident: ਜਦੋਂ ਮੁੰਬਈ ਹਵਾਈ ਅੱਡੇ 'ਤੇ ਇਕੋ ਰਨਵੇਅ 'ਤੇ ਆਹਮੋ-ਸਾਹਮਣੇ ਆਏ ਜਹਾਜ਼ਾਂ ਨੇ ਮਾਰੀਆਂ ਬਰੇਕਾਂ

Air India: ਮੁੰਬਈ ਹਵਾਈ ਅੱਡੇ 'ਤੇ ਮੰਗਲਵਾਰ ਦੇਰ ਰਾਤ ਉਸ ਵੇਲੇ ਵੱਡਾ ਹਾਦਸਾ ਟਲ ਗਿਆ ਜਦੋਂ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈਸ ਦੇ ਦੋ ਹਵਾਈ ਜਹਾਜ਼ ਇੱਕੋ ਰਨਵੇਅ 'ਤੇ ਬਿਲਕੁਲ ਆਹਮੋ-ਸਾਹਮਣੇ ਆ ਗਏ। ਇਹ ਘਟਨਾ ਰਾਤ ਦੇ ਕਰੀਬ ਸਵਾ 10 ਵਜੇ ਵਾਪਰੀ। ਉਸ ਵੇਲੇ ਸਿਲੀਗੁੜੀ ਤੋਂ ਆਇਆ ਏਅਰ ਇੰਡੀਆ ਐਕਸਪ੍ਰੈਸ ਦਾ ਜਹਾਜ਼ ਲੈਂਡਿੰਗ ਤੋਂ ਬਾਅਦ ਅਜੇ ਰਨਵੇਅ ਤੋਂ ਪੂਰੀ ਤਰ੍ਹਾਂ ਹਟਿਆ ਨਹੀਂ ਸੀ ਤਾਂ ਉਸੇ ਵੇਲੇ ਦਿੱਲੀ ਜਾਣ ਵਾਲਾ ਏਅਰ ਇੰਡੀਆ ਦਾ ਵੱਡਾ ਬੋਇੰਗ ਜਹਾਜ਼ ਉਸੇ ਰਨਵੇਅ 'ਤੇ ਉਡਾਣ ਭਰਨ (ਟੇਕ-ਆਫ਼) ਲਈ ਤੇਜ਼ ਰਫ਼ਤਾਰ ਨਾਲ ਆ ਗਿਆ।

ਇਸ ਖ਼ਤਰੇ ਨੂੰ ਦੇਖਦਿਆਂ ਏਅਰ ਟ੍ਰੈਫਿਕ ਕੰਟਰੋਲਰ (ATC) ਨੇ ਤੁਰੰਤ ਚਿਤਾਵਨੀ ਜਾਰੀ ਕਰਕੇ ਨਿਰਦੇਸ਼ ਦਿੱਤੇ ਜਿਸ ਮਗਰੋਂ ਪਾਇਲਟ ਨੇ ਸੂਝ-ਬੂਝ ਦਿਖਾਉਂਦੇ ਹੋਏ ਆਖਰੀ ਪਲਾਂ 'ਤੇ ਜਹਾਜ਼ ਨੂੰ ਬਰੇਕ ਲਗਾ ਕੇ ਰੋਕ ਦਿੱਤਾ ਅਤੇ ਹਾਦਸਾ ਟਲ ਗਿਆ।

ਯਾਤਰੀਆਂ ਦੀ ਸੁਰੱਖਿਆ ਲਈ ਜਹਾਜ਼ ਦੀ ਜਾਂਚ ਸ਼ੁਰੂ

ਏਅਰ ਇੰਡੀਆ ਦੇ ਬੁਲਾਰੇ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਏਟੀਸੀ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਮੁੰਬਈ-ਦਿੱਲੀ ਉਡਾਣ ਨੂੰ ਤੁਰੰਤ ਰੋਕ ਕੇ ਜਹਾਜ਼ ਨੂੰ ਵਾਪਸ ਪਾਰਕਿੰਗ ਬੇਅ ਵਿੱਚ ਲਿਆਂਦਾ ਗਿਆ। ਹਾਲਾਂਕਿ ਕੰਪਨੀ ਵੱਲੋਂ ਦੋਵਾਂ ਜਹਾਜ਼ਾਂ ਵਿੱਚ ਸਵਾਰ ਯਾਤਰੀਆਂ ਦੀ ਸਹੀ ਗਿਣਤੀ ਬਾਰੇ ਅਜੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ।
ਨਿਯਮਾਂ ਅਨੁਸਾਰ ਅਚਾਨਕ ਲੱਗੀ ਤੇਜ਼ ਬਰੇਕ ਕਰਕੇ ਹੁਣ ਜਹਾਜ਼ ਦੀ ਤਕਨੀਕੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਸੁਰੱਖਿਆ ਦੇ ਲਿਹਾਜ਼ ਨਾਲ ਕਿਸੇ ਖ਼ਤਰੇ ਦੀ ਗੁੰਜਾਇਸ਼ ਨਾ ਰਹੇ। ਹਵਾਈ ਅੱਡੇ ‘ਤੇ ਮੌਜੂਦ ਪ੍ਰਸ਼ਾਸਨ ਨੇ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਉਣ ਲਈ ਤੁਰੰਤ ਦੂਜੇ ਜਹਾਜ਼ ਦਾ ਬਦਲਵਾਂ ਪ੍ਰਬੰਧ ਸ਼ੁਰੂ ਕਰ ਦਿੱਤਾ ਹੈ ਅਤੇ ਏਜੰਸੀਆਂ ਵੱਲੋਂ ਇਸ ਲਾਪਰਵਾਹੀ ਦੀ ਜਾਂਚ ਕੀਤੀ ਜਾ ਰਹੀ ਹੈ।

Dailyhunt
Disclaimer: This content has not been generated, created or edited by Dailyhunt. Publisher: Punjabi Tribune