ਪਿੰਡ ਮੌਜਦੀਨ ਨੇੜੇ ਕਸਾਬਾ ਮਾਈਨਰ ਵਿੱਚ ਪਿਛਲੇ ਦਿਨੀਂ ਮਿਲੀ ਨੌਜਵਾਨ ਦੀ ਲਾਸ਼ ਦੇ ਮਾਮਲੇ ਵਿੱਚ ਪੁਲੀਸ ਨੇ ਨੌਜਵਾਨ ਦੀ ਪ੍ਰੇਮਿਕਾ ਅਤੇ ਉਸ ਦਾ ਭਰਾ ਗ੍ਰਿਫ਼ਤਾਰ ਕਰ ਲਿਆ ਹੈ। 28 ਜੁਲਾਈ ਨੂੰ ਲਾਸ਼ ਮਿਲਣ ਮਗਰੋਂ ਪੁਲੀਸ ਨੇ ਅਣਪਛਾਤਿਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਸੀ।ਜਾਂਚ ਦੌਰਾਨ ਰਾਜਸਥਾਨ ਦੇ ਫੇਫਾਨਾ ਵਾਸੀ ਸੁਰੇਸ਼ ਕੁਮਾਰ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਚਚੇਰਾ ਭਰਾ ਅੰਕਿਤ 25 ਜੁਲਾਈ ਤੋਂ ਲਾਪਤਾ ਸੀ।
ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਫੋਟੋ ਦੇਖ ਕੇ ਉਸ ਨੇ ਸਿਰਸਾ ਹਸਪਤਾਲ ਪੁੱਜ ਕੇ ਲਾਸ਼ ਦੀ ਪਛਾਣ ਕੀਤੀ। ਸ਼ਿਕਾਇਤਕਰਤਾ ਅਨੁਸਾਰ ਅੰਕਿਤ ਦੇ ਸਰੀਰ ਉੱਤੇ ਸੱਟਾਂ ਦੇ ਕਈ ਨਿਸ਼ਾਨ ਸਨ। ਸ਼ਿਕਾਇਤ ਵਿੱਚ ਉਸ ਨੇ ਦੱਸਿਆ ਕਿ ਅੰਕਿਤ ਜਮਾਲ ਪਿੰਡ ਦੀ ਮਮਤਾ ਨਾਲ ਫੋਨ ਉੱਤੇ ਗੱਲ ਕਰਦਾ ਸੀ, ਜਿਸ ਕਾਰਨ ਲੜਕੀ ਦੇ ਪਰਿਵਾਰ ਨੇ ਰੰਜਿਸ਼ ਤਹਿਤ ਉਸ ਦਾ ਕਤਲ ਕਰਕੇ ਲਾਸ਼ ਨਹਿਰ ਵਿੱਚ ਸੁੱਟ ਦਿੱਤੀ। ਸਬੂਤਾਂ ਦੇ ਆਧਾਰ ਉੱਤੇ ਪੁਲੀਸ ਨੇ ਮਮਤਾ ਤੇ ਉਸ ਦੇ ਭਰਾ ਰਾਕੇਸ਼ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
