ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਦੇ 11 ਵਾਰਡਾਂ ਦੇ ਜੇਤੂ ਉਮੀਦਵਾਰਾਂ ਵਿੱਚੋਂ ਪ੍ਰਧਾਨ, ਮੀਤ ਪ੍ਰਧਾਨ ਅਤੇ ਸੀਨੀਅਰ ਮੀਤ ਪ੍ਰਧਾਨ ਦੀ ਚੋਣ ਅੱਜ ਨਗਰ ਪੰਚਾਇਤ ਦੇ ਦਫ਼ਤਰ 'ਚ ਹੋਈ। ਇਸ ਵਿੱਚ ਵਿਧਾਇਕ ਅਤੇ ਸਥਾਨਕ ਸਰਕਾਰਾਂ ਦੇ ਮੰਤਰੀ ਹਰਜੋਤ ਸਿੰਘ ਬੈਂਸ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਦੱਸਣਯੋਗ ਹੈ ਕਿ ਸ੍ਰੀ ਕੀਰਤਪੁਰ ਸਾਹਿਬ ਨਗਰ ਪੰਚਾਇਤ ਦੀ ਚੋਣ ਦੌਰਾਨ 'ਆਪ' ਦੇ ਚਾਰ ਉਮੀਦਵਾਰ ਅਤੇ ਦੋ ਆਜ਼ਾਦ ਉਮੀਦਵਾਰਾਂ ਦੇ ਸਮਰਥਨ ਨਾਲ ਛੇ ਵੋਟਾਂ ਸਨ ਜਦੋਂਕਿ ਇੱਕ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦਾ ਅਤੇ 4 ਆਜ਼ਾਦ ਉਮੀਦਵਾਰਾਂ ਨੇ ਵੀ ਵੋਟ ਪਾਈ।
ਪ੍ਰਧਾਨ ਦੀ ਚੋਣ ਲਈ ਵਾਰਡ ਨੰਬਰ 9 ਤੋਂ ਗੁਰਮੀਤ ਸਿੰਘ ਟੀਨਾ ਛੇ ਵੋਟਾਂ ਲੈ ਕੇ ਪ੍ਰਧਾਨ ਚੁਣੇ ਗਏ। ਇਸੇ ਤਰ੍ਹਾਂ ਵਾਰਡ ਨੰਬਰ 10 ਤੋਂ ਹਰਪਿੰਦਰ ਕੌਰ ਛੇ ਵੋਟਾਂ ਨਾਲ ਮੀਤ ਪ੍ਰਧਾਨ ਚੁਣੇ ਗਏ। ਵਾਰਡ ਨੰਬਰ ਇੱਕ ਤੋਂ ਗੁਰਨਾਮ ਸਿੰਘ ਨੂੰ ਸੱਤ ਵੋਟਾਂ ਨਾਲ ਸੀਨੀਅਰ ਮੀਤ ਪ੍ਰਧਾਨ ਚੁਣੇ ਗਏ। ਮੰਤਰੀ ਬੈਂਸ ਨੇ ਪ੍ਰਧਾਨ ਅਤੇ ਮੀਤ ਪ੍ਰਧਾਨ ਨੂੰ ਵਧਾਈਆਂ ਦਿੱਤੀਆਂ ਅਤੇ ਸ਼ਹਿਰ ਦੇ ਵਿਕਾਸ ਲਈ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ। ਚੋਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਸਮਰਥਕਾਂ ਨੇ ਸ਼ਹਿਰ ਵਿੱਚ ਲੱਡੂ ਵੰਡ ਕੇ ਖੁਸ਼ੀ ਮਨਾਈ।
ਇਸ ਦੌਰਾਨ ਮਾਰਕੀਟ ਕਮੇਟੀ ਦੇ ਚੇਅਰਮੈਨ ਕਮਿੱਕਰ ਸਿੰਘ ਡਾਢੀ, ਵਪਾਰ ਮੰਡਲ ਸ੍ਰੀ ਆਨੰਦਪੁਰ ਸਾਹਿਬ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ, ਗੁਰਪ੍ਰੀਤ ਸਿੰਘ ਅਰੋੜਾ, ਗਗਨਦੀਪ ਸਿੰਘ ਭਾਰਜ, ਰਜਿੰਦਰ ਸੈਣੀ, ਬਲਾਕ ਪ੍ਰਧਾਨ ਗਫੂਰ ਮੁਹੰਮਦ, ਕੁਲਵਿੰਦਰ ਕੌਸ਼ਲ, ਯੂਨਿਸ ਖ਼ਾਨ, ਤੇਜਵੀਰ ਸਿੰਘ ਜਗੀਰਦਾਰ, ਜਗਤਾਰ ਸਿੰਘ, ਜੋਗਿੰਦਰ ਸਿੰਘ ਬਿੱਟੂ, ਕਸ਼ਮੀਰ ਸਿੰਘ ਸੈਣੀ ਸਣੇ ਵੱਡੀ ਗਿਣਤੀ ਲੋਕ ਹਾਜ਼ਰ ਸਨ।
