Dailyhunt

ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਆ

ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਸੋਮ ਨਾਥ ਸਚਦੇਵਾ ਦੀ ਅਗਵਾਈ ਹੇਠ ਇੰਸਟੀਚਿਊਟ ਆਫ ਇੰਟੀਗ੍ਰੇਟਿਡ ਐਂਡ ਆਨਰਜ਼ ਸਟੱਡੀਜ਼ ਨੇ ਵਿਦਿਆਰਥੀਆਂ ਲਈ ਯੂਥ ਰੈੱਡ ਕਰਾਸ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ। ਪ੍ਰੋਗਰਾਮ ਦਾ ਆਗਾਜ਼ ਸ਼ਮ੍ਹਾ ਰੌਸ਼ਨ ਕਰਨ ਨਾਲ ਹੋਇਆ। ਸਮਾਗਮ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਇੰਸਟੀਚਿਊਟ ਆਫ ਮਾਸ ਕਮਿਊਨਿਕੇਸ਼ਨ ਐਂਡ ਮੀਡੀਆ ਟੈਕਨਾਲੋਜੀ ਦੇ ਡਾਇਰੈਕਟਰ ਮਹਾਂ ਸਿੰਘ ਪੂਨੀਆ ਨੇ ਬਤੌਰ ਮੁੱਖ ਮਹਿਮਾਨ ਕਿਹਾ ਕਿ ਅੱਜ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਨਸ਼ਾ ਨਾ ਸਿਰਫ ਵਿਅਕਤੀ ਦੀ ਸਿਹਤ ਨੂੰ ਪ੍ਰਭਾਵਿਤ ਕਰਦਾ ਹੈ, ਸਗੋਂ ਉਨ੍ਹਾਂ ਦੇ ਪਰਿਵਾਰ, ਸਮਾਜ ਤੇ ਭਵਿੱਖ ਨੂੰ ਵੀ ਪ੍ਰਭਾਵਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਨੌਜਵਾਨ ਪੀੜ੍ਹੀ ਜਾਗਰੂਕ ਹੋ ਕੇ ਨਸ਼ਿਆਂ ਤੋਂ ਦੂਰ ਰਹੇ ਤਾਂ ਇਕ ਸਿਹਤਮੰਦ ਤੇ ਮਜ਼ਬੂਤ ਸਮਾਜ ਦਾ ਨਿਰਮਾਣ ਸੰਭਵ ਹੈ। ਪੂਨੀਆ ਨੇ ਕਿਹਾ ਕਿ ਜ਼ਿੰਦਗੀ ਵਿੱਚ ਸਫਲਤਾ ਸਿਰਫ ਸਮਰਪਣ ਭਾਵਨਾ ਨਾਲ ਹੀ ਮਿਲਦੀ ਹੈ। ਉਨ੍ਹਾਂ ਨੌਜਵਾਨਾਂ ਨੂੰ ਸਲਾਹ ਦਿੱਤੀ ਕਿ ਜੇਕਰ ਉਹ ਜ਼ਿੰਦਗੀ ਵਿਚ ਅੱਗੇ ਵਧਣਾ ਚਾਹੁੰਦੇ ਹਨ ਤਾਂ ਨਾਕਾਰਤਮਕ ਵਿਚਾਰਾਂ ਤੋਂ ਬਚਣ।

ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਇਸ ਦੇ ਮਾੜੇ ਨਤੀਜਿਆਂ ਬਾਰੇ ਜਾਗਰੂਕ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਆਪਣੀ ਊਰਜਾ ਨੂੰ ਰਾਸ਼ਟਰ ਨਿਰਮਾਣ ਵਿਚ ਲਗਾਉਣਾ ਚਾਹੀਦਾ ਹੈ। ਇਸ ਮੌਕੇ ਪ੍ਰੋ. ਪੂਨਮ, ਮੰਜੂ ਨਰਵਾਲ, ਡਾ. ਅਭਿਲਾਸ਼ਾ, ਆਰਤੀ ਤੇ ਮੰਗੇਸ਼ ਮੌਜੂਦ ਸਨ।

Dailyhunt
Disclaimer: This content has not been generated, created or edited by Dailyhunt. Publisher: Punjabi Tribune