ਦ੍ਰਵਿੜ ਮੁਨੇਤੜ ਕੜਗਮ (ਡੀ ਐੱਮ ਕੇ) ਦੇ ਪ੍ਰਧਾਨ ਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ ਕੇ ਸਟਾਲਿਨ ਨੇ ਅੱਜ ਕੌਮੀ ਜਮਹੂਰੀ ਗੱਠਜੋੜ (ਐੱਨ ਡੀ ਏ) 'ਤੇ ਵਿਸ਼ਵਾਸਘਾਤ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਸ ਨੇ ਮੌਜੂਦਾ ਪੱਛਮੀ ਏਸ਼ੀਆ ਸੰਕਟ ਦੌਰਾਨ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗਾਂ (ਐੱਮ ਐੱਸ ਐੱਮ ਈ) ਦਾ ਗਲ ਘੁੱਟਿਆ ਹੈ। ਇੱਥੇ ਚੋਣ ਰੈਲੀ ਦੌਰਾਨ ਅੰਨਾ ਡੀ ਐੱਮ ਕੇ ਅਤੇ ਭਾਜਪਾ ਗੱਠਜੋੜ ਦੇ ਕਥਿਤ ਵਿਸ਼ਵਾਸਘਾਤ ਗਿਣਾਉਂਦਿਆਂ ਸਟਾਲਿਨ ਨੇ ਕਿਹਾ ਕਿ ਐੱਨ ਡੀ ਏ, ਨੀਟ ਪ੍ਰੀਖਿਆ ਨੂੰ ਰੱਦ ਕਰਨ ਵਿੱਚ ਨਾਕਾਮ ਰਿਹਾ ਅਤੇ ਨਾਗਰਿਕਤਾ ਸੋਧ ਕਾਨੂੰਨ (ਸੀ ਏ ਏ), ਤਿੰਨ ਖੇਤੀ ਸੁਧਾਰ ਕਾਨੂੰਨ, ਜੋ ਬਾਅਦ ਵਿੱਚ ਰੱਦ ਕਰ ਦਿੱਤੇ ਗਏ, ਲਿਆਉਣੇ ਲੋਕਾਂ ਦੇ ਖ਼ਿਲਾਫ਼ ਸਨ।
ਉਨ੍ਹਾਂ ਦੋਸ਼ ਲਾਇਆ ਕਿ ਅੰਨਾ ਡੀ ਐੱਮ ਕੇ ਦੇ ਮੁਖੀ ਈ ਕੇ ਪਲਾਨੀਸਵਾਮੀ ਕੋਲ 2017-21 ਦੌਰਾਨ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਵਜੋਂ ਗਿਣਾਉਣ ਲਈ ਕੁਝ ਵੀ ਨਹੀਂ ਹੈ ਅਤੇ ਨਾ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ, ਜੋ ਤਾਮਿਲਨਾਡੂ ਵਿੱਚ ਸਿਰਫ਼ ਚੋਣ ਦੌਰੇ 'ਤੇ ਆਉਂਦੇ ਹਨ।
ਉਨ੍ਹਾਂ ਐੱਨ ਡੀ ਏ 'ਤੇ ਵਿਸ਼ਵਾਸਘਾਤ ਦਾ ਦੋਸ਼ ਲਾਉਂਦਿਆਂ ਕਿਹਾ, ''ਐੱਨ ਡੀ ਏ ਅਮਰੀਕੀ ਟੈਰਿਫ ਦੇ ਮਾਮਲੇ ਵਿੱਚ ਦਸਤਕਾਰਾਂ ਦੀ ਰੱਖਿਆ ਕਰਨ ਵਿੱਚ ਨਾਕਾਮ ਰਿਹਾ ਅਤੇ ਪੱਛਮੀ ਏਸ਼ੀਆ ਸੰਕਟ ਦੌਰਾਨ ਉਸ ਨੇ ਲਘੂ, ਸੂਖਮ ਤੇ ਦਰਮਿਆਨੇ ਉਦਯੋਗਾਂ (ਐੱਮ ਐੱਸ ਐੱਮ ਈ) ਦਾ ਗਲ ਘੁੱਟਿਆ ਹੈ।'' ਉਨ੍ਹਾਂ ਪਲਾਨੀਸਵਾਮੀ 'ਤੇ ਵਿਅੰਗ ਕੀਤਾ ਕਿ ਉਨ੍ਹਾਂ ਨੇ ਆਪਣੇ ਕਰੀਬੀ ਰਿਸ਼ਤੇਦਾਰ ਨੂੰ ਠੇਕਾ ਦੇ ਦਿੱਤਾ। ਸਟਾਲਿਨ ਨੇ ਟੀ ਟੀ ਵੀ ਦਿਨਾਕਰਨ, ਅੰਬੂਮਣੀ ਰਾਮਦਾਸ ਅਤੇ ਅੰਨਾ ਡੀ ਐੱਮ ਕੇ ਦੇ ਹੋਰ ਆਗੂਆਂ ਦਾ ਸਿੱਧੇ ਤੌਰ 'ਤੇ ਨਾਮ ਲਏ ਬਿਨਾਂ ਉਨ੍ਹਾਂ 'ਤੇ ਭ੍ਰਿਸ਼ਟ ਦੇ ਦੋਸ਼ ਲਾਏ। ਸਟਾਲਿਨ ਨੇ ਐੱਨ ਡੀ ਏ ਦੇ 'ਡਬਲ ਇੰਜਣ' ਵਾਲੇ ਨਾਅਰੇ ਦਾ ਮਜ਼ਾਕ ਉਡਾਉਂਦਿਆਂ ਇਸ ਨੂੰ 'ਡੱਬਾ ਇੰਜਣ' ਕਰਾਰ ਦਿੱਤਾ।
